Kotakpura Golikand ਕੋਟਕਪੂਰਾ ਗੋਲ਼ੀ ਕਾਂਡ ‘ਚ ਨਾਮਜ਼ਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਅਗਾਊਂ ਜ਼ਮਾਨਤ ਦਾ ਬੌਂਡ ਜਮ੍ਹਾਂ ਕਰਵਾਉਣ ਲਈ ਫਰੀਦਕੋਟ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਏ। ਇਸ ਮੌਕੇ ਗੱਲ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਨੇ ਸਾਡੇ ‘ਤੇ ਝੂਠਾ ਮਾਮਲਾ ਦਰਜ ਕੀਤਾ ਹੈ ਪਰ ਸਾਨੂੰ ਮਾਣਯੋਗ ਅਦਾਲਤ ‘ਤੇ ਪੂਰਾ ਭਰੋਸਾ ਹੈ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵੀ ਬਾਦਲ ਪਰਿਵਾਰ ‘ਤੇ ਝੂਠਾ ਕੇਸ ਕੀਤਾ ਸੀ ਪਰ ਮਾਣਯੋਗ ਅਦਾਲਤ ਨੇ ਸਾਨੂੰ ਇਨਸਾਫ਼ ਦਿੱਤਾ ਸੀ। ਉਨ੍ਹਾਂ ਵਿਰੋਧੀ ਧਿਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਸੋਚਦੇ ਹਨ ਕਿ ਉਹ ਪਾਰਟੀ ਦੇ ਲੀਡਰਾਂ ਤੇ ਵਰਕਰਾਂ ‘ਤੇ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਡਰਾ ਸਕਦੇ ਹਨ ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਇਨ੍ਹਾਂ ਕੇਸਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਸਾਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ।
ਦਰਅਸਲ 24 ਫਰਵਰੀ ਨੂੰ ਏ. ਡੀ. ਜੀ. ਪੀ. ਐੱਲ. ਕੇ ਯਾਦਵ ਦੀ ਅਗਵਾਈ ਵਾਲੀ ਸਿਟ ਨੇ ਕੋਟਕਪੂਰਾ ਗੋਲ਼ੀਕਾਂਡ ਮਾਮਲੇ ‘ਚ 7 ਹਜ਼ਾਰ ਪੰਨਿਆਂ ਦੀ ਚਾਰਜਸ਼ੀਟ ਅਦਾਲਤ ‘ਚ ਦਾਇਰ ਕੀਤੀ ਸੀ, ਜਿਸ ਵਿੱਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਡੀ. ਜੀ. ਪੀ. ਸਮੇਤ ਹੋਰ ਵੀ ਕਈ ਪੁਲਸ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਮਾਣਯੋਗ ਅਦਾਲਤ ਨੇ ਸਾਰੇ ਨਾਮਜ਼ਦ ਪ੍ਰਕਾਸ਼ ਬਾਦਲ ਤੇ ਸੁਖਬੀਰ ਬਾਦਲ ਸਮੇਤ ਪੁਲਸ ਅਧਿਕਾਰੀਆਂ ਨੂੰ ਤਲਬ ਕੀਤਾ ਸੀ। Kotakpura Golikand
ਜਿਸ ਤੋਂ ਬਾਅਦ ਬਾਦਲਾਂ ਨੇ ਅਦਾਲਤ ‘ਚ ਅਗਾਊਂ ਜ਼ਮਾਨਤ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ‘ਤੇ ਬਹਿਸ ਮੁਕੰਮਲ ਕਰਦਿਆਂ ਸੁਖਬੀਰ ਬਾਦਲ ਦੀ ਜ਼ਮਾਨਤ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਪ੍ਰਕਾਸ਼ ਬਾਦਲ ਦੀ ਅਰਜ਼ੀ ਮਨਜ਼ੂਰ ਕਰ ਲਈ ਗਈ ਸੀ। ਜ਼ਮਾਨਤ ਰੱਦ ਕੀਤੇ ਜਾਣ ਤੋਂ ਬਾਅਦ ਸੁਖਬੀਰ ਬਾਦਲ ਨੇ ਹਾਈਕੋਰਟ ਦਾ ਰੁਖ ਕੀਤਾ ਸੀ ਤੇ ਪੰਜਾਬ ਹਰਿਆਣਾ ਹਾਈਕੋਰਟ ਨੇ ਬੀਤੇ ਦਿਨੀਂ ਸੁਣਵਾਈ ਕਰਦਿਆਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ 15 ਦਿਨਾਂ ‘ਚ ਜ਼ਿਲ੍ਹਾ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੇ ਚੱਲਦਿਆਂ ਅੱਜ ਉਹ ਅਦਾਲਤ ‘ਚ ਪੇਸ਼ ਹੋਏ ਹਨ। Kotakpura Golikand