Saturday, January 18, 2025

ਓਰੀਐਂਟੇਸ਼ਨ ਪ੍ਰੋਗਰਾਮ ਪਿੱਛੋਂ ਵਿਧਾਇਕਾਂ ਦੀ ਕਾਰਗੁਜ਼ਾਰੀ ਵਿੱਚ ਆਵੇਗਾ ਸੁਧਾਰ: ਕੁਲਤਾਰ ਸਿੰਘ ਸੰਧਵਾਂ

Date:

ਓਰੀਐਂਟੇਸ਼ਨ ਪ੍ਰੋਗਰਾਮ ਪਿੱਛੋਂ ਵਿਧਾਇਕਾਂ ਦੀ ਕਾਰਗੁਜ਼ਾਰੀ ਵਿੱਚ ਆਵੇਗਾ ਸੁਧਾਰ: ਕੁਲਤਾਰ ਸਿੰਘ ਸੰਧਵਾਂ

ਨਿਯਮਾਂ ਦਾ ਜਾਣੂ ਤੇ ਸਾਕਾਰਾਤਮਕ ਰਵੱਈਆ ਹੀ ਵਿਧਾਇਕਾਂ ਲਈ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੂੰਜੀ: ਰਾਮ ਨਿਵਾਸ ਗੋਇਲ ਸਪੀਕਰ ਦਿੱਲੀ ਵਿਧਾਨ ਸਭਾ

ਲੋਕਾਂ ਦੇ ਮਸਲੇ ਹੱਲ ਕਰਨ ਲਈ ਵਿਧਾਨ ਸਭਾ ਸਭ ਤੋਂ ਮਜ਼ਬੂਤ ਮੰਚ: ਸਤੀਸ਼ ਮਹਾਣਾ ਸਪੀਕਰ ਉੱਤਰ ਪ੍ਰਦੇਸ਼ ਵਿਧਾਨ ਸਭਾ

ਚੰਡੀਗੜ੍ਹ, 15 ਫ਼ਰਵਰੀ:

ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਧਾਇਕਾਂ ਲਈ ਰੱਖੇ ਗਏ ਓਰੀਐਂਟੇਸ਼ਨ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਪਿੱਛੋਂ ਵਿਧਾਇਕਾਂ ਦੀ ਸ਼ਖ਼ਸੀਅਤ ਵਿੱਚ ਨਿਖਾਰ ਆਵੇਗਾ ਅਤੇ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਦੌਰਾਨ ਖ਼ਾਸਕਰ ਨਵੇਂ ਵਿਧਾਇਕਾਂ ਦੀ ਕਾਰਗੁਜ਼ਾਰੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ।

ਪੰਜਾਬ ਦੇ ਵਿਧਾਇਕਾਂ ਨੂੰ ਵਿਧਾਨਕ ਪ੍ਰਣਾਲੀ, ਇਜਲਾਸਾਂ ਤੇ ਬੈਠਕਾਂ ਦੌਰਾਨ ਅਨੁਸ਼ਾਸਨ, ਵਿਰੋਧੀ ਧਿਰ ਤੇ ਸਰਕਾਰ ਵਿਚਾਲੇ ਤਾਲਮੇਲ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਢੁਕਵੇਂ ਢੰਗ ਨਾਲ ਹੱਲ ਕੱਢਣ ਦੇ ਤੌਰ-ਤਰੀਕਿਆਂ ਬਾਰੇ ਜਾਣੂ ਕਰਾਉਣ ਲਈ ਕਰਵਾਏ ਗਏ ਓਰੀਐਂਟੇਸ਼ਨ ਪ੍ਰੋਗਰਾਮ ਦੇ ਆਖ਼ਰੀ ਦਿਨ ਸੂਬੇ ਦੇ ਵਿਧਾਇਕਾਂ ਨੂੰ ਸ. ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਮ ਨਿਵਾਸ ਗੋਇਲ, ਉਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ੍ਰੀ ਸਤੀਸ਼ ਮਹਾਣਾ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਸਣੇ ਵੱਖ-ਵੱਖ ਵਿਧਾਨਕ ਮਾਹਰਾਂ ਨੇ ਗੁਰ ਦੱਸੇ ਅਤੇ ਆਪਣੇ ਤਜਰਬੇ ਸਾਂਝੇ ਕੀਤੇ।

ਇਸ ਤੋਂ ਪਹਿਲਾਂ ਪਲੇਠੇ ਸੈਸ਼ਨ “ਸਦਨ ਵਿੱਚ ਸ਼ਿਸਟਾਚਾਰ ਅਤੇ ਅਨੁਸ਼ਾਸਨ” ਵਿਸ਼ੇ ‘ਤੇ ਬੋਲਦਿਆਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਸ੍ਰੀ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਵਿਧਾਨਕ ਨਿਯਮਾਂ ਦਾ ਪੂਰੀ ਤਰ੍ਹਾਂ ਜਾਣੂ ਹੋਣਾ ਅਤੇ ਸਾਕਾਰਾਤਮਕ ਰਵੱਈਆ ਹੀ ਵਿਧਾਇਕਾਂ ਲਈ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਦੀ ਕੂੰਜੀ ਹੈ।

ਸ੍ਰੀ ਗੋਇਲ ਨੇ ਕਿਹਾ ਕਿ ਵਿਧਾਇਕ ਸਮੇਂ ਦਾ ਪਾਬੰਦ ਹੋਵੇ। ਸੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਪਹਿਲੀ ਬੈੱਲ ਵੱਜਣ ਤੋਂ ਪਹਿਲਾਂ ਸਦਨ ਵਿੱਚ ਪਹੁੰਚਣਾ ਅਤੇ ਜਨਤਕ ਸਮਾਗਮਾਂ ਵਿੱਚ ਸਮੇਂ ਸਿਰ ਜਾਣ ਨਾਲ ਲੋਕਾਂ ਵਿੱਚ ਚੰਗਾ ਸੰਦੇਸ਼ ਜਾਂਦਾ ਹੈ। ਇਸ ਤੋਂ ਇਲਾਵਾ ਹਰ ਵਿਸ਼ੇ ‘ਤੇ ਆਪਣਾ ਗਿਆਨ ਵਧਾਉਣ ਲਈ ਵਿਧਾਇਕ ਨੂੰ ਸਦਨ ਦੀ ਸਾਰੇ ਦਿਨਾਂ ਦੀ ਕਾਰਵਾਈ ਵਿੱਚ ਲਾਜ਼ਮੀ ਤੌਰ ‘ਤੇ ਭਾਗ ਲੈਣਾ ਚਾਹੀਦਾ ਹੈ ਅਤੇ ਆਪਣੀ ਸੀਟ ‘ਤੇ ਹੀ ਬੈਠਣਾ ਚਾਹੀਦਾ ਹੈ ਤਾਂ ਜੋ ਸਦਨ ਦੀ ਕਾਰਵਾਈ ਵਿਚ ਵਿਘਨ ਨਾ ਪਵੇ।

ਉਨ੍ਹਾਂ ਕਿਹਾ ਕਿ ਤਾਰੇ ਵਾਲੇ ਪ੍ਰਸ਼ਨ ਵਿਧਾਨ ਸਭਾ ਦੀ ਜਾਨ ਹੁੰਦੇ ਹਨ ਅਤੇ ਨੌਕਰਸ਼ਾਹ ਇਨ੍ਹਾਂ ਸਵਾਲਾਂ ਤੋਂ ਡਰਦੇ ਹਨ ਕਿਉਂ ਜੋ ਉਹ ਪ੍ਰਸ਼ਨ ਵਿੱਚ ਪੁੱਛੀ ਸਮੱਸਿਆ ਦਾ ਹੱਲ ਕਰਨ ਅਤੇ ਤਾਰੇ ਵਾਲੇ ਪ੍ਰਸ਼ਨਾਂ ਤੇ ਸਪਲੀਮੈਂਟਰੀ ਪ੍ਰਸ਼ਨਾਂ ਦਾ ਸਦਨ ਵਿੱਚ ਜਵਾਬ ਦੇਣ ਦੇ ਪਾਬੰਦ ਹੁੰਦੇ ਹਨ। ਇਸ ਲਈ ਵਿਧਾਇਕ ਸਦਨ ਵਿੱਚ ਤਾਰੇ ਵਾਲੇ ਸਵਾਲ ਲਗਾਉਣ ਲਈ ਵਿਸ਼ੇ ਸਬੰਧੀ ਪੂਰੀ ਤਰ੍ਹਾਂ ਅਧਿਐਨ ਕਰਕੇ ਜਾਣ। ਇਸ ਕੰਮ ਲਈ ਵਿਧਾਨ ਸਭਾ ਲਾਇਬ੍ਰੇਰੀ ਵਿੱਚ ਰੱਖੇ ਕਮੇਟੀਆਂ ਦੇ ਪੁਰਾਣੇ ਫ਼ੈਸਲੇ ਅਤੇ ਸਦਨ ਵਿੱਚ ਹੋਈਆਂ ਬਹਿਸਾਂ ਨੂੰ ਘੋਖਿਆ ਜਾਵੇ। ਇਹ ਅਧਿਐਨ ਵਿਧਾਇਕ ਵਿੱਚ ਉਸਾਰੂ ਤਬਦੀਲੀ ਲਿਆਉਣ ਦਾ ਕਾਰਨ ਬਣਦਾ ਹੈ।

ਸੱਤਾਧਾਰੀ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਸਦਨ ਵਿੱਚ ਜ਼ਿਆਦਾ ਮਰਿਆਦਾ ਵਿੱਚ ਰਹਿਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਦਿੱਲੀ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਵਾਰ-ਵਾਰ ਸਦਨ ਵਿਚਕਾਰ (ਵੈੱਲ) ਵਿਚ ਜਾਣ ਨਾਲ ਸਮੇਂ ਦੀ ਬਰਬਾਦੀ ਹੁੰਦੀ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਹੇਠਲੇ ਪੱਧਰ ‘ਤੇ ਜ਼ਿਲ੍ਹੇ ਦੇ ਵਿਧਾਇਕ ਆਪਸ ਵਿੱਚ ਬੈਠ ਕੇ ਆਪਣੀਆਂ ਸਾਂਝੀਆਂ ਸਮੱਸਿਆਵਾਂ ਬਾਰੇ ਵਿਚਾਰ ਕਰਨ ਅਤੇ ਸਬੰਧਤ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ।

ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਸ੍ਰੀ ਸਤੀਸ਼ ਮਹਾਣਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੋਕਾਂ ਦੇ ਮਸਲੇ ਹੱਲ ਕਰਨ ਲਈ ਵਿਧਾਨ ਸਭਾ ਸਭ ਤੋਂ ਮਜ਼ਬੂਤ ਮੰਚ ਹੈ। ਇਸ ਲਈ ਵਿਧਾਇਕ ਲੋਕ ਮਸਲੇ ਹੱਲ ਕਰਨ ਲਈ ਇਸ ਦੀ ਵੱਧ ਤੋਂ ਵੱਧ ਵਰਤੋਂ ਕਰੇ।

ਸ੍ਰੀ ਮਹਾਣਾ ਨੇ ਕਿਹਾ ਕਿ ਲੋਕਾਂ ਪ੍ਰਤੀ ਸਭ ਤੋਂ ਵੱਡੀ ਜਵਾਬਦੇਹੀ ਵਿਧਾਇਕ ਦੀ ਹੁੰਦੀ ਹੈ ਅਤੇ ਹਲਕੇ ਦੇ ਵੋਟਰਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨਾ ਵਿਧਾਇਕ ਦਾ ਮੁੱਢਲਾ ਫ਼ਰਜ਼ ਹੈ। ਵਿਧਾਇਕ ਕਿਸੇ ਨੌਕਰਸ਼ਾਹ ਨਾਲੋਂ ਜ਼ਿਆਦਾ ਧਰਾਤਲ ਦੀ ਅਸਲੀਅਤ ਤੋਂ ਵਾਕਫ਼ ਹੁੰਦੇ ਹਨ। ਨੌਕਰਸ਼ਾਹ ਨੂੰ ਵਿਧਾਨਕ ਪ੍ਰਣਾਲੀ ਜ਼ਰੀਏ ਚਲਾਉਣ ਲਈ ਜ਼ਰੂਰੀ ਹੈ ਕਿ ਵਿਧਾਨ ਸਭਾ ਕਮੇਟੀਆਂ ਦੇ ਫ਼ੈਸਲਿਆਂ ਤੋਂ ਸੇਧ ਲਈ ਜਾਵੇ ਅਤੇ ਵਿਧਾਨ ਸਭਾ ਲਾਇਬ੍ਰੇਰੀ ਦੀਆਂ ਕਿਤਾਬਾਂ ਪੜ੍ਹੀਆਂ ਜਾਣ। ਉਨ੍ਹਾਂ ਕਿਹਾ ਕਿ ਵਿਧਾਇਕ ਵਜੋਂ ਸਫ਼ਲ ਹੋਣ ਲਈ ਵਿਧਾਨ ਸਭਾ ਦੀ ਰੂਲ ਬੁੱਕ ਲਗਾਤਾਰ ਪੜ੍ਹੀ ਜਾਵੇ।

ਹਰਿਆਣਾ ਦੇ ਸਪੀਕਰ ਸ੍ਰੀ ਗਿਆਨ ਚੰਦ ਗੁਪਤਾ ਨੇ ਕਿਹਾ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਲੋਕ ਨੁਮਾਇੰਦਿਆਂ ਦਾ ਫ਼ੋਨ ਨਾ ਚੁੱਕਣਾ ਵੀ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੀ ਜਵਾਬਦੇਹੀ ਹੋਰ ਵਧਾਉਣ ਲਈ ਵਿਧਾਇਕਾਂ ਨੂੰ ਵਧੇਰੇ ਪ੍ਰਭਾਵੀ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ।  

ਸੀਨੀਅਰ ਪੱਤਰਕਾਰ ਅਤੇ ਸੰਪਾਦਕ ਡਾ. ਸਵਰਾਜਬੀਰ ਸਿੰਘ ਨੇ “ਵਿਧਾਇਕ ਅਤੇ ਸਮਾਜਿਕ ਸਰੋਕਾਰ” ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਵਿਧਾਇਕ ਦਾ ਸਮਾਜ ਨਾਲ ਅਣਲਿਖਿਆ ਅਹਿਦਨਾਮਾ ਹੁੰਦਾ ਹੈ  ਕਿ ਉਹ ਲੋਕਾਂ ਨੂੰ ਜਵਾਬਦੇਹ ਹੈ। ਜਵਾਬਦੇਹੀ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਮਨੁੱਖਤਾ ਦੇ ਸ਼ੁਰੂਆਤੀ ਸਮੇਂ ਤੋਂ ਲੈ ਕੇ ਰਾਜਾਸ਼ਾਹੀ ਦੌਰ ਅਤੇ ਫਿਰ ਲੋਕਤੰਤਰ ਦੀ ਸਥਾਪਨਾ ਤੱਕ ਸੰਘਰਸ਼ ਨੂੰ ਵਿਸਥਾਰਪੂਰਵਕ ਬਿਆਨ ਕੀਤਾ।ਉਨ੍ਹਾਂ ਔਰਤਾਂ ਵੱਲੋਂ ਵੋਟ ਪਾਉਣ ਦੇ ਹੱਕ ਲਈ ਲੜੇ ਗਏ ਸੰਘਰਸ਼ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜੇ ਵਿਧਾਇਕ ਸਾਹਿਬਾਨ ਗ੍ਰਾਮ ਸਭਾਵਾਂ ਵਿੱਚ ਜਾਣਾ ਸ਼ੁਰੂ ਕਰ ਦੇਣ ਤਾਂ ਇਸ ਨਾਲ ਅਫ਼ਸਰਸ਼ਾਹੀ ਵਿੱਚ ਬਹੁਤ ਹਲਚਲ ਹੋ ਜਾਵੇਗੀ। ਉਨ੍ਹਾਂ ਵਿਧਾਇਕਾਂ ਨੂੰ ਪਾਵਨ ਸਦਨ ਵਿੱਚ ਸੱਚ ‘ਤੇ ਪਹਿਰਾ ਦੇਣ ਦਾ ਸੱਦਾ ਦਿੱਤਾ।

“ਵਿਧਾਨਪਾਲਿਕਾ ਵਿੱਚ ਕਮੇਟੀ ਪ੍ਰਣਾਲੀ-ਸੰਸਦੀ ਲੋਕਤੰਤਰ ਦੀ ਰੂਹ” ਵਿਸ਼ੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਲੋਕ ਸਭਾ ਸਕੱਤਰੇਤ ਦੇ ਡਾਇਰੈਕਟਰ ਸ੍ਰੀ ਅਰਵਿੰਦ ਸ਼ਰਮਾ ਨੇ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੀ ਕਾਰਜਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲੋਕ ਨੁਮਾਇੰਦੇ ਜੇ ਵੱਖ-ਵੱਖ ਕਮੇਟੀਆਂ ਦੀ ਰਿਪੋਰਟ ਨੂੰ ਪੜ੍ਹਨ ਤਾਂ ਉਹ ਆਪਣੇ ਲੋਕਾਂ ਦੇ ਮਸਲੇ ਵਧੀਆ ਢੰਗ ਨਾਲ ਚੁੱਕ ਸਕਦੇ ਹਨ।

ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਤੇ ਦਿੱਲੀ ਵਿਧਾਨ ਸਭਾ ਸਲਾਹਕਾਰ ਸ੍ਰੀ ਪੀ.ਡੀ.ਟੀ. ਅਚਾਰੀ ਨੇ ਕਿਹਾ ਕਿ ਜ਼ਿਆਦਾਤਰ ਮੈਂਬਰ  ਵਿਧਾਨ ਸਭਾ ਕਮੇਟੀਆਂ ਦੀਆਂ ਮੀਟਿੰਗਾਂ ਦੌਰਾਨ ਵਿਧਾਨ ਸਭਾ ਵੱਲੋਂ ਭੇਜੇ ਗੁਪਤ ਦਸਤਾਵੇਜ਼ ਨਹੀਂ ਪੜ੍ਹਦੇ ਜਿਸ ਕਾਰਨ ਕਮੇਟੀ ਦੀ ਮੀਟਿੰਗ ਵਿੱਚ ਜਿੰਨੇ ਸਵਾਲ-ਜਵਾਬ ਹੋਣੇ ਚਾਹੀਦੇ ਹਨ, ਉਹ ਨਹੀਂ ਹੋ ਪਾਉਂਦੇ। ਉਨ੍ਹਾਂ ਕਿਹਾ ਕਿ ਕਮੇਟੀਆਂ ਦੇ ਚੇਅਰਮੈਨ ਸਾਹਿਬਾਨ ਨੂੰ ਅਧਿਕਾਰੀਆਂ ਤੋਂ ਪੁੱਛਗਿੱਛ ਲਈ ਮੀਟਿੰਗ (ਐਵੀਡੈਂਸ ਮੀਟਿੰਗ) ਦੌਰਾਨ ਕੀਤੇ ਜਾਣ ਵਾਲੇ ਸਵਾਲਾਂ ਤੋਂ ਪਹਿਲਾਂ ਕਮੇਟੀ ਮੈਂਬਰਾਂ ਨਾਲ ਵਿਚਾਰ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਅਤੇ ਅਧਿਕਾਰੀਆਂ ਤੋਂ ਯੋਜਨਾਬੱਧ ਤਰੀਕੇ ਨਾਲ ਢੁਕਵੇਂ ਪ੍ਰਸ਼ਨ ਪੁੱਛਣ ਸਬੰਧੀ ਰਣਨੀਤੀ ਬਣਾਉਣੀ ਚਾਹੀਦੀ ਹੈ।

ਇਸੇ ਤਰ੍ਹਾਂ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਾਬਕਾ ਸਲਾਹਕਾਰ ਅਤੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਵਧੀਕ ਸਕੱਤਰ ਸ੍ਰੀ ਰਾਮ ਨਰਾਇਣ ਯਾਦਵ ਨੇ “21ਵੀਂ ਸਦੀ ਵਿੱਚ ਵਿਧਾਨ ਮੰਡਲ ਦੀ ਭੂਮਿਕਾ, ਵਿਧਾਇਕਾਂ ਦੇ ਵਿਸੇਸ਼ ਅਧਿਕਾਰ ਅਤੇ ਚੁਣੌਤੀਆਂ” ਵਿਸ਼ੇ ‘ਤੇ ਚਾਨਣਾ ਪਾਇਆ। ਡਿਪਟੀ ਕਮਿਸ਼ਨਰ ਤਰਨ ਤਾਰਨ ਡਾ. ਰਿਸ਼ੀ ਪਾਲ ਸਿੰਘ ਨੇ ਕੇਂਦਰੀ ਸਪਾਂਸਰਡ ਸਕੀਮ/ਮਨਰੇਗਾ ਅਤੇ ਰਾਜ ਦੀਆਂ ਸਕੀਮ ਬਾਰੇ ਵਿਚਾਰ ਸਾਂਝੇ ਕੀਤੇ।

ਸੈਸ਼ਨ ਦੌਰਾਨ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਸ. ਗੁਰਦੇਵ ਸਿੰਘ ਦੇਵ ਮਾਨ, ਸ. ਮਨਜਿੰਦਰ ਸਿੰਘ ਲਾਲਪੁਰਾ, ਸ. ਲਾਭ ਸਿੰਘ, ਸ੍ਰੀ ਰਜਨੀਸ਼ ਕੁਮਾਰ ਦਹੀਆ, ਸ. ਜਗਰੂਪ ਸਿੰਘ ਗਿੱਲ, ਸ. ਕਸ਼ਮੀਰ ਸਿੰਘ ਸੋਹਲ ਅਤੇ ਹੋਰਨਾਂ ਨੇ ਵਿਧਾਨਕ ਮਾਹਰਾਂ ਨੂੰ ਸਵਾਲ ਪੁੱਛੇ। ਓਰੀਐਂਟੇਸ਼ਨ ਪ੍ਰੋਗਰਾਮ ਦੀ ਸਮਾਪਤੀ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨਕ ਅਤੇ ਤਕਨੀਕੀ ਮਾਹਰਾਂ ਨੂੰ ਸਨਮਾਨਿਤ ਕੀਤਾ ਗਿਆ।

Share post:

Subscribe

spot_imgspot_img

Popular

More like this
Related