ਸਵੀਪ ਗਤੀਵਿਧੀਆਂ ਦੀ ਲੜੀ ਤਹਿਤ ਆਈ.ਐਸ.ਐਫ. ਕਾਲਜ ਵਿੱਚ ਪ੍ਰੋਗਰਾਮ ਦਾ ਆਯੋਜਨ

ਮੋਗਾ, 26 ਮਾਰਚ:
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸਵੀਪ ਨੋਡਲ-ਕਮ-ਸਹਾਇਕ ਕਮਿਸ਼ਨਰ(ਜ਼) ਸ੍ਰੀਮਤੀ ਸ਼ੁਭੀ ਆਂਗਰਾ ਦੀ ਅਗਵਾਈ ਹੇਠ ਸਮੁੱਚੀ ਜ਼ਿਲ੍ਹਾ ਸਵੀਪ ਟੀਮ ਵੱਖ-ਵੱਖ ਵਿਦਿਅਕ ਅਦਾਰਿਆਂ ਅਤੇ ਸਰਕਾਰੀ ਸੰਸਥਾਵਾਂ ਵਿਚ ਸਵੀਪ ਗਤੀਵਿਧੀਆਂ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਲੋਕਾਂ ਵਿੱਚ ਵੋਟ ਪਾਉਣ ਅਤੇ ਇਸਦੀ ਬਿਨ੍ਹਾਂ ਕਿਸੇ ਲਾਲਚ, ਡਰ ਤੋਂ ਵਰਤੋਂ ਕਰਨ ਲਈ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਇਸਦੀ ਲਗਾਤਾਰਤਾ ਵਿੱਚ ਅੱਜ ਆਈ.ਐਸ.ਐਫ. ਕਾਲਜ ਮੋਗਾ ਵਿਖੇ ਸਵੀਪ ਸਬੰਧੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਦੱਸਿਆ ਗਿਆ ਕਿ 01 ਅਪ੍ਰੈਲ, 2024 ਨੂੰ 18 ਸਾਲ ਜਾਂ ਉਸ ਤੋਂ ਉੱਪਰਲੀ ਉਮਰ ਵਾਲੇ ਵਿਅਕਤੀ ਆਪਣੀ ਵੋਟ ਜਰੂਰ ਬਣਵਾ ਲੈਣ। ਇਸ ਪ੍ਰੋਗਰਾਮ ਵਿੱਚ ਵੋਟ ਬਣਾਉਣ ਵਿੱਚ ਮੱਦਦਗਾਰ ਐਪ ਵੋਟਰ ਹੈਲਪਲਾਈਨ ਐਪ, ਵੈਬਸਾਈਟ, ਸਕਸ਼ਮ ਐਪ ਆਦਿ ਬਾਰੇ ਵਿਸਥਾਰ ਨਾਲ ਦੱਸਿਆ ਗਿਆ।ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਦਿਆਂਗ ਵਿਅਕਤੀਆਂ, ਬਿਰਧ ਵੋਟਰਾਂ ਆਦਿ ਲੋੜਵੰਦ ਵਿਅਕਤੀਆਂ ਨੂੰ ਪੋਲਿੰਗ ਬੂਥਾਂ ਉੱਪਰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਕਿ ਉਹ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ। ਇਨ੍ਹਾਂ ਸਵੀਪ ਗਤੀਵਿਧੀਆਂ ਵਿੱਚ ਵੋਟ ਦੇ ਅਧਿਕਾਰ ਨੂੰ ਲਾਜ਼ਮੀ ਤੌਰ ਤੇ ਵਰਤਣ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ।  
ਇਸ ਮੌਕੇ ਮੋਗਾ ਦੇ ਸਵੀਪ ਨੋਡਲ ਅਫ਼ਸਰ ਅਮਨਦੀਪ ਗੋਸਵਾਮੀ, ਜ਼ਿਲ੍ਹਾ ਆਈਕਨ ਅਨਮੋਲ ਸ਼ਰਮਾ ਅਤੇ ਕਾਲਜ਼ ਦੀ ਸਵੀਪ ਟੀਮ ਸ਼ਾਮਲ ਸਨ।