ਕੋਹੜ ਰੋਗੀਆਂ ਨਾਲ ਕਿਸੇ ਕਿਸਮ ਦਾ ਭੇਦਭਾਵ ਨਾ ਕੀਤਾ ਜਾਵੇ : ਡਾ. ਐਰਿਕ ਐਡੀਸਨ

ਫਾਜ਼ਿਲਕਾ 01 ਫਰਵਰੀ :
ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਫਾਜ਼ਿਲਕਾ ਡਾ. ਕਵਿਤਾ ਸਿੰਘ (ਵਾਧੂ ਕਾਰਜਭਾਰ) ਦੇ ਦਿਸ਼ਾ ਨਿਰਦੇਸ਼ਾਂ ਤੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਰਿਕ ਐਡੀਸਨ (ਵਾਧੂ ਕਾਰਜਭਾਰ) ਅਤੇ ਡਾ. ਗੁਰਮੇਜ ਸਿੰਘ (ਪ੍ਰਬੰਧਕੀ ਇੰਚਾਰਜ) ਦੀ ਯੋਗ ਅਗਵਾਈ ਵਿੱਚ ਪੀਐੱਚਸੀ ਜੰਡਵਾਲਾ ਵਿਖੇ ਵਿਸ਼ਵ ਕੋਹੜ ਵਿਰੋਧੀ ਦਿਵਸ ਮੌਕੇ ਲੋਕਾਂ ਨੂੰ ਇਸ ਦਿਨ ਸਬੰਧੀ ਜਾਗਰੂਕ ਕੀਤਾ ਗਿਆ ਤੇ ਇਸ ਤੋਂ ਬਚਾਅ ਲਈ ਦੱਸਿਆ ਗਿਆ।

ਜਾਣਕਾਰੀ ਦਿੰਦਿਆਂ ਬਲਾਕ ਮਾਸ ਮੀਡੀਆ ਅਫ਼ਸਰ ਹਰਮੀਤ ਸਿੰਘ ਨੇ ਦੱਸਿਆ ਕਿ ਇਹ ਦਿਨ ਹਰ ਸਾਲ ਵਿਸ਼ਵ ਪੱਧਰ ਤੇ ਕੋਹੜ ਦੀ ਬਿਮਾਰੀ ਦੇ ਲੱਛਣਾਂ ਅਤੇ ਬਚਾਓ ਬਾਰੇ ਜਾਗਰੂਕਤਾ ਫੈਲਾਉਣ ਲਈ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਦਿਨ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਹੈ, ਜਿਨਾਂ ਨੇ ਕੋਹੜ ਦੇ ਰੋਗੀਆਂ ਦੀ ਭਲਾਈ ਲਈ ਕੰਮ ਕੀਤਾ। ਇਸ ਰੋਗ ਨੂੰ ਹੈਨਸੇਨ ਰੋਗ ਵੀ ਕਿਹਾ ਜਾਂਦਾ ਹੈ ਅਤੇ ਇਸ ਸਾਲ ਇਸ ਦਿਨ ਦਾ ਥੀਮ ਹੈ- ਐਕਟ ਨਾਓ, ਏਂਡ ਲੈਪਰੋਸੀ। ਐਸਐਮਓ ਡਾ. ਐਰਿਕ ਅਤੇ ਡਾ. ਗੁਰਮੇਜ ਸਿੰਘ ਨੇ ਦੱਸਿਆ ਕਿ ਕੁਸ਼ਟ ਰੋਗ ਦੀ ਜਾਂਚ ਅਤੇ ਇਲਾਜ ਸਰਕਾਰੀ ਸੰਸਥਾਵਾਂ ਵਿੱਚ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ। ਬਹੁ-ਔਸ਼ਧੀ ਇਲਾਜ ਪ੍ਰਣਾਲੀ ਕੁਸ਼ਟ ਰੋਗ ਦਾ ਸ਼ਰਤੀਆ ਇਲਾਜ ਹੈ। ਉਨ੍ਹਾਂ ਕਿਹਾ ਕਿ ਚਮੜੀ ਦੇ ਹਲਕੇ ਤਾਂਬੇ ਰੰਗ ਦੇ ਸੁੰਨ ਧੱਬੇ ਕੁਸ਼ਟ ਰੋਗ ਦੀ ਨਿਸ਼ਾਨੀ ਹੁੰਦੀ ਹੈ। ਇਹ ਸੁੰਨਾਪਨ ਚਮੜੀ ਦੇ ਹੇਠਾਂ ਦੀਆਂ ਨਸਾਂ ਦੀ ਖ਼ਰਾਬੀ ਕਾਰਨ ਹੁੰਦਾ ਹੈ, ਜਿਸ ਕਾਰਨ ਸ਼ਰੀਰ ਦੇ ਅੰਗ ਮੁੜ ਜਾਂਦੇ ਹਨ ਅਤੇ ਕਈ ਵਾਰੀ ਇਹ ਅੰਗ ਸੱਟ ਲੱਗਣ ਤੇ ਸ਼ਰੀਰ ਤੋਂ ਵੀ ਝੜ ਜਾਂਦੇ ਹਨ। ਸੀਐਚਓ ਵਿਨੋਦ ਕੁਮਾਰ ਤੇ ਮਲਟੀਪਰਪਜ ਹੈਲਥ ਵਰਕਰ ਸੁਧੀਰ ਕੁਮਾਰ ਨੇ ਦੱਸਿਆ ਕਿ ਅੱਖਾਂ ਵਿੱਚ ਇਹ ਬਿਮਾਰੀ ਹੋਣ ਤੇ ਅੱਖਾਂ ਪੂਰੀ ਤਰ੍ਹਾਂ ਬੰਦ ਨਹੀਂ ਹੁੰਦੀਆਂ। ਜਿਸ ਕਾਰਣ ਅੱਖਾਂ ਵਿੱਚ ਚਿੱਟਾ ਪੈ ਜਾਂਦਾ ਹੈ ਤੇ ਮਰੀਜ਼ ਦੀ ਦੇਖਣ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਹੜ ਦੇ ਮਰੀਜਾਂ ਨਾਲ ਕਿਸੇ ਤਰਾਂ ਦਾ ਭੇਦ ਭਾਵ ਨਾ ਕੀਤਾ ਜਾਵੇ, ਇਲਾਜ ਲਈ ਪ੍ਰੇਰਿਤ ਕਰਨ ਅਤੇ ਕੁਸ਼ਟ ਰੋਗ ਮੁਕਤ ਭਾਰਤ ਅਭਿਆਨ ਲਈ ਯਤਨਸ਼ੀਲ ਰਹਿਣ ਦੀ ਸਹੁੰ ਵੀ ਚੁਕਾਈ। ਇਸ ਮੌਕੇ ਸਟਾਫ ਨਰਸ (ਮੇਲ) ਬਲਵਿੰਦਰ ਕੁਮਾਰ, ਏਐਨਐਮ ਪਰਮਜੀਤ ਕੌਰ ਤੇ ਹੋਰ ਸਟਾਫ ਸਮੇਤ ਪਿੰਡ ਵਾਸੀ ਹਾਜਰ ਸਨ।

[wpadcenter_ad id='4448' align='none']