ਮਾਰਕਫੈੱਡ ਦੇ ਐਮ.ਡੀ. ਤੇ ਡੀ.ਸੀ. ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ

ਤਲਵੰਡੀ ਭਾਈ (ਫਿਰੋਜ਼ਪੁਰ), 24 ਅਪ੍ਰੈਲ 2024:

ਮਾਰਕਫੈੱਡ ਦੇ ਐਮ.ਡੀ. ਸ੍ਰੀ ਗਿਰੀਸ਼ ਦਿਆਲਨ ਆਈ.ਏ.ਐਸ. ਅਤੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਵੱਲੋਂ ਮੌਜੂਦਾ ਖ਼ਰੀਦ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ, ਲਿਫਟਿੰਗ, ਅਦਾਇਗੀ ਆਦਿ ਕਾਰਜਾਂ ਅਤੇ ਕਿਸਾਨਾਂ ਲਈ ਮੰਡੀਆਂ ਵਿੱਚ ਕੀਤੇ ਗਏ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਅਨਾਜ ਮੰਡੀ ਤਲਵੰਡੀ ਭਾਈ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਖਰੀਦ ਕੇਂਦਰਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਮੌਕੇ ਤੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ।

ਇਸ ਮੌਕੇ ਮਾਰਕਫੈੱਡ ਪੰਜਾਬ ਦੇ ਐਮ.ਡੀ. ਸ੍ਰੀ ਗਿਰੀਸ਼ ਦਿਆਲਨ ਨੇ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਖਰੀਦ ਪ੍ਰਬੰਧਾਂ ਸੰਬੰਧੀ ਜਾਣਕਾਰੀ ਲਈ। ਉਨ੍ਹਾਂ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲਿਫ਼ਟਿੰਗ ਦੇ ਕੰਮ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਖਰੀਦ ਸੀਜ਼ਨ ਦੌਰਾਨ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਜੇਕਰ ਕੋਈ ਵੀ ਦਿੱਕਤ ਪੇਸ਼ ਆਉਂਦੀ ਹੈ ਤਾਂ ਉਸ ਦਾ ਤੁਰੰਤ ਹੱਲ ਕੀਤਾ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਨਿਯਮਿਤ ਤੌਰ ‘ਤੇ ਖਰੀਦ ਕੇਂਦਰਾਂ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਦੇ ਵੀ ਆਦੇਸ਼ ਦਿੱਤੇ।

 ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਦੀਆਂ ਮੰਡੀਆਂ ‘ਚ ਬੀਤੀ ਸ਼ਾਮ ਤੱਕ 281703 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 260689 ਮੀਟਰਕ ਟਨ ਕਣਕ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਖ਼ਰੀਦੀ ਗਈ ਫ਼ਸਲ ਦੀ ਅਦਾਇਗੀ ਮਿੱਥੇ ਸਮੇਂ ਦੇ ਅੰਦਰ-ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 473.89 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਤਬਦੀਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਗਏ ਕੁਲ ਕਣਕ ਵਿਚੋਂ ਪਨਗ੍ਰੇਨ ਵੱਲੋਂ 76073 ਮੀਟਰਕ ਟਨ, ਮਾਰਕਫੈੱਡ ਵਲੋਂ 77086 ਮੀਟਰਕ ਟਨ, ਪਨਸਪ ਵੱਲੋਂ 67695 ਮੀਟਰਕ ਟਨ, ਪੰਜਾਬ ਰਾਜ ਗੋਦਾਮ ਨਿਗਮ ਵੱਲੋਂ 36835 ਮੀਟਰਕ ਟਨ, ਪ੍ਰਈਵੇਟ ਵਪਾਰੀਆਂ ਵੱਲੋਂ 3000 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਖ਼ਰੀਦ ਏਜੰਸੀਆਂ, ਆੜ੍ਹਤੀਆਂ, ਕਿਸਾਨਾਂ, ਮਜ਼ਦੂਰਾਂ ਦਾ ਆਪਸੀ ਤਾਲਮੇਲ ਬਣਿਆ ਹੋਇਆ ਹੈ ਅਤੇ ਖਰੀਦ, ਲਿਫ਼ਟਿੰਗ ਤੇ ਅਦਾਇਗੀ ਦਾ ਕੰਮ ਨਿਰਵਿਘਨ ਚੱਲ ਰਿਹਾ ਹੈ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਮੰਡੀ ਵਿਚ ਖਜੱਲ-ਖੁਆਰੀ ਤੋਂ ਬਚਣ ਲਈ ਫ਼ਸਲ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਲਿਆਉਣ।

ਇਸ ਮੌਕੇ ਡੀ.ਐਫ਼.ਐਸ.ਸੀ. ਰਾਜ ਰਿਸ਼ੀ ਮਹਿਰਾ, ਡੀ.ਐਮ. ਮਾਰਕਫੈੱਡ ਕਮਲਦੀਪ ਸਿੰਘ, ਡੀ.ਐਮ.ਓ. ਅਸਲਮ ਮੁਹੱਮਦ, ਡੀ.ਐਮ. ਪਨਸਪ ਮਾਨਵ ਜਿੰਦਲ, ਏ.ਐਫ.ਐਸ.ਓ. ਸ਼ਮਾ ਗੋਇਲ ਵੀ ਹਾਜ਼ਰ ਸਨ। 

[wpadcenter_ad id='4448' align='none']