ਬੁਢਲਾਡਾ/ਮਾਨਸਾ: 24 ਸਤੰਬਰ:
ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਮੇਰਾ ਮੁੱਢਲਾ ਫਰਜ਼ ਹੈ। ਇਲਾਕੇ ਦੇ ਲੋਕਾਂ ਦੀ ਹਰ ਮੁਸ਼ਕਿਲ ਦਾ ਯੋਗ ਹੱਲ ਕਰਨ ਲਈ ਵਚਨਬੱਧ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਸ਼ੇਰ ਖਾਂ ਵਾਲਾ ਵਿਖੇ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਮੌਕੇ ਕੀਤਾ।
ਵਿਧਾਇਕ ਬੁੱਧ ਰਾਮ ਨੇ ਦੱਸਿਆ ਕਿ ਪਿੰਡ ਸ਼ੇਰ ਖਾਂ ਵਾਲਾ ਵਿਖੇ ਆਂਗਣਵਾੜੀ ਸੈਂਟਰ ਲਈ ਕੋਈ ਸਰਕਾਰੀ ਇਮਾਰਤ ਨਹੀਂ ਸੀ। ਇਸ ਸੈਂਟਰ ਦੀ ਉਸਾਰੀ ਲਈ 12 ਲੱਖ ਦੀ ਰਾਸ਼ੀ ਮਨਜੂਰ ਕਰਵਾਈ ਸੀ, ਜਿਸ ਨਾਲ ਇਕ ਹਾਲ ਕਮਰਾ ਅਤੇ ਬੱਚਿਆਂ ਦੇ ਖਾਣਾ ਬਣਾਉਣ ਲਈ ਰਸੋਈ ਤਿਆਰ ਕਰਵਾਈ ਗਈ ਹੈ ਜਿਸ ਨਾਲ ਆਂਗਣਵਾੜੀ ਵਰਕਰਾਂ ਵੱਲੋਂ ਛੋਟੇ ਬੱਚਿਆਂ ਦੀ ਸਾਂਭ-ਸੰਭਾਲ ਅਤੇ ਪੜ੍ਹਾਈ ਕਰਾਉਣ ਲਈ ਸਹੂਲਤ ਮਿਲੇਗੀ ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਢਾਣੀ ਵਿੱਚ ਢਾਈ ਲੱਖ ਰੁਪੈ ਦੀ ਲਾਗਤ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਪਾਈਪ ਦਾ ਕੰਮ ਵੀ ਮੁਕੰਮਲ ਕਰਵਾਇਆ ਗਿਆ ਹੈ। ਉਨ੍ਹਾਂ ਇਸ ਪਿੰਡ ਵਿੱਚ ਗਲੀਆਂ ਨਾਲੀਆਂ ਦੀ ਉਸਾਰੀ ਲਈ 06 ਲੱਖ ਰੁਪੈ ਅਤੇ ਧਰਮਸ਼ਾਲਾ ਦਾ ਸੈੱਡ ਪਾਉਣ ਲਈ 03 ਲੱਖ ਰੁਪੈ ਦੀ ਗਰਾਂਟ ਜਾਰੀ ਕਰਵਾ ਦਿੱਤੀ ਹੈ।
ਇਸ ਮੌਕੇ ਰਣਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੋਹਾ, ਗੁਰਦਰਸ਼ਨ ਸਿੰਘ ਪਟਵਾਰੀ , ਬਲਾਕ ਪ੍ਰਧਾਨ ਅਵਤਾਰ ਸਿੰਘ ਮਘਾਣੀਆਂ, ਕੁਲਵੰਤ ਸਿੰਘ ਸ਼ੇਰ ਖਾਂ ਵਾਲਾ, ਮੇਜਰ ਸਿੰਘ ਬੀ.ਡੀ.ਪੀ.ਓ. ਬੁਢਲਾਡਾ, ਨਿਰਮਲਾ ਦੇਵੀ ਸੀ.ਡੀ.ਪੀ.ਓ. ਬੁਢਲਾਡਾ, ਆਂਗਣਵਾੜੀ ਜਸਵੀਰ ਕੌਰ, ਪਰੇਮ ਲਤਾ, ਡੇਜੀ ਗੁਪਤਾ, ਬਲਵਿੰਦਰ ਸਿੰਘ, ਅੰਗਰੇਜ ਕੌਰ, ਬਘੇਲਾ ਸਿੰਘ, ਰੇਸ਼ਮ ਸਿੰਘ, ਜਨਕ ਸਿੰਘ ਆਦਿ ਹਾਜ਼ਰ ਸਨ ।