ਕਿਸਾਨ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਇਨ ਨਾਲ ਹੀ ਕਰਨ ਝੋਨੇ/ਬਾਸਮਤੀ ਦੀ ਵਾਢੀ : ਮੁੱਖ ਖੇਤੀਬਾੜੀ ਅਫ਼ਸਰ

ਸ੍ਰੀ ਮੁਕਤਸਰ ਸਾਹਿਬ, 09 ਅਕਤੂਬਰ

               ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ ਡਾ. ਗੁਰਨਾਮ ਸਿੰਘ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਪੀਲ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਕਿਸਾਨ ਝੋਨੇ/ਬਾਸਮਤੀ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਕਰਨ ਲਈ ਫਸਲ ਦੀ ਕਟਾਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੇ ਯੰਤਰ ਸੁਪਰ ਐੱਸ.ਐੱਮ.ਐੱਸ. ਲਗਾ ਕੇ ਹੀ ਕਰਨ ਅਤੇ ਕੰਬਾਈਨ ਮਸ਼ੀਨਾਂ ਸਵੇਰੇ 10:00 ਵਜੇ ਤੋਂ ਸ਼ਾਮ 06:00 ਵਜੇ ਤੱਕ ਹੀ ਝੋਨੇ ਦੀ ਕਟਾਈ ਕਰਨ।

              ਉਨ੍ਹਾਂ ਦੱਸਿਆ ਕਿ ਸੁਪਰ ਐੱਸ.ਐੱਮ.ਐੱਸ. ਯੰਤਰ ਸਵੈ-ਚਲਿਤ ਕੰਬਾਇਨ ਦੇ ਪਿੱਛੇ ਫਿੱਟ ਹੁੰਦਾ ਹੈ ਅਤੇ ਵਾਕਰਾਂ ਵਿੱਚ ਹੇਠਾਂ ਡਿੱਗਣ ਵਾਲੀ ਪਰਾਲੀ ਦਾ ਇਕਸਾਰ ਕੁਤਰਾ ਕਰਕੇ ਖੇਤ ਵਿੱਚ ਖਿਲਾਰਦਾ ਹੈ। ਸੁਪਰ ਐੱਸ.ਐੱਮ.ਐੱਸ ਦੀ ਵਰਤੋਂ ਉਪਰੰਤ ਕਣਕ ਬਿਜਾਈ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸਮਾਰਟ ਸੀਡਰ, ਸੁਪਰ ਸੀਡਰ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਡੀਜ਼ਲ ਦੀ ਖਪਤ ਘੱਟ ਹੁੰਦੀ ਹੈ।

              ਉਨ੍ਹਾਂ ਕਿਹਾ ਕਿ ਸੁਪਰ ਐੱਸ.ਐੱਮ.ਐੱਸ. ਯੰਤਰ ਨੂੰ ਕੰਬਾਇਨ ’ਤੇ ਫਿੱਟ ਕਰਨ ਦੌਰਾਨ ਕੁਝ ਗੱਲਾਂ ਦਾ ਧਿਆਨ ਰੱਖਣਾ ਜਰੂਰੀ ਹੈ ਜਿਵੇਂ ਕਿ ਸੁਪਰ ਐੱਸ.ਐੱਮ.ਐੱਸ ਦੇ ਰੋਟਰ ਉੱਪਰ ਜੜੇ ਘੁੰਮਣ ਵਾਲੇ ਫਲੈਲ ਬਲੇਡ ਘਸੇ ਹੋਣ ਤਾਂ ਉਨ੍ਹਾਂ ਨੂੰ ਤਰੁੰਤ ਬਦਲਣਾ ਚਾਹੀਦਾ ਹੈ, ਸੁਪਰ ਐੱਸ.ਐੱਮ.ਐੱਸ ਦੇ ਰੋਟਰ ਨੂੰ ਡਾਇਨਿਮਿਕ ਬੈਲੈਂਸ/ਸੰਤੁਲਿਤ ਕਰਨਾ ਬਹੁਤ ਜਰੂਰੀ ਹੈ ਕਿਉਂਕਿ ਇਹ 1600 ਤੋਂ 1800 ਚੱਕਰ (RPM) ’ਤੇ ਘੁੰਮਦਾ ਹੈ ਅਤੇ ਐੱਸ.ਐੱਮ.ਐੱਸ ਯੂਨਿਟ ਨੂੰ ਕੰਬਣ ਤੋਂ ਘਟਾਉਣ ਵਾਸਤੇ ਇਸ ਨੂੰ ਕੰਬਾਇਨ ਦੀ ਚੈਸੀ ਤੋਂ ਐਂਗਲਾਂ ਪਾ ਕੇ ਲਗਾਉਣਾ ਚਾਹੀਦਾ ਹੈ।

              ਉਨ੍ਹਾਂ ਦੱਸਿਆ ਕਿ ਕਿਸਾਨ ਕਿਸੇ ਕਿਸਮ ਦੀਆਂ ਅਫਵਾਹਾਂ ਵਿੱਚ ਨਾ ਆਉਣ ਕਿ ਇਸ ਯੰਤਰ ਦੇ ਲਗਾਉਣ ਨਾਲ ਕੰਬਾਇਨ ਦਾਣੇ ਪਿੱਛੇ ਸੁੱਟਦੀ ਹੈ, ਕਿਉਂਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਸਗੋਂ ਇਸ ਵਰਤੋਂ ਕਰਕੇ ਪਰਾਲੀ ਦੀ ਸਾਂਭ ਸੰਭਾਲ ਸੁਖਾਲੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਅਤੇ ਇਸ ਦੇ ਵਾਤਾਵਰਨ ’ਤੇ ਪੈ ਰਹੇ ਮਾਰੂ ਪ੍ਰਭਾਵ ਦੇ ਕਾਰਨ ਹਵਾ (ਪ੍ਰਦੂਸ਼ਣ ਦੀ ਰੋਕਥਾਮ ਤੇ ਨਿਯੰਤਰਣ) ਐਕਟ 1981 ਦੀ ਧਾਰਾ 31 ਤਹਿਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਸ ਅਨੁਸਾਰ ਸੂਬੇ ਵਿਚ ਝੋਨਾ ਵੱਢਣ ਲਈ ਕੰਬਾਈਨ ਮਾਲਕਾਂ ਨੂੰ ਆਪਣੀਆਂ ਮਸ਼ੀਨਾਂ ’ਤੇ ਸੁਪਰ ਐੱਸ. ਐੱਮ. ਐੱਸ ਲਾਉਣਾ ਹੋਵੇਗਾ ਅਤੇ ਇਸ ਸਿਸਟਮ ਤੋਂ ਬਿਨਾਂ ਕਿਸੇ ਵੀ ਕੰਬਾਈਨ ਨੂੰ ਚੱਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

              ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਏਕੜ ਰਕਬੇ ਵਿੱਚੋਂ ਤਕਰੀਬਨ 25 ਤੋਂ 30 ਕੁਇੰਟਲ ਪਰਾਲੀ ਨਿਕਲਦੀ ਹੈ, ਜਿਸ ਨੂੰ ਸਾੜਨ ਨਾਲ ਜਰੂਰੀ ਤੱਤ ਜਿਵੇਂ ਕਿ ਨਾਈਟ੍ਰੋਜਨ 16.5 ਕਿਲੋਗ੍ਰਾਮ, ਫਾਸਫੋਰਸ 6.9 ਕਿਲੋਗ੍ਰਾਮ, ਪੋਟਾਸ਼ 75 ਕਿਲੋਗ੍ਰਾਮ, ਸਲਫਲ 3.6 ਕਿਲੋਗ੍ਰਾਮ ਅਤੇ ਜੈਵਿਕ ਕਾਰਬਨ 1200 ਕਿਲੋਗ੍ਰਾਮ ਨਸ਼ਟ ਹੋ ਜਾਂਦੇ ਹਨ। ਅਖੀਰ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਨਵੀਂਨਮ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਪ੍ਰਬੰਧਨ ਕਰੀਏ ਅਤੇ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਿੱਚ ਯੋਗਦਾਨ ਪਾਈਏ।

[wpadcenter_ad id='4448' align='none']