ਅਮ੍ਰਿਤਸਰ 1 ਮਈ 2024 —
ਲੋਕ ਸਭਾ ਚੋਣਾਂ-2024 ਦੇ ਅਮਲ ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਦੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਵਿਸ਼ੇਸ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਅੰਮ੍ਰਤਸਰ ਦੇ ਪੁਲਿਸ ਕਮਿਸ਼ਨਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸ.ਐਸ.ਪੀ.(ਦਿਹਾਤੀ) ਸ਼੍ਰੀ ਸਤਿੰਦਰ ਸਿੰਘ ਵੀ ਮੌਜ਼ੂਦ ਸਨ।ਇਸ ਤੋਂ ਪਹਿਲਾਂ ਮੁੱਖ ਚੋਣ ਦਫ਼ਤਰ,ਪੰਜਾਬ ਵਲੋਂ ਵਰਚੁਅਲ ਮੀਟਿੰਗ ਰਾਹੀਂ ਰਾਜ ਦੇ ਸਾਰੇ ਉੱਚ ਅਧਿਆਰੀਆਂ ਨਾਲ ਚੋਣ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਮੀਟਿੰਗ ਮੌਕੇ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ, ਸੰਵੇਨਦਸ਼ੀਲ, ਅਤਿ ਸੰਵੇਨਦਸ਼ੀਲ ਪੋਲੰਿਗ ਬੂਥਾਂ,ਪੋਸਟਲ ਬੈਲਟ ਪੇਪਰਜ਼, 12 ਡੀ ਫ਼ਾਰਮਾਂ, ਸਵੀਪ ਗਤੀਵਿਧੀਆਂ, ਐਮ.ਸੀ.ਸੀ. ਅਸਲਾ ਜਮ੍ਹਾਂ ਕਰਵਾਉਣ ਸਬੰਧੀ, ਨਜ਼ਾਇਜ ਸ਼ਰਾਬ, ਨਸ਼ਾ ਤੇ ਨਕਦੀ ਆਦਿ ਦੀ ਤਸਕਰੀ ਨੂੰ ਰੋਕਣ ਲਈ ਅੰਤਰ-ਜ਼ਿਲ੍ਹੇ ਨਾਕੇ ਲਗਾਉਂਣ ਸਬੰਧੀ ਚਰਚਾ ਕੀਤੀ ਗਈ ਅਤੇ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਬਣਾਈ ਰੱਖਣ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਾਮ ਥੋਰੀ ਨੇ ਕਿਹਾ ਕਿ ਲੋਕਸਭਾ ਚੋਣਾਂ ਵਿੱਚ ਹਰ ਵਰਗ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਹਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਕੋਈ ਵੀ ਯੋਗ ਨਾਗਰਿਕ ਜਿਸਦੀ ਉਮਰ 18 ਸਾਲ ਤੋਂ ਉੱਪਰ ਹੈ,ਉਹ 4 ਮਈ ਤੱਕ ਆਪਣੀ ਵੋਟ ਬਣਵਾ ਸਕਦਾ ਹੈ।ਉਹਨਾਂ ਕਿਹਾ ਕਿ ਵੋਟ ਅਪਲਾਈ ਕਰਨ ਲਈ ਬਿਨੈਕਾਰ 06 ਨੰਬਰ ਫ਼ਾਰਮ ਭਰ ਕੇ ਸਬੰਧਤ ਬੀ. ਐਲ. ਓ. ਜਾਂ ਈ. ਆਰ. ਓ. ਦਫ਼ਤਰ ਵਿਖੇ ਜਮਾ ਕਰਵਾ ਸਕਦਾ ਹੈ। ਉਹਨਾਂ ਕਿਹਾ ਕਿ ਇਹ ਵੋਟ ਆਨਲਾਈਨ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਵੀ ਅਪਲਾਈ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਦੇ ਹੋਏ ਲੋਕ ਸਭਾ ਚੋਣਾਂ-2024 ਨੂੰ ਨਿਰਵਿਘਨ ਨੇਪਰੇ ਚਾੜ੍ਹਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਅਧਿਕਾਰੀ ਆਪਣੀ ਬਣਦੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ। ਉਨ੍ਹਾਂ ਸਮੂਹ ਐਸ.ਡੀ.ਐਮਜ਼ ਤੇ ਡੀ.ਐਸ.ਪੀਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਦਾਇਰੇ ਅੰਦਰ ਆਉਂਦੇ ਸਾਰੇ ਪੋਲਿੰਗ ਬੂਥਾਂ ਦੀ ਚੈਕਿੰਗ ਸਯੁੰਕਤ ਰੂਪ ਵਿਚ ਕਰਕੇ ਉਨ੍ਹਾਂ ਦੀ ਸੁਰੱਖਿਆ ਤੇ ਲੋੜੀਂਦੇ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ ਅਤੇ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਕਰਨਾ ਵੀ ਯਕੀਨੀ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਮੁਕੰਮਲ ਕਰਨ ਲਈ ਸਾਨੂੰ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਹਨਾਂ ਹਦਾਇਤ ਕੀਤੀ ਕਿ ਉਹ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਲਈ ਤਿਆਰ ਕੀਤਾ ਗਈਆਂ ਹਦਾਇਤਾਂ ਜ਼ਰੂਰ ਪੜ੍ਹ ਲੈਣ ਅਤੇ ਸਮੇਂ-ਸਮੇਂ ਤੇ ਆਉਣ ਵਾਲੀਆਂ ਹਦਾਇਤਾਂ ਪੜ੍ਹਦੇ ਰਹਿਣ ਤਾਂ ਜੋ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੋਣ ਤੋਂ ਬਚਿਆ ਜਾ ਸਕੇ।
ਪੁਲਿਸ ਕਮਿਸ਼ਨਰ ਸ.ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਅਮਨ-ਸ਼ਾਂਤੀ ਪੂਰਵਕ ਤਰੀਕੇ ਨਾਲ ਨੇਪੜੇ ਚਾੜਨ ਲਈ ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨ ਵਿਸ਼ੇਸ਼ ਨਾਕੇ ਲਗਾਏ ਗਏ ਹਨ ਅਤੇ ਸੰਵੇਦਨਸ਼ੀਲ ਥਾਵਾਂ, ਬੱਸ ਸਟੈਡਾਂ ਅਤੇ ਬਜ਼ਾਰਾਂ ਆਦਿ ਵਿਚ ਤਲਾਸ਼ੀ ਅਭਿਆਨ ਲਗਾਤਾਰ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਵੇਦਨਸ਼ੀਲ ਥਾਵਾਂ ਜਿੱਥੇ ਪਹਿਲਾਂ ਚੋਣਾਂ ਸਮੇਂ ਲੜਾਈ ਝਗੜੇ, ਸ਼ਰਾਬ ਅਤੇ ਪੈਸੇ ਸਬੰਧੀ ਮਾਮਲੇ ਸਾਹਮਣੇ ਆਏ ਸਨ ਉਨ੍ਹਾਂ ਉਤੇ ਜ਼ਿਲ੍ਹਾ ਪੁਲਿਸ ਅਤੇ ਸਪੈਸ਼ਲ ਟੀਮਾਂ ਵਲੋਂ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਇਲਾਕਿਆਂ ਅੰਦਰ ਨਿਰਧਾਰਤ ਸਮੇਂ ਵਿੱਚ ਜਿਨ੍ਹਾਂ ਲੋਕਾਂ ਕੋਲ ਅਪਣੇ ਲਾਇਸੈਂਸੀ ਹਥਿਆਰ ਹਨ, ਉਨ੍ਹਾਂ ਨੂੰ ਜਮ੍ਹਾਂ ਕਰਵਾਉਂਣ ਦੇ ਆਦੇਸ਼ ਦਿੱਤੇ ਗਏ ਹਨ।
ਇਸ ਮੌਕੇ ਵਧੀਕ ਜਿਲ੍ਹਾ ਚੋਣ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਜੋਤੀ ਬਾਲਾ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ਼੍ਰੀ ਨਿਕਾਸ ਕੁਮਾਰ, ਐਸ.ਡੀ.ਐਮ.ਅਜਨਾਲਾ ਸ਼੍ਰੀ ਅਰਵਿੰਦਰਪਾਲ ਸਿੰਘ,ਐਸ.ਡੀ.ਐਮ-2 ਸ਼੍ਰੀ ਲਾਲ ਵਿਸਵਾਸ ਬੈੰਸ,ਐਸ.ਡੀ.ਐਮ-1 ਸ.ਮਨਕੰਵਲ ਸਿੰਘ ਚਾਹਲ,ਐਸ.ਡੀ.ਐਮ.ਲੋਪੋਕੇ ਅਮਨਦੀਪ ਕੌਰ ਘੁਮਣ,ਐਸ.ਡੀ.ਐਮ. ਮਜੀਠਾ ਡਾ.ਹਰਨੂਰ ਕੌਰ,ਡਾ.ਰਜਤ ਉਬਰਾਏ,ਅਸਿਸਟੈਂਟ ਕਮਿਸ਼ਨਰ ਸ.ਸੁਰਿੰਦਰ ਸਿੰਘ,ਐਸ.ਡੀ.ਐਮ ਰਵਿੰਦਰ ਸਿੰਘ, ਸ਼੍ਰੀਮਤੀ ਗੁਰਸਿਮਰਨਜੀਤ ਕੌਰ ਚੋਣ ਤਹਿਸੀਲਦਾਰ ਸ. ਇੰਦਰਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ।