ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਜੁਲਾਈ:

ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ  ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦੀ ਪ੍ਰਧਾਨਗੀ ਉੱਘੇ ਗ਼ਜ਼ਲਗੋ ਸਿਰੀ ਰਾਮ ਅਰਸ਼ ਵੱਲੋਂ ਕੀਤੀ ਗਈ ਅਤੇ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਸ਼ਾਇਰ ਰਮਨ ਸੰਧੂ ਵੱਲੋਂ ਸ਼ਿਰਕਤ ਕੀਤੀ ਗਈ।

ਕਵਿਤਾ-ਪਾਠ ਲਈ ਗੁਰਨਾਮ ਕੰਵਰ, ਡਾ. ਗੁਰਪ੍ਰੀਤ ਸਿੰਘ, ਨੀਲਮ ਨਾਰੰਗ, ਸੁਰਜੀਤ ਸੁਮਨ, ਮਨਜੀਤ ਕੌਰ ਮੁਹਾਲੀ, ਗੁਰਚਰਨ ਸਿੰਘ, ਜਸਵਿੰਦਰ ਸਿੰਘ ਕਾਈਨੌਰ, ਦਿਲਪ੍ਰੀਤ, ਪਰਮਜੀਤ ਪਰਮ, ਮਨਜੀਤਪਾਲ ਸਿੰਘ, ਜਸਪ੍ਰੀਤ ਬਾਵਾ, ਦਰਸ਼ਨ ਤਿਊਣਾ ਵੱਲੋਂ ਸ਼ਮੂਲੀਅਤ ਕੀਤੀ ਗਈ। ਸਮਾਗਮ ਦੇ ਆਰੰਭ ਵਿਚ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਮੁੱਖ ਮਹਿਮਾਨਾਂ, ਕਵੀਆਂ ਅਤੇ ਪਤਵੰਤੇ ਸੱਜਣਾਂ ਨੂੰ‘ਜੀ ਆਇਆਂ ਨੂੰ’ ਕਹਿੰਦਿਆਂ ਕਵੀ ਦਰਬਾਰ ਦੇ ਮਨੋਰਥ ਬਾਰੇ ਜਾਣੂ ਕਰਵਾਇਆ ਗਿਆ। ਉਪਰੰਤ ਸਮੂਹ ਹਾਜ਼ਰੀਨ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।

ਸਿਰੀ ਰਾਮ ਅਰਸ਼ ਵੱਲੋਂ ਪ੍ਰਧਾਨਗੀ ਭਾਸ਼ਣ ਵਿਚ ਸ੍ਰੋਤਿਆਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਸਾਨੂੰ ਆਪਣੇ ਸੁਖ਼ਨਵਰਾਂ ਨੂੰ ਭੁੱਲਣਾ ਨਹੀਂ ਚਾਹੀਦਾ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਹਾਲੀ ਵੱਲੋਂ ਪੰਜਾਬੀ ਜ਼ੁਬਾਨ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕਰਨਾ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਕਈ ਖ਼ੂਬਸੂਰਤ ਸ਼ੇਅਰ ਵੀ ਸ੍ਰੋਤਿਆਂ ਨਾਲ ਸਾਂਝੇ ਕੀਤੇ ਗਏ। ਵਿਸ਼ੇਸ਼ ਮਹਿਮਾਨ ਰਮਨ ਸੰਧੂ ਵੱਲੋਂ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਯਾਦ ਕਰਦੇ ਹੋਏ ਆਪਣੀਆਂ ਰਚਨਾਵਾਂ ‘ਮੇਰੀ ਚੁੱਪ ਤੋਂ ਖ਼ਫਾ ਹੋ ਕੇ ਉਹ ਮੈਨੂੰ ਝਿੜਕ ਜਾਂਦਾ ਹੈ’ ਅਤੇ ‘ਹਮੇਸ਼ਾ ਕਸ਼ਮਕਸ਼ ਨੂੰ ਨਾਲ਼ ਆਪਣੇ ਤੋਰ ਲੈਂਦਾ ਹਾਂ’ ਸ੍ਰੋਤਿਆਂ ਨਾਲ਼ ਸਾਂਝੀਆਂ ਕੀਤੀਆਂ ਗਈਆਂ।

ਸਮੂਹ ਅਦੀਬਾਂ ਵੱਲੋਂ ਆਪਣੀਆਂ ਲਿਖ਼ਤਾਂ ਦੇ ਨਾਲ਼-ਨਾਲ਼ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਗਈਆਂ। ਇਸ ਮੌਕੇ ਨੀਲਮ ਨਾਰੰਗ ਵੱਲੋਂ ‘ਆਟਾ ਗੁੰਨਦੇ ਹੋਏ’, ਗੁਰਨਾਮ ਕੰਵਰ ਵੱਲੋਂ ‘ਕਵਿਤਾ ਵਿੱਚੋਂ ਪਤਾ ਲੱਗਦਾ ਕਵੀ ਦੀ ਨਜ਼ਾਕਤ ਦਾ’, ਡਾ. ਗੁਰਪ੍ਰੀਤ ਸਿੰਘ ਵੱਲੋਂ ‘ਉਂਝ ਤਾਂ ਘਰ ਬਣਾਵਣ ਖ਼ਾਤਰ ਕੀ ਤੋਂ ਕੀ ਨਹੀਂ ਕਰਦਾ ਬੰਦਾ’ ਅਤੇ ‘ਸ਼ਾਇਰ ਕੁਝ ਵੀ ਕਹਿ ਸਕਦਾ ਹੈ’, ਸੁਰਜੀਤ ਸੁਮਨ ਵੱਲੋਂ ‘ਮਨੀਂ ਜੇ ਜੰਮੀਆਂ ਕਾਈਆਂ ਹੋਵਣ’, ਮਨਜੀਤ ਕੌਰ ਮੁਹਾਲੀ ਵੱਲੋਂ ‘ਯਾਰਾਂ ਨਾਲ ਬਹਾਰਾਂ ਹੋਵਣ’, ਗੁਰਚਰਨ ਸਿੰਘ ਵੱਲੋਂ ‘ਉੱਚਾ ਉੱਡ ਕੇ ਵੀ ਕਦ ਕੋਈ ਉੱਚਾ ਹੋਇਆ’, ਜਸਵਿੰਦਰ ਸਿੰਘ ਕਾਈਨੌਰ ਵੱਲੋਂ ‘ਦੇਸ਼ ਮੇਰੇ ਦੇ ਤਿੰਨ ਨਾਮ’, ਪਰਮਜੀਤ ਪਰਮ ਵੱਲੋਂ ‘ਕੀ ਰੱਖਿਆ ਜਾਵੇ ਨਾਂ’, ਮਨਜੀਤਪਾਲ ਸਿੰਘ ਵੱਲੋਂ ‘ਅੱਖ ਚਾਨਣ ਦੀ ਕਿੰਝ ਨਾ ਭਰਦੀ’, ਜਸਪ੍ਰੀਤ ਬਾਵਾ ਵੱਲੋਂ ‘ਕਿੱਥੇ ਚਲੇ ਜਾਂਦੇ ਨੇ ਉਹ ਲੋਕ’, ਦਰਸ਼ਨ ਤਿਊਣਾ ਵੱਲੋਂ ‘ਵਿਚ ਪਰਦੇਸਾਂ ਕੱਲਿਆਂ ਰਹਿਣਾ’ ਅਤੇ ਦਿਲਪ੍ਰੀਤ ਵੱਲੋਂ ‘ਮੈਂ ਕੋਈ ਵੀ ਧਰਮ ਨਹੀਂ ਚਾਹੁੰਦੀ’ ਕਵਿਤਾਵਾਂ ਦੁਆਰਾ ਮਨੁੱਖੀ ਰਿਸ਼ਤਿਆਂ ਦੇ ਤਾਣੇ-ਬਾਣੇ ਬਾਰੇ ਗੱਲ ਕੀਤੀ ਗਈ। ਇਸ ਮੌਕੇ ਧਿਆਨ ਸਿੰਘ ਕਾਹਲੋਂ, ਵਰਿੰਦਰ ਸਿੰਘ ਚੱਠਾ, ਪ੍ਰੋ. ਗੁਰਜੋਧ ਕੌਰ ਅਤੇ ਜਗਤਾਰ ਸਿੰਘ ਜੋਗ ਵੱਲੋਂ ਵੀ ਆਪਣੀਆਂ ਰਚਨਾਵਾਂ ਨਾਲ਼ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਕਵੀ ਦਰਾਬਾਰ ਮੌਕੇ ਗਰਿਮਾ ਕੁਮਾਰੀ, ਗੁਰਸੇਵਕ ਸਿੰਘ, ਤੇਜਿੰਦਰਪਾਲ ਕੌਰ, ਨਿਮਰਤਾਜੀਤ ਕੌਰ, ਦਲਵੀਰ ਸਿੰਘ, ਕਰਮਨਦੀਪ ਕੌਰ, ਪੱਲਵੀ ਭਾਰਦਵਾਜ, ਪ੍ਰਿਯੰਕਾ ਸੈਣੀ, ਸੁਖਵਿੰਦਰ ਸਿੰਘ, ਲਖਵਿੰਦਰ ਸਿੰਘ, ਜਪਨੀਤ ਕੌਰ ਅਤੇ ਮਨਜੀਤ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਮੁੱਖ ਮਹਿਮਾਨਾਂ ਅਤੇ ਸਮੂਹ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਮੈਡਮ ਦਿਲਪ੍ਰੀਤ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

[wpadcenter_ad id='4448' align='none']