ਮੋਗਾ 11 ਮਈ:
ਮੁੱਖ ਚੋਣ ਅਫਸਰ ਪੰਜਾਬ ਸ਼੍ਰੀ ਸਿਬਿਨ ਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਅਤੇ ਸਹਾਇਕ ਕਮਿਸ਼ਨਰ-ਕਮ-ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਸ਼ੁਭੀ ਆਂਗਰਾ ਦੀ ਦੇਖ ਰੇਖ ਵਿੱਚ ਚੱਲ ਰਹੇ ਸਵੀਪ ਪ੍ਰੋਗਰਾਮ ਤਹਿਤ ਰਾਸ਼ਟਰੀ ਤਕਨਾਲੋਜੀ ਦਿਵਸ ਨੂੰ ਸਮਰਪਿਤ, ਚੋਣਾਂ ਵਿੱਚ ਤਕਨਾਲੋਜੀ ਦੀ ਵਰਤੋਂ ਸੰਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਅੱਜ ਸ਼ਹਿਰ ਦੇ ਵੱਖ ਵੱਖ ਕੋਚਿੰਗ ਸੈਂਟਰਾਂ ਵਿੱਚ ਜਿਲ੍ਹਾ ਸਵੀਪ ਟੀਮ ਨੇ ਅਲੱਗ ਅਲੱਗ ਕੋਰਸਾਂ ਅਤੇ ਨੌਕਰੀਆਂ ਲਈ ਕੋਚਿੰਗ ਲੈਂਦੇ ਵਿਦਿਆਰਥੀਆਂ ਨੂੰ ਚੋਣਾਂ ਵਿਚ ਵਰਤੀ ਜਾਣ ਵਾਲੀ ਤਕਨਾਲੋਜੀ ਬਾਰੇ ਜਾਣੂੰ ਕਰਵਾਇਆ ।
ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਗੁਰਪ੍ਰੀਤ ਸਿੰਘ ਘਾਲੀ ਨੇ ਵਿਦਿਆਰਥੀਆਂ ਨੂੰ ਭਾਰਤੀ ਚੋਣ ਕਮਿਸ਼ਨ ਦੁਆਰਾ ਦਿੱਤੇ ਐਪਸ ਬਾਰੇ ਦੱਸਦਿਆਂ ਕਿਹਾ ਕਿ ਜੇਕਰ ਉਹਨਾਂ ਵੋਟਾਂ ਬਾਰੇ ਸੰਪੂਰਨ ਜਾਣਕਾਰੀ ਲੈਣੀ ਹੈ ਤਾਂ ਵੋਟਰ ਹੈਲਪ ਲਾਈਨ ਐਪ ਆਪਣੇ ਫੋਨ ਵਿੱਚ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ । ਇਸ ਐਪ ਰਾਂਹੀ ਚੋਣਾਂ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਦੀਵਿਆਂਗ ਵੋਟਰ ਆਪਣੇ ਵੋਟ ਸੰਬੰਧੀ ਅਤੇ ਵੋਟ ਪਾਉਣ ਵਾਲੇ ਦਿਨ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹਨ ਤਾਂ ਈ ਸੀ ਆਈ ਦਾ ਸਕਸ਼ਮ ਐਪ ਡਾਊਨਲੋਡ ਕੀਤਾ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੀ ਚੋਣ ਜਾਬਤੇ ਦੀ ਉਲੰਘਣਾ ਨਜ਼ਰ ਆਉਂਦੀ ਹੈ ਤਾਂ ਇਸ ਸਬੰਧੀ ਸ਼ਿਕਾਇਤ ਕਰਨ ਲਈ ਸੀ ਵੀਜੀਲ ਐਪ ਦੀ ਵਰਤੋਂ ਕਰਨੀ ਚਾਹੀਦੀ ਹੈ । ਇਸ ਐਪ ਰਾਹੀਂ ਕੀਤੀ ਸ਼ਕਾਇਤ ਤੇ ਕਮਿਸ਼ਨ ਵੱਲੋਂ ਗਠਿਤ ਕੀਤੀਆਂ ਟੀਮਾਂ ਵੱਲੋਂ ਫੌਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ ਅਤੇ ਤੁਰੰਤ ਇਸ ਦਾ ਹੱਲ ਕੀਤਾ ਜਾਂਦਾ ਹੈ । ਵੋਟਰ ਹੈਲਪ ਲਾਈਨ ਨੰਬਰ 1950 ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ।
ਸਾਬਕਾ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਬਲਵਿੰਦਰ ਸਿੰਘ ਦੌਲਤਪੁਰਾ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਅਤੇ ਤਕਨਾਲੋਜੀ ਨਾਲ ਅੱਜ ਕੱਲ ਹੋ ਰਹੀਆਂ ਵੋਟਾਂ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਈ ਵੀ ਐਮ ਅਤੇ ਵੀ ਵੀ ਪੈਟ ਬਾਰੇ ਵਿਸਥਾਰ ਸਹਿਤ ਸਮਝਾਇਆ । ਓਹਨਾਂ ਈ ਵੀ ਐਮ ਬਾਰੇ ਕਿਹਾ ਕਿ ਇਸ ਦੁਆਰਾ ਕਰਵਾਈਆਂ ਜਾਂਦੀਆਂ ਵੋਟਾਂ ਬਿਲਕੁਲ ਸਹੀ ਤਰੀਕੇ ਨਾਲ ਹੁੰਦੀਆਂ ਨੇ ਅਤੇ ਕੋਈ ਵੀ ਕਿਸੇ ਤਰ੍ਹਾਂ ਦੀ ਹੇਰਾ ਫੇਰੀ ਦੀ ਗੁੰਜਾਇਸ਼ ਨਹੀਂ ਹੁੰਦੀ । ਫਿਰ ਵੀ ਲੋਕਾਂ ਵੱਲੋਂ ਪ੍ਰਗਟਾਏ ਖ਼ਦਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਵੱਲੋਂ ਇੱਕ ਸਪੈਸ਼ਲ ਮਸ਼ੀਨ ਵੀ ਵੀ ਪੈਟ ਵੀ ਸਾਰੀਆਂ ਈ ਵੀ ਐਮ ਨਾਲ ਲਗਾਈ ਜਾ ਰਹੀ ਹੈ ਜਿਸ ਵਿਚ ਤੁਹਾਡੇ ਵੱਲੋਂ ਪਾਈ ਵੋਟ ਨੂੰ ਦਿਖਾਇਆ ਜਾਵੇਗਾ ਜ਼ੋ ਕਿ ਇੱਕ ਪਰਚੀ ਹੋਵੇਗੀ ਜਿਸ ਉੱਪਰ ਉਸ ਉਮੀਦਵਾਰ ਦਾ ਨਾਂ ਅਤੇ ਚੋਣ ਨਿਸ਼ਾਨ ਹੋਵੇਗਾ । ਇਹ ਪਰਚੀ ਕੁਝ ਸਮੇਂ ਲਈ ਸਕਰੀਨ ਤੇ ਨਜਰ ਆਵੇਗੀ ਤੇ ਫਿਰ ਡੱਬੇ ਵਿੱਚ ਚਲੀ ਜਾਵੇਗੀ ਤਾਂ ਜ਼ੋ ਇਹਨਾਂ ਦੇ ਮਿਲਾਨ ਦੀ ਜਰੂਰਤ ਹੋਵੇ ਤਾਂ ਕੀਤਾ ਜਾ ਸਕੇ । ਇਹ ਈ ਵੀ ਐਮ ਰਾਹੀਂ ਹੋਣ ਵਾਲੀ ਚੋਣ ਨੂੰ ਹੋਰ ਵੀ ਪਾਰਦਰਸ਼ੀ ਬਣਾਉਣ ਲਈ ਇੱਕ ਨਿਵੇਕਲਾ ਕਦਮ ਹੈ ।
ਦੋਵਾਂ ਬੁਲਾਰਿਆਂ ਨੇ ਸਾਰੇ ਵਿਦਿਆਰਥੀਆਂ ਨੂੰ ਵੋਟਰ ਪ੍ਰਣ ਦਿਵਾਉਂਦੇ ਹੋਏ ਕਿਹਾ ਕਿ “ਅਸੀਂ ਸਾਰੇ 01 ਜੂਨ 2024 ਨੂੰ ਵੋਟ ਪਾਉਣ ਜਰੂਰ ਜਾਵਾਂਗੇ ਅਤੇ ਆਪਣੇ ਪਰਿਵਾਰ ਨੂੰ ਵੀ ਵੋਟ ਪਾਉਣ ਲਈ ਜਾਗਰੂਕ ਕਰਾਂਗੇ” । ਇਸ ਸਮੇਂ ਵੋਟਾਂ ਵਾਲੇ ਦਿਨ ਪੋਲਿੰਗ ਬੂਥਾਂ ਤੇ ਮਿਲਣ ਵਾਲੀਆਂ ਸਹੂਲਤਾਂ ਜਿਵੇਂ ਕਿ ਵਧੀਆ ਸ਼ਾਮਿਆਨੇ, ਠੰਡਾ ਪਾਣੀ, ਮਿੱਠੀ ਛਬੀਲ, ਬੈਠਣ ਲਈ ਕੁਰਸੀਆਂ, ਵ੍ਹੀਲ ਚੇਅਰ ਬਾਰੇ ਵੀ ਜਾਣਕਾਰੀ ਦਿੱਤੀ ਗਈ ।
ਇਸ ਸਮੇਂ ਸੰਸਥਾਵਾਂ ਦੇ ਮੁਖੀ, ਸਟਾਫ਼ ਅਤੇ ਕੋਚਿੰਗ ਲੈਣ ਆਏ ਵਿਦਿਆਰਥੀ ਸ਼ਾਮਿਲ ਸਨ ।
ਰਾਸ਼ਟਰੀ ਤਕਨੋਲੋਜੀ ਦਿਵਸ ਨੂੰ ਸਮਰਪਿਤ ਸਵੀਪ ਟੀਮ ਵੱਲੋਂ ਵੱਖ- ਵੱਖ ਸੰਸਥਾਵਾਂ ਵਿੱਚ ਵੋਟਰ ਜਾਗਰੂਕਤਾ ਸੈਮੀਨਾਰ
[wpadcenter_ad id='4448' align='none']