ਤਿੰਨ ਸਾਲਾਂ ਤੋਂ ਲਟਕ ਰਹੇ ਸੀਵਰੇਜ ਪਾਈਪ ਲਾਈਨ ਦਾ ਐਮ.ਐਲ.ਏ ਫ਼ਰੀਦਕੋਟ ਨੇ ਰੱਖਿਆ ਨੀਹ ਪੱਥਰ

ਫ਼ਰੀਦਕੋਟ 09 ਫ਼ਰਵਰੀ,2024  

ਪਿਛਲੇ ਤਿੰਨ ਸਾਲਾਂ ਤੋਂ ਲਟਕ ਰਹੇ ਮਾਈ ਗੋਦੜੀ ਸਾਹਿਬ ਵਿਖੇ ਸੀਵਰੇਜ ਪਾਈਪ ਲਾਈਨ ਪ੍ਰੋਜੈਕਟ ਦਾ ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਅੱਜ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਤਕਰੀਬਨ 10 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ।

 ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਸੁਚੱਜੀ ਅਗਵਾਈ ਹੇਠ ਫ਼ਰੀਦਕੋਟ ਸ਼ਹਿਰ ਦੇ ਰੁਕੇ ਹੋਏ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਲੰਮੇ ਸਮੇਂ ਤੋਂ ਸੜਕਾਂ ਦਾ ਨਵੀਨੀਕਰਨ, ਨਹਿਰਾਂ ਤੇ ਪੁਲਾਂ ਦਾ ਕੰਮ, ਜ਼ਿਲ੍ਹਾ ਲਾਇਬਰੇਰੀ, ਬਾਬਾ ਫਰੀਦ ਮੈਡੀਕਲ ਕਾਲਜ ਦੇ ਕਈ ਕੰਮ ਜੋ ਕਿ ਤਕਨੀਕੀ ਅੜਚਨਾਂ ਕਾਰਨ ਰੁਕੇ ਹੋਏ ਸਨ, ਨੂੰ ਪੂਰਾ ਕੀਤਾ ਜਾ ਰਿਹਾ ਹੈ।

 ਉਹਨਾਂ ਆਖਿਆ ਕਿ ਤਕਰੀਬਨ 1200 ਫੁੱਟ ਲੰਮੀ ਸੀਵਰੇਜ ਪਾਈਪ ਲਾਈਨ ਪੈ ਜਾਣ ਨਾਲ ਜਿੱਥੇ ਲੋਕਾਂ ਨੂੰ ਸੁੱਖ ਦਾ ਸਾਹ ਆਵੇਗਾ। ਉਥੇ ਨਾਲ ਹੀ ਇਸ ਇਲਾਕੇ ਦੇ ਵਸਨੀਕਾਂ ਦੇ ਰਹਿਣ ਸਹਿਣ ਦਾ ਪੱਧਰ ਹੋਰ ਉੱਚਾ ਹੋਵੇਗਾ।ਉਹਨਾਂ ਮੌਕੇ ਤੇ ਮੌਜੂਦ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਇਹ ਪਾਈਪ ਲਾਈਨ ਪਾਉਣ ਵੇਲੇ ਅਤੇ ਇਸ ਦੇ ਉਪਰੰਤ ਵੀ ਲੋਕਾਂ ਦੀ ਸਹੂਲਤ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਲਾਭਕਾਰੀ ਪ੍ਰੋਜੈਕਟ ਨੂੰ ਨੇਪਰੇ ਚੜਾਉਣ ਵਿੱਚ ਅਣਗਹਿਲੀ ਜਾਂ ਕੁਤਾਹੀ  ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਸ ਮੌਕੇ ਅਮਨਦੀਪ ਸਿੰਘ ਬਾਬਾ,ਚੇਅਰਮੈਨ ਮਾਰਕਿਟ ਕਮੇਟੀ, ਗੁਰਤੇਜ ਸਿੰਘ ਖੋਸਾ,ਚੇਅਰਮੈਨ ਨਗਰ ਸੁਧਾਰ ਟਰੱਸਟ, ਵਿਜੇ ਛਾਬੜਾ ਐਮ.ਸੀ, ਕਮਲਜੀਤ ਐਮ.ਸੀ. ਗੁਰਜੰਟ ਚੀਮਾ, ਹਰਵਿੰਦਰ ਸਾਈ, ਮਾਸਟਰ ਅਮਰਜੀਤ, ਸੂਬੇਦਾਰ ਗੁਰਮੇਲ ਸਿੰਘ, ਹਰਦਿੱਤ ਸਿੰਘ ਸੇਖੋਂ ਹਾਜ਼ਰ ਸਨ।

[wpadcenter_ad id='4448' align='none']