ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਅਬਾਦੀ ਨਿੰਯਤਰਨ ਦੀ ਯੋਜਨਾਬੰਦੀ ਲਈ ਬੈਠਕ

 ਮੁਕਤਸਰ ਸਾਹਿਬ, 16 ਅਪ੍ਰੈਲ
                         ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਵਿਚ ਅੱਜ ਇੱਥੇ ਇੱਕ ਬੈਠਕ ਹੋਈ ਜਿਸ ਵਿਚ ਬੇਸਹਾਰਾ ਜਾਨਵਰਾਂ ਦੀ ਸੰਭਾਲ ਤੇ ਉਨ੍ਹਾਂ ਦੀ ਅਬਾਦੀ ਕੰਟਰੋਲ ਪ੍ਰੋਗਰਾਮ ਸਬੰਧੀ ਚਰਚਾ ਕੀਤੀ ਗਈ।
                 ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ, ਮਲੋਟ ਤੇ ਗਿੱਦੜਬਾਹਾ ਵਿਖੇ ਜੋ ਬੇਸਹਾਰਾ ਗਾਂਵਾਂ ਹਨ ਉਨ੍ਹਾਂ ਨੂੰ ਪਿੰਡ ਰੱਤਾ ਟਿੱਬਾ  ਵਿੱਚ ਸਥਿਤ ਸਰਕਾਰੀ ਗਊਸ਼ਾਲਾ (ਕੈਟਲਪੌਂਡ) ਵਿਚ ਭੇਜਿਆ ਜਾਵੇਗਾ।
                        ਉਨ੍ਹਾਂ ਨੇ ਜਿ਼ਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜਿਸ ਕਿਸੇ ਕੋਲ ਵੀ ਜਾਨਵਰ ਨੂੰ ਸੰਭਾਲਣ ਦੀ ਸਮਰੱਥਾ ਨਾ ਹੋਵੇ ਤਾਂ ਉਹ ਜਾਨਵਰ ਨੂੰ ਸੜਕਾਂ ਤੇ ਅਵਾਰਾ ਛੱਡਣ ਦੀ ਬਜਾਏ ਉਸ ਨੂੰ ਰੱਤਾ ਟਿੱਬਾ ਦੀ ਸਰਕਾਰੀ ਗਉ਼ਸਾਲਾ ਵਿਚ ਛੱਡ ਕੇ ਆਵੇ। ਉਨ੍ਹਾਂ ਨੇ ਕਿਹਾ ਕਿ ਬੇਸਹਾਰਾ ਜਾਨਵਰਾਂ ਕਾਰਨ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਅਤੇ ਇੰਨ੍ਹਾਂ ਨੂੰ ਰੋਕਣ ਲਈ ਜਰੂਰੀ ਹੈ ਕਿ ਇਸ ਕੰਮ ਵਿਚ ਸਮਾਜਿਕ ਭਾਗੀਦਾਰੀ ਹੋਵੇ।
                ਇਸੇ ਤਰਾਂ ਜਿ਼ਲ੍ਹੇ ਵਿਚ ਬੇਸਹਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਵੀ ਚਰਚਾ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਇਕ ਸਬ ਕਮੇਟੀ ਬਣਾਉਣ ਦੀ ਹਦਾਇਤ ਕੀਤੀ ਜਿਸ ਵਿਚ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਸ਼ਾਮਿਲ ਕੀਤਾ ਜਾਵੇਗਾ ਜੋ ਕਿ ਕੁੱਤਿਆਂ ਦੇ ਵਿਚ ਆਬਾਦੀ ਕੰਟਰੋਲ ਪ੍ਰੋਗਰਾਮ  ਲਈ ਪੂਰੀ ਯੋਜਨਾਬੰਦੀ ਤਿਆਰ ਕਰਕੇ ਪ੍ਰੋਜੈਕਟ ਰਿਪੋਰਟ ਤਿਆਰ ਕਰੇਗੀ ਅਤੇ ਫਿਰ  ਇਸ  
ਜਾਨਵਰ ਜਨਮ ਕੰਟਰੋਲ (ਏਬੀਸੀ) ਪ੍ਰੋਗਰਾਮ ਦੇ  ਪ੍ਰੋਜੈਕਟ ਦੀ ਪ੍ਰਵਾਨਗੀ ਜਾਨਵਰ ਭਲਾਈ ਬੋਰਡ ਤੋਂ ਲੈ ਕੇ ਇਸ ਪ੍ਰੌਜੈਕਟ ਨੂੰ ਜਿ਼ਲ੍ਹੇ ਵਿਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜ਼ੈਕਟ ਵਿੱਚ ਜਾਨਵਰਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਦੀ ਵੀ ਸਰਗਰਮ ਭੂਮਿਕਾ ਰਹੇਗੀ।
            ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਨਯਨ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਖਦੀਪ ਸਿੰਘ ਸਿੱਧੂ, ਡੀਡੀਪੀਓ ਸ੍ਰੀ ਸੁਰਿੰਦਰ ਸਿੰਘ ਢਿੱਲੋਂ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਸ੍ਰੀ ਗੁਰਤੇਜ ਸਿੰਘ, ਕਾਰਜ ਸਾਧਕ ਅਫ਼ਸਰ ਸ੍ਰੀ ਰਜਨੀਸ਼ ਗਿਰਧਰ ਅਤੇ ਸ੍ਰੀ ਜਗਸੀਰ ਸਿੰਘ ਵੀ ਹਾਜਰ ਸਨ।    

[wpadcenter_ad id='4448' align='none']