ਫਾਜ਼ਿਲਕਾ 7 ਜੁਲਾਈ 2024
ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਦੇ ਯਤਨਾ ਤੇ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਰੜ ਖੇੜਾ ਵਿਖ਼ੇ ਸਾਇੰਸ ਗਰੁੱਪ ਦੀ ਪ੍ਰਵਾਨਗੀ ਮਿਲੀ ਹੈ, ਇਹ ਖਬਰ ਸੁਣਦਿਆਂ ਹੀ ਪਿੰਡ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ।
ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਸਿਰਤੋੜ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਸਿੱਖਿਆ ਪੱਖੋਂ ਕਿਸੇ ਵੀ ਤਰ੍ਹਾਂ ਵਾਂਝੇ ਨਾ ਰਹਿ ਜਾਣ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡ ਝੁਰੜ ਖੇੜਾ ਦੇ ਸਰਕਾਰੀ ਸਕੂਲ ਨੂੰ ਪੰਜਾਬ ਸਰਕਾਰ ਵੱਲੋਂ ਜੋ ਸਾਇੰਸ ਗਰੁੱਪ ਦੀ ਪ੍ਰਵਾਨਗੀ ਦਿਤੀ ਗਈ ਹੈ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਝੁਰੜ ਖੇੜਾ, ਪੱਟੀ ਸਦੀਕ ਅਤੇ ਆਸ ਪਾਸ ਦੇ ਪਿੰਡਾਂ ਦੇ ਬੱਚੇ ਪੜ੍ਹਨ ਲਈ ਬਾਹਰ ਜਾਂਦੇ ਸਨ ਤੇ ਪਿੰਡ ਝੁਰੜ ਖੇੜਾ ਦੇ ਸਰਕਾਰੀ ਸਕੂਲ ਵਿੱਚ ਬੱਚੇ ਸਾਇੰਸ ਦੀ ਪੜ੍ਹਾਈ ਕਰਕੇ ਆਪਣਾ ਭਵਿੱਖ ਉਜਵਲ ਭਵਿੱਖ ਬਣਾ ਸਕਣਗੇ, ਇਸ ਤਰ੍ਹਾਂ ਨਾਲ ਜਿੱਥੇ ਬੱਚਿਆਂ ਨੂੰ ਪੜ੍ਹਾਈ ਕਰਨ ਵਿੱਚ ਸੋਖ ਮਿਲੇਗੀ ਉੱਥੇ ਹੀ ਉਨ੍ਹਾਂ ਦੇ ਆਉਣ ਜਾਣ ਦੇ ਵਾਧੂ ਸਮੇਂ ਦੀ ਵੀ ਬਚਤ ਹੋਵੇਗੀ। ਉਨ੍ਹਾਂ ਦੱਸਿਆ ਕਿ ਸਾਇੰਸ ਸਟਰੀਮ ਤਹਿਤ ਬੱਚੇ ਹੁਣ ਸੈਸ਼ਨ 2024-25 ਭਾਵ ਇਸ ਸਾਲ ਤੋਂ ਦਾਖਲਾ ਲੈ ਸਕਣਗੇ। ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਨੇਪਰੇ ਚਾੜਨ ਵਿੱਚ ਪਿੰਡ ਝੁਰੜ ਖੇੜਾ ਦੇ ਸਰਪੰਚ ਸ੍ਰੀ ਸੁਭਾਸ਼ ਬਿਸ਼ਨੋਈ, ਪਿੰਡ ਦੀ ਪੰਚਾਇਤ, ਸਕੂਲ ਦੇ ਪ੍ਰਿੰਸੀਪਲ ਸ੍ਰੀ ਕਸ਼ਮੀਰ ਲਾਲ ਅਤੇ ਸਮੂਹ ਸਟਾਫ ਦਾ ਕਾਫੀ ਸਹਿਯੋਗ ਰਿਹਾ ਹੈ।