ਫਿਰੋਜ਼ਪੁਰ, 5 ਅਗਸਤ 2024.
ਫਿਰੋਜ਼ਪੁਰ ਸ਼ਹਿਰ ਨੂੰ ਸਾਫ-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਅੱਜ ਸ਼ਹਿਰ ਵਿਚ ਸੀਵਰੇਜ ਲਾਈਨਾਂ ਦੀ ਸਫਾਈ ਬਿਹਤਰ ਢੰਗ ਨਾਲ ਕਰਨ ਲਈ ਸੁਪਰ ਸੱਕਰ ਮਸ਼ੀਨ ਨਾਲ ਸੀਵਰੇਜ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਵੱਲੋਂ ਕਰਵਾਈ ਗਈ।
ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਫਿਰੋਜ਼ਪੁਰ ਸ਼ਹਿਰ ਲਈ ਇਹ ਅਤਿ ਆਧੁਨਿਕ ਸੁਪਰ ਸੱਕਰ ਮਸ਼ੀਨ ਕਾਫ਼ੀ ਲਾਹੇਵੰਦ ਹੈ ਜਿਸ ਦੀ ਮੱਦਦ ਨਾਲ ਪੂਰੇ ਸ਼ਹਿਰ ਅੰਦਰ ਸੀਵਰੇਜ ਦੀ ਸਫ਼ਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਲੋਕਾਂ ਨੂੰ ਸੀਵਰੇਜ ਦੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਅੱਜ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਤੋਂ ਸੀਵਰੇਜ ਲਾਈਨ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ। ਇਸ ਕੰਮ ਤਹਿਤ ਕੱਚਾ ਜ਼ੀਰਾ ਰੋਡ, ਗੋਲਡਨ ਇੰਨਕਲੇਵ, ਇੱਛੇ ਵਾਲਾ ਰੋਡ, ਅੱਡਾ ਖਾਈ ਰੋਡ, ਅਲੀ ਕੇ ਰੋਡ ਆਦਿ ਇਲਾਕਿਆਂ ਵਿੱਚੋਂ ਸੀਵਰੇਜ ਦੀ ਲਾਈਨ ਦੀ ਸਫ਼ਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਤਕਰੀਬਨ 20 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਕਿਹਾ ਕਿ ਇਹ ਮਸ਼ੀਨ ਸੀਵਰੇਜ ਦੀ ਸਮੱਸਿਆ ਦੂਰ ਕਰਨ ਵਿਚ ਸਹਾਈ ਹੋਵੇਗੀ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਦੀ ਪ੍ਰੇਸ਼ਾਨੀ ਤੋਂ ਵੱਡੀ ਰਾਹਤ ਮਿਲੇਗੀ।
ਵਿਧਾਇਕ ਸ. ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਸ਼ਹਿਰਾਂ/ਪਿੰਡਾਂ ਦੇ ਵਿਆਪਕ ਵਿਕਾਸ ਲਈ ਪੂਰਨ ਤੌਰ ਉਤੇ ਵਚਨਬੱਧ ਹੈ ਅਤੇ ਇਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਸੂਬਾ ਦੇ ਲੋਕਾਂ ਦੀ ਭਲਾਈ ਲਈ ਸੂਬਾ ਸਰਕਾਰ ਕੋਲ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਹਾ ਕਿ ਸ਼ਹਿਰਾਂ/ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਖੁੱਲ੍ਹੇਦਿਲ ਨਾਲ ਫੰਡ ਦੇਣ ਤੋਂ ਇਲਾਵਾ ਇਨ੍ਹਾਂ ਦੇ ਵਿਕਾਸ ਕਾਰਜਾਂ ਲਈ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਉਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਿਰੋਜ਼ਪੁਰ ਸ਼ਹਿਰ ਸ. ਬਲਰਾਜ ਸਿੰਘ ਕਟੋਰਾ, ਐਕਸੀਅਨ ਸੀਵਰੇਜ ਬੋਰਡ ਸ੍ਰੀ ਹਰਸ਼ਰਨਜੀਤ ਸਿੰਘ, ਐਸ.ਡੀ.ਓ. ਸ੍ਰੀ ਗੁਲਸ਼ਨ ਕੁਮਾਰ, ਸ੍ਰੀ ਹਿਮਾਂਸ਼ੂ ਠੱਕਰ, ਸ੍ਰੀ ਜਸਬੀਰ ਜੋਸਨ, ਸ੍ਰੀ ਨੇਕ ਪ੍ਰਤਾਪ ਸਿੰਘ, ਸ੍ਰੀ ਕੁੰਵਰਪ੍ਰਤਾਪ ਸਿੰਘ, ਸ੍ਰੀ ਅੰਗਰੇਜ਼ ਸਿੰਘ, ਸ੍ਰੀ ਦੀਪਕ, ਸ੍ਰੀ ਗੁਰਭੇਜ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸੀਵਰੇਜ ਬੋਰਡ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।