International Punjabi mother tongue
ਲੁਧਿਆਣਾ (ਸੁਖਦੀਪ ਸਿੰਘ ਗਿੱਲ )ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਗਿੱਲ ਪਾਰਕ , ਲੁਧਿਆਣਾ, ਦੀ ਲਾਇਬ੍ਰੇਰੀ ਵਿਖੇ ਅੰਤਰਰਾਸ਼ਟਰੀ ਪੰਜਾਬੀ ਮਾਤ ਭਾਸ਼ਾ ਦਿਹਾੜੇ ਦੇ ਮੌਕੇ ਪੰਜਾਬੀ ਮਾਂ ਬੋਲੀ ਦੀ ਮਹੱਤਤਾ ਉੱਤੇ ਆਧਾਰਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਡਾ.ਸਰੋਜ ਬਾਲਾ, ਸਾਬਕਾ ਪ੍ਰਿੰਸੀਪਲ, ਗੁਰੂ ਹਰਕ੍ਰਿਸ਼ਨ ਗਰਲਜ਼ ਕਾਲਜ, ਫੱਲੇਵਾਲ ਖੁਰਦ, ਜਿੰਨਾਂ ਦੀਆਂ 11 ਦੇ ਕਰੀਬ ਕਿਤਾਬਾਂ ਵੀ ਛੱਪ ਚੁੱਕੀਆਂ ਹਨ,ਨੇ ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਵੱਲੋਂ ਪੰਜਾਬੀ ਮਾਂ ਬੋਲੀ ਦੀ ਇਤਿਹਾਸਿਕ ਮਹੱਤਤਾ ਬਾਰੇ ਚਾਨਣਾ ਪਾਉਂਦੇ ਹੋਏ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਦਿਲੋਂ ਜੁੜਨ ਲਈ ਪ੍ਰੇਰਿਤ ਵੀ ਕੀਤਾ ਗਿਆ। ਪ੍ਰੋਗਰਾਮ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਵੀ ਵੱਧ ਚੜ ਕੇ ਭਾਗ ਲਿਆ ਗਿਆ।ਇਸ ਮੌਕੇ ਵਿਦਿਆਰਥੀਆਂ ਵੱਲੋਂ ਕਵਿਤਾਵਾਂ ਦਾ ਗਾਇਨ ਵੀ ਕੀਤਾ ਗਿਆ।
ਡਾ.ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ, ਨੇ ਇਸ ਬਾਰੇ ਆਪਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਸਾਡੀ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਵਧਾਉਣ ਵਿਚ ਸਾਡੀ ਮਾਂ ਬੋਲੀ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸਦੇ ਨਾਲ ਨਾਲ ਉਹਨਾਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਦੀ ਮਹੱਤਤਾ ਬਾਰੇ ਨਿਰੰਤਰ ਦੱਸ ਉਸ ਨਾਲ ਛੋਟੇ ਹੁੰਦਿਆਂ ਤੋਂ ਜੋੜਨ ਦੀ ਗੱਲ ਵੀ ਕਹੀ।
ਸ਼੍ਰੀਮਤੀ.ਸੁਰਿੰਦਰ ਕੌਰ, ਕਾਲਜ ਲਾਇਬ੍ਰੇਰੀਅਨ, ਨੇ ਇਸ ਮੌਕੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਲਾਇਬ੍ਰੇਰੀ ਸਟਾਫ ਦਾ ਧੰਨਵਾਦ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਕਿਤਾਬਾਂ ਨਾਲ ਜੁੜਨ ਦਾ ਸੁਨੇਹਾ ਵੀ ਦਿੱਤਾ। ਇਸ ਮੌਕੇ ਸ.ਇੰਦਰਪਾਲ ਸਿੰਘ, ਡਾਇਰੈਕਟਰ, ਐਨ.ਐੱਸ.ਈ.ਟੀ, ਅਤੇ ਸ.ਰਜਿੰਦਰ ਸਿੰਘ, ਫਾਈਨਟੋਨ ਮਿਊਜ਼ਿਕ ਕੰਪਨੀ, ਵੀ ਉਚੇਚੇ ਤੌਰ ਉੱਤੇ ਪ੍ਰੋਗਰਾਮ ਵਿਚ ਹਾਜ਼ਰ ਰਹੇ।
International Punjabi mother tongue