ਵਿਸ਼ਵ ਜ਼ੂਨੋਸਿਸ ਦਿਵਸ ਸੰਬਧੀ ਕੀਤੀ ਮੀਟਿੰਗ

ਫ਼ਿਰੋਜ਼ਪੁਰ,5 ਜੁਲਾਈ:

          ਜਾਨਵਰਾਂ ਤੋਂ ਮਨੁੱਖਾਂ ਵਿਚ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਦਫ਼ਤਰ ਸਿਵਲ ਸਰਜਨ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ, ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਤੋਂ ਮਾਹਿਰ ਡਾਕਟਰਾਂ, ਪਸ਼ੂ ਪਾਲਣ ਵਿਭਾਗ, ਵਣ ਵਿਭਾਗ, ਖ਼ੁਰਾਕ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ।

          ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਹਦਾਇਤ ਕਰਦਿਆਂ ਕਿਹਾ ਕਿ 6 ਜੂਨ ਨੂੰ ਵਿਸ਼ਵ ਜ਼ੂਨੋਸਿਸ ਦਿਵਸ ਮੌਕੇ ਆਮ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਚੇਤ ਕਰਨ ਲਈ ਜਾਗਰੂਕਤਾ ਸੈਮੀਨਾਰ ਕੀਤੇ ਜਾਣ। ਉਨ੍ਹਾਂ ਦੱਸਿਆ ਕਿ ਜ਼ੂਨੋਟਿਕ ਬਿਮਾਰੀਆਂ ਜਾਨਵਰਾਂ ਵਿਚ ਪੈਦਾ ਹੁੰਦੀਆਂ ਹਨ ਅਤੇ ਮਨੁੱਖਾਂ ਵਿੱਚ ਫੈਲ ਜਾਂਦੀਆਂ ਹਨ। ਲਾਗ ਵਾਲੇ ਜਾਨਵਰ ਦੇ ਕੱਟਣ ਨਾਲ ਜਾਂ ਲਾਗ ਵਾਲੇ ਜਾਨਵਰ ਦੇ ਸਰੀਰਕ ਤਰਲ ਪਦਾਰਥਾਂ ਦੇ ਸੰਪਰਕ ਵਿਚ ਆਉਣ ਨਾਲ ਇਹ ਬਿਮਾਰੀਆਂ ਫੈਲਦੀਆਂ ਹਨ।

          ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਯੁਵਰਾਜ ਨਾਰੰਗ ਅਤੇ ਡਾ. ਸਮਿੰਦਰ ਕੌਰ ਨੇ ਇਸ ਬਿਮਾਰੀ ਦੇ ਫੈਲਣ ਦੇ ਕਾਰਨਾਂ ਬਾਰੇ ਦੱਸਦਿਆਂ ਕਿਹਾ ਕਿ ਜਾਨਵਰਾਂ ਤੋਂ ਵਾਇਰਸ, ਬੈਕਟੀਰੀਆਂ, ਫੰਜਾਈ, ਪ੍ਰਰਾਈਓਨ ਜਾਂ ਪਰਜੀਵੀਆਂ ਰਾਹੀਂ ਬਿਮਾਰੀਆਂ ਮਨੁੱਖੀ ਸਰੀਰ ਅੰਦਰ ਪ੍ਰਵੇਸ਼ ਕਰ ਜਾਂਦੀਆਂ ਹਨ। ਹਲਕਾਅ, ਇੰਫਲੂਐਂਜਾਂ, ਬਰੂਸੀਲੋਸਿਸ, ਪਲੇਗ, ਤਪਦਿਕ, ਧਦਰ ਰੋਗ, ਸਵਾਈਨ ਫਲੂ, ਬਰਡ ਫਲੂ, ਇਬੋਲਾ, ਡਿਪਥੀਰਿਆ, ਫੀਤਾ ਕਿਰਮ, ਡੇਂਗੂ, ਚਿਕਨਗੁਨੀਆਂ, ਜਾਪਾਨੀ ਇਨਸੇਫਲਾਈਟਿਸ, ਰਿਕੇਟਸੀਓਸਿਸ ਆਦਿ ਜੂਨੋਟਿਕ ਬਿਮਾਰੀਆਂ ਹਨ ਅਤੇ ਮਨੁੱਖੀ ਸਿਹਤ ਲਈ ਇਕ ਗੰਭੀਰ ਖਤਰਾ ਹਨ।

          ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਤੋਂ ਬਚਾਅ ਲਈ ਆਪਣੇ ਸੰਪਰਕ ਵਿਚ ਆਉਣ ਵਾਲੇ ਪਸ਼ੂਆਂ ਜਾਂ ਜਾਨਵਰਾਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਇਸਦੇ ਲਈ ਪਾਲਤੂ ਜਾਨਵਰਾਂ ਦਾ ਸਹੀ ਸਮੇਂ ਤੇ ਪਸ਼ੂ ਚਕਿਤਸਕ ਕੋਲੋਂ ਨਿਰੀਖਣ ਕਰਵਾ ਕੇ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਜਾਨਵਰਾਂ ਦੇ ਮਲ ਮੂਤਰ ਅਤੇ ਜੇਰ ਆਦਿ ਦਾ ਸਹੀ ਤਰੀਕੇ ਨਾਲ ਨਿਪਟਾਰਾ ਕਰਨਾ ਚਾਹੀਦਾ ਹੈ। ਰੋਗੀ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਵੱਖਰਾ ਰੱਖਿਆ ਜਾਵੇ। ਘਰਾਂ ਵਿਚ ਆਉਣ ਵਾਲੇ ਜਾਨਵਰ ਜਿਵੇਂ ਚੂਹੇ, ਛਿਪਕਲੀਆਂ, ਡੱਡੂ ਆਦਿ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਪਸ਼ੂਆਂ ਤੋਂ ਪ੍ਰਾਪਤ ਹੋਣ ਵਾਲੇ ਖਾਧ ਪਦਾਰਥ ਜਿਵੇਂ ਦੁੱਧ, ਅੰਡਾ, ਮੀਟ ਆਦਿ ਨੂੰ ਚੰਗੀ ਤਰਾਂ ਪਕਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ। ਮੀਟਿੰਗ ਵਿੱਚ ਸੁਪਰਡੰਟ ਪਰਮਜੀਤ ਮੋਂਗਾ ਅਤੇ ਹੋਰ ਅਧਿਕਾਰੀ/ਕਰਮਚਾਰੀ ਵੀ ਮੌਜੂਦ ਸਨ।   

[wpadcenter_ad id='4448' align='none']