ਫਾਜ਼ਿਲਕਾ 7 ਦਿਸੰਬਰ
ਡਿਪਟੀ ਕਮਿਸ਼ਨਰ ਡਾਕਟਰ ਸੈਨੁ ਦੁੱਗਲ ਵੱਲੋਂ ਮੀਜ਼ਲ ਅਤੇ ਰੁਬੇਲਾ ਦੇ ਸਬੰਧ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਇਸ ਬਿਮਾਰੀ ਦੇ ਖਾਤਮੇ ਲਈ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਅਸਰਦਾਰ ਕਰਨ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਡਬਲਯੂ.ਐੱਚ.ਓ ਤੋਂ ਸਰਵੀਲੈਂਸ ਮੈਡੀਕਲ ਅਫਸਰ ਡਾ. ਮੇਘਾ ਪ੍ਰਕਾਸ਼ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ ਮੀਜਲ ਅਤੇ ਰੁਬੇਲਾ ਦੇ ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਜ਼ਰੂਰ ਕੀਤਾ ਜਾਵੇ। ਜਿਥੇ ਪ੍ਰਵਾਸੀ ਵਸੋਂ ਦਾ ਆਉਣਾ-ਜਾਣਾ ਰਹਿੰਦਾ ਹੈ ਉਸ ਖਿੱਤੇ ਵਿਚ ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਤੇ ਨਿਯਮਿਤ ਤੌਰ `ਤੇ ਚਲਾਈਆਂ ਜਾਣ।
ਕਾਰਜਕਾਰੀ ਸਿਵਲ ਸਰਜਨ ਡਾਕਟਰ ਕਵਿਤਾ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਮੈਡੀਕਲ ਅਦਾਰਾ ਵੀ ਮੀਜਲ ਅਤੇ ਰੁਬੇਲਾ ਦੇ ਸ਼ੱਕੀ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ। ਉਨ੍ਹਾਂ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਂਗਣਵਾੜੀਆਂ ਵਿਚ ਆਉਂਦੇ ਬਚਿਆਂ ਦੇ ਟੀਕਾਕਰਨ ਸਬੰਧੀ ਸੂਚਨਾ ਸਿਹਤ ਵਿਭਾਗ ਨੂੰ ਲਾਜਮੀ ਤੌਰ *ਤੇ ਦੇਣਾ ਯਕੀਨੀ ਬਣਾਉਣ ਅਤੇ ਉਹਨਾਂ ਵਲੋ ਇਸ ਸੰਬਧੀ ਟੀਕਾਕਰਨ ਦਾ ਸਰਟੀਫਿਕੇਟ ਵੀ ਦਿੱਤਾ ਜਾਵੇ।
ਡਬਲਯੂ.ਐੱਚ.ਓ ਤੋਂ ਸਰਵੀਲੈਂਸ ਮੈਡੀਕਲ ਅਫਸਰ ਡਾ. ਮੇਘਾ ਪ੍ਰਕਾਸ਼ ਨੇ ਦੱਸਿਆ ਕਿ ਇਹ ਵੈਕਸੀਨੇਸ਼ਨ 9 ਮਹੀਨੇ ਤੋਂ ਲੈ ਕੇ 5 ਸਾਲ ਦੇ ਸਾਰੇ ਬੱਚਿਆਂ ਨੂੰ ਲਗਾਉਣੀ ਬਹੁਤ ਜ਼ਰੂਰੀ ਹੈ। ਉਨ੍ਹਾ ਦੱਸਿਆ ਕਿ ਮੀਜਲ ਰੁਬੇਲਾ (ਖਸਰਾ/ਛੋਟੀ ਮਾਤਾ) ਵਾਇਰਸ ਨਾਲ ਹੋਣ ਵਾਲਾ ਇਕ ਰੋਗ ਹੈ ਅਤੇ ਬੁਖਾਰ ਨਾਲ ਸ਼ਰੀਰ `ਤੇ ਦਾਣੇ ਪੈਣੇ ਇਸ ਦਾ ਮੁੱਖ ਲੱਛਣ ਹੈ। ਇਸ ਤੋਂ ਬਚਾਅ ਲਈ 9 ਅਤੇ 18 ਮਹੀਨੇ ਦੀ ਉਮਰ ਵਿਚ ਕ੍ਰਮਵਾਰ ਦੋ ਟੀਕੇ ਲਗਵਾਏ ਜਾਣੇ ਚਾਹੀਦੇ ਹਨ। ਪਰ ਜੇਕਰ ਕਿਸੇ ਵਿਸ਼ੇਸ਼ ਹਾਲਤ ਵਿਚ ਇਹ ਟੀਕੇ ਨਹੀਂ ਲਗੇ ਤਾਂ ਵੱਧ ਤੋਂ ਵੱਧ 5 ਸਾਲ ਦੀ ਉਮਰ ਵਿਚ ਲਗਾਏ ਜਾ ਸਕਦੇ ਹਨ। ਉਨ੍ਹਾਂ ਨਵੇਂ ਉਲੀਕੇ ਗਏ ਯੂ-ਵੀਨ ਪੋਰਟਲ ਸਬੰਧੀ ਵੀ ਜਾਣਕਾਰੀ ਸਾਂਝੀ ਕੀਤੀ ਜਿਸ ਵਿਚ ਟੀਕਾਕਰਨ ਮੁਹਿੰਮ ਦਾ ਰਿਕਾਰਡ ਆਨਲਾਈਨ ਪੋਰਟਲ *ਤੇ ਰਖਿਆ ਗਿਆ ਜਿਸ ਨਾਲ ਪਾਰਦਰਸ਼ਤਾ ਵਿਚ ਹੋਰ ਵਾਧਾ ਹੋਵੇਗਾ ਤੇ ਰਿਕਾਰਡ ਦੇ ਰੱਖ-ਰਖਾਵ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਮੁਹਿੰਮ ਅਧੀਨ ਵੱਖ-ਵੱਖ ਸਬੰਧਤ ਵਿਭਾਗਾਂ ਨੂੰ ਸਮੂਲੀਅਤ ਕੀਤਾ ਜਾਵੇਗਾ।
ਇਸ ਮੌਕੇ ਕਾਰਜਕਾਰੀ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਐਰਿਕ, ਜ਼ਿਲ੍ਹਾ ਮਹਾਮਾਰੀ ਅਫਸਰ ਡਾ. ਸੁਨੀਤਾ,ਡਾਕਟਰ ਸੁਰਜੀਤ ਕੁਮਾਰ, ਡਾਕਟਰ ਰਵੀ ਬਾਂਸਲ , ਬਿਜਲੀ ਬੋਰਡ ਤੋਂ ਐੱਸ ਡੀ ਓ ਯਾਮਿਨੀ ਕੰਬੋਜ , ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ ਕੁਮਾਰ, ਮਾਸ ਮੀਡੀਆ ਤੋਂ ਦਿਵੇਸ ਕੁਮਾਰ, ਹਰਮੀਤ ਸਿੰਘ, ਸੁਸ਼ੀਲ ਕੁਮਾਰ, ਸੁਨੀਲ ਟੰਡਲ, ਸ਼ਵੇਤਾ, ਸਮੇਤ ਵੱਖ-ਵੱਖ ਵਿਭਾਗਾਂ ਤੇ ਸਿਹਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।