ਚੰਡੀਗੜ੍ਹ, 15 ਦਸੰਬਰ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੈਗਾ ਪੀ.ਟੀ.ਐਮ. ਵਿੱਚ ਸ਼ਮੂਲੀਅਤ ਕਰਨ ਸਬੰਧੀ ਦਿੱਤੇ ਗਏ ਸੱਦੇ ਨੂੰ ਰਿਕਾਰਡਤੋੜ ਹੁੰਗਾਰਾ ਮਿਲਿਆ ਹੈ।
ਸੂਬੇ ਦੇ 19109 ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿਚ ਅੱਜ ਸਵੇਰੇ 10 ਵਜੇ ਤੋਂ ਪਹਿਲਾਂ ਹੀ ਵਿਦਿਆਰਥੀ ਦੇ ਮਾਪਿਆਂ ਦੀ ਆਮਦ ਸ਼ੁਰੂ ਹੋ ਗਈ ਸੀ।
ਮੈਗਾ ਪੀ.ਟੀ.ਐਮ. ਦੇ ਮੌਕੇ ਸਕੂਲਾਂ ਨੂੰ ਵਿਸ਼ੇਸ਼ ਤੌਰ ਸਜਾਇਆ ਗਿਆ ਸੀ ਅਤੇ ਸੈਲਫੀ ਪੁਆਇੰਟ ਵੀ ਤਿਆਰ ਕੀਤੇ ਗਏ ਸਨ ਜਿੱਥੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਲੋਂ ਵੱਡੀ ਗਿਣਤੀ ਵਿਚ ਤਸਵੀਰਾਂ ਖਿਚਵਾਈਆਂ ਗਈਆਂ।
ਪੀ.ਟੀ.ਐਮ.ਦੌਰਾਨ ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਨੇ ਅਪਣੇ ਬੱਚਿਆਂ ਦੀ ਸਕੂਲ ਦੀ ਕਾਰਗੁਜ਼ਾਰੀ ਉਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਉਥੇ ਨਾਲ ਹੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਪੱਧਰ ਨੂੰ ਉੱਚਾ ਚੁੱਕਣ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਗਈ।
ਅੱਜ ਦੀ ਮਾਪੇ-ਅਧਿਆਪਕ ਮਿਲਣੀ ਵਿੱਚ 20 ਲੱਖ ਤੋਂ ਵੱਧ ਮਾਪਿਆਂ ਵਲੋਂ ਸ਼ਮੂਲੀਅਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:30 ਵਜੇ ਤੱਕ ਚੱਲੀ ਮਾਪੇ- ਅਧਿਆਪਕ ਮਿਲਣੀ ਦੌਰਾਨ ਸਰਕਾਰੀ ਸਕੂਲਾਂ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਵੀ ਪ੍ਰਾਪਤ ਹੋਏ ਹਨ । ਜਿਨ੍ਹਾਂ ਉਤੇ ਜਲਦ ਵਿਚਾਰ ਕੀਤਾ ਜਾਵੇਗਾ।
ਇਸ ਮੌਕੇ ਅਧਿਆਪਕਾਂ ਨੇ ਮਾਪਿਆਂ ਨਾਲ ਮਿਸ਼ਨ ਸਮਰੱਥ, ਮਿਸ਼ਨ 100%, ਵਿਦਿਆਰਥੀਆਂ ਦੀ ਸਕੂਲ ਵਿੱਚ ਹਾਜ਼ਰੀ ਅਤੇ ਨਵੇਂ ਦਾਖਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।
ਮਾਪਿਆਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਬਿਜਨਸ ਬਲਾਸਟਰ ਸਕੀਮ, ਕੈਂਪਸ ਮੈਨੇਜਰ ਅਤੇ ਸਕਿਊਰਟੀ ਗਾਰਡ ਦੀ ਤਾਇਨਾਤੀ ਲਈ ਭਗਵੰਤ ਸਿੰਘ ਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ।
ਮੈਗਾ ਪੀ.ਟੀ.ਐਮ.ਦੇ ਮੌਕੇ ਅੱਜ ਸਕੂਲਾਂ ਨੂੰ ਬਹੁਤ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ।ਇਸ ਤੋਂ ਇਲਾਵਾ ਸਕੂਲਾਂ ਦੇ ਐਨ.ਸੀ.ਸੀ. ਵਿੰਗ ਦੇ ਕੈਡਿਟਸ ਵੀ ਆਪਣੀ ਖੂਬਸੂਰਤੀ ਵਰਦੀਆਂ ਸਜ ਕੇ ਆਏ ਹੋਏ ਮਾਪਿਆਂ ਦਾ ਸਵਾਗਤ ਕਰ ਰਹੇ ਸਨ। ਸਕੂਲ ਵਿੱਚ ਵਿਦਿਆਰਥੀ ਵਲੋਂ ਆਪਣੇ ਕਲਾ ਨੂੰ ਪ੍ਰਦਰਸ਼ਨ ਕਰਨ ਲਈ ਆਪਣੇ ਵਲੋਂ ਤਿਆਰ ਵਸਤਾਂ ਦੀ ਵੀ ਪ੍ਰਦਰਸ਼ਨੀ ਲਗਾਈ ਗਈ ਸੀ ਜਿਸ ਨੂੰ ਮਾਪਿਆਂ ਨੇ ਬਹੁਤ ਨੀਝ ਨਾਲ ਵੇਖਿਆ।
ਕਈ ਸਕੂਲਾਂ ਵਿਚ ਵਿਦਿਆਰਥੀਆਂ ਬੈਂਡ ਤੇ ਸ਼ਾਨਦਾਰ ਧੁੰਨਾਂ ਵਜ਼ਾ ਕੇ ਅਧਿਆਪਕਾਂ ਅਤੇ ਮਾਪਿਆਂ ਦਾ ਮਨੋਰੰਜਨ ਵੀ ਕੀਤਾ ਗਿਆ।
ਮਾਪਿਆਂ ਵਲੋਂ ਸਕੂਲ ਵਿੱਚ ਲਗਾਏ ਗਏ ਲਾਇਬ੍ਰੇਰੀ ਲੰਗਰ ਨੂੰ ਵੀ ਬਹੁਤ ਸਲਾਹਿਆ ਗਿਆ ਅਤੇ ਅਧਿਆਪਕਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਵਿੱਚ ਸਕੂਲ ਕਿਤਾਬਾਂ ਤੋਂ ਇਲਾਵਾ ਆਮ ਗਿਆਨ ਅਤੇ ਸਾਹਿਤ ਦੀਆਂ ਕਿਤਾਬਾਂ ਪ੍ਰਤੀ ਲਗਾਓ ਪੈਦਾ ਹੋਇਆ ਜਿਸ ਲਈ ਉਹ ਅਧਿਆਪਕਾਂ ਦੇ ਸ਼ੁਕਰਗੁਜ਼ਾਰ ਹਨ।