ਪਿਛਲੇ ਸਾਲ ਮੋਗਾ ਦੇ 206 ਕਿਸਾਨਾਂ ਨੇ 1399 ਏਕੜ ਰਕਬੇ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ


ਮੋਗਾ, 18 ਜੂਨ  
  ਪੰਜਾਬ ਸਰਕਾਰ ਵੱਲੋਂ ਦਿਨ-ਬ-ਦਿਨ ਨੀਵੇਂ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਸਥਿਰ ਕਰਨ ਜਾਂ ਉੱਚਾ ਚੁੱਕਣ ਲਈ ਗੰਭੀਰ ਰੂਪ ਨਾਲ ਯਤਨ ਕੀਤੇ ਜਾ ਰਹੇ ਹਨ।ਇਸ ਖੇਤਰ ਵਿੱਚ ਪ੍ਰਭਾਵਸ਼ਾਲੀ ਨਤੀਜੇ ਪ੍ਰਾਪਤ ਕਰਨ ਲਈ  ਜਿੱਥੇ ਸਰਕਾਰ ਵੱਲੋਂ ਇਸ ਸਾਲ ਵੱਡੀ ਗਿਣਤੀ ਵਿੱਚ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ, ਉੱਥੇ ਹੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰੋਤਸਾਹਨ ਰਾਸ਼ੀ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।
ਜ਼ਿਲ੍ਹਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ 206 ਕਿਸਾਨਾਂ ਨੇ ਆਪਣੇ 1399 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ। ਸਿੱਧੀ ਬਿਜਾਈ ਨਾਲ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ ਸਗੋਂ ਉਨ੍ਹਾਂ ਖੇਤੀ ਲਾਗਤ ਵਿੱਚ ਕਮੀ ਆਈ  ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਵਿੱਚ ਖੜੋਤ ਆਈ। 1399 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਜ਼ਿਲ੍ਹਾ ਮੋਗਾ ਦੇ 206 ਕਿਸਾਨਾਂ ਦੇ ਖਾਤਿਆਂ ਵਿੱਚ 20 ਲੱਖ 98 ਹਜ਼ਾਰ 500 ਰੁਪਏ ਪ੍ਰੋਤਸਾਹਨ ਰਾਸ਼ੀ ਵਜੋਂ ਟਰਾਂਸਫਰ ਕੀਤੇ ਗਏ ਹਨ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਉਨ੍ਹਾਂ ਤਕਨੀਕਾਂ ਵਿੱਚੋਂ ਹੈ ਜ਼ੋ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ, ਬਿਜਲੀ ਦੀ ਖਪਤ ਨੂੰ ਘਟਾਉਣ ਅਤੇ ਖੇਤੀ ਕਾਮਿਆਂ ਦੀ ਆ ਰਹੀ ਘਾਟ ਨੂੰ ਹੱਲ ਕਰਨ ਦੀ ਸਮਰੱਥਾ ਰੱਖਦੀ ਹੈ। ਕੱਦੂ ਕਰਕੇ ਲਗਾਏ ਗਏ ਝੋਨੇ ਦੇ ਮੁਕਾਬਲੇ, ਸਿੱਧੀ ਬਿਜਾਈ ਨਾਲ ਪਾਣੀ ਦੀ 15 ਤੋਂ 20 ਫੀਸਦ ਤੱਕ ਬੱਚਤ ਹੁੰਦੀ ਹੈ। ਜ਼ਮੀਨਦੋਜ਼ ਪਾਣੀ ਦਾ 10 ਤੋਂ 12 ਫੀਸਦ ਜ਼ਿਆਦਾ ਰੀਚਾਰਜ ਹੁੰਦਾ ਹੈ। ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ ਹੋਣ ਦੇ ਨਾਲ ਅਗਲੀ ਫਸਲ ਲਈ ਖੇਤ ਤਿਆਰ ਕਰਨਾ ਸੌਖਾ ਹੋ ਜਾਂਦਾ ਹੈ। ਮਜ਼ਦੂਰੀ ਦੀ ਬੱਚਤ ਹੁੰਦੀ ਹੈ ਅਤੇ ਝੋਨੇ ਨੂੰ ਬਿਮਾਰੀਆਂ ਘੱਟ ਲੱਗਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਧਰਤੀ ਹੇਠਲੇ ਅਨਮੋਲ ਕੁਦਰਤੀ ਸਰੋਤ ਨੂੰ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦਿੱਤੀ ਜਾਵੇ, ਕਿਉਂਕਿ ਜਿਸ ਤੇਜੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਹੇਠਾਂ ਹੁੰਦਾ ਜਾ ਰਿਹਾ ਹੈ, ਜੇਕਰ ਇਸ ਨੂੰ ਰੋਕਣ ਲਈ ਹੁਣ ਵੀ ਅਸੀਂ ਸੁਚੇਤ ਨਾ ਹੋਏ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।

[wpadcenter_ad id='4448' align='none']