ਡੇਰਾਬੱਸੀ/ਲਾਲੜੂ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਸਤੰਬਰ:
ਪੰਜਾਬ ਸਰਕਾਰ ਵੱਲੋਂ ਹਰ ਇੱਕ ਉਮਰ ਵਰਗ ਨੂੰ ਧਿਆਨ ’ਚ ਰੱਖ ਕੇ ਉਲੀਕਿਆ ਖੇਡਾਂ ਦਾ ਮਹਾਂ-ਕੁੰਭ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਸਰੇ ਅਡੀਸ਼ਨ ਤਹਿਤ ਅੱਜ ਡੇਰਾਬੱਸੀ ਦੇ ਬਲਾਕ ਪੱਧਰੀ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਦੇ ਖੇਡ ਮੈਦਾਨ ’ਚ ਆਰੰਭ ਹੋਏ।
ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਰਸਮੀ ਸ਼ੁਰੂਆਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ’ਚ ਖੇਡ ਸਭਿਆਚਾਰ, ਖੇਡ ਪਨੀਰੀ ਅਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਦੀ ਵਾਗਡੋਰ ਸੰਭਾਲਣ ਤੋਂ ਹੁਣ ਤੱਕ 24500 ਖਿਡਾਰੀਆਂ ਨੂੰ ਮੈਡਲ ਜਿੱਤਣ ਦੀਆਂ ਅਸਧਾਰਣ ਪ੍ਰਾਪਤੀਆਂ, ਕੌਮਾਂਤਰੀ, ਏਸ਼ੀਆਈ ਅਤੇ ਉਲੰਪਿਕ ਅਤੇ ਕੌਮੀ ਮੁਕਾਬਲਿਆਂ ’ਚ ਭਾਗ ਲੈਣ ’ਤੇ ਅਤੇ ਇਨ੍ਹਾਂ ਮੁਕਾਬਲਿਆਂ ਦੀ ਤਿਆਰੀ ਲਈ 87.47 ਕਰੋੜ ਰੁਪਏ ਦੀ ਰਾਸ਼ੀ ਵੰਡੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਖੇਡਾਂ ਵਤਨ ਪੰਜਾਬ ਦੀਆਂ ਲਗਾਤਾਰ ਤੀਸਰੇ ਸਾਲਲ ’ਚ ਦਾਖਲ ਹੋਣਾ ਅਤੇ ਹਰ ਸਾਲ ਵੱਡੀ ਗਿਣਤੀ ’ਚ ਹਰ ਉਮਰ ਵਰਗ ਦੇ ਖਿਡਾਰੀਆਂ ਵੱਲੋਂ ਹੁੰਮ-ਹੁੰਮਾ ਕੇ ਭਾਗ ਲੈਣਾ ਸਾਬਤ ਕਰਦਾ ਹੈ ਕਿ ਪੰਜਾਬ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸੰਜੀਦਾ ਯਤਨਾਂ ਦੀ ਹੀ ਲੋੜ ਸੀ, ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ 37 ਖੇਡ ਮੁਕਾਬਲੇ ਉਲੀਕੇ ਗਏ ਹਨ, ਜਿਨ੍ਹਾਂ ’ਚੋਂ ਬਲਾਕ ਪੱਧਰ ’ਤੇ 6-6 ਹਨ ਜਦਕਿ ਬਾਕੀ ਜ਼ਿਲ੍ਹਾ ਅਤੇ ਸੂਬਾਈ ਪੱਧਰ ’ਤੇ ਹਨ। ਇਸ ਵਾਰ ਖੇਡਾਂ ਲਈ 30 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਜਿਸ ਵਿੱਚ ਖਿਡਾਰੀਆਂ ਦੇ ਰਹਿਣ, ਡਾਇਟ, ਖੇਡਾਂ ਦੇ ਆਯੋਜਨ ਆਦਿ ਪ੍ਰਬੰਧ ਸ਼ਾਮਿਲ ਹਨ। ਇਸ ਵਾਰ 9 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਖਿਡਾਰੀਆਂ ਦਰਮਿਆਨ ਵੰਡੀ ਜਾਵੇਗੀ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਡੇਰਾਬੱਸੀ ਬਲਾਕ ’ਚ ਅੱਜ ਪਹਿਲੇ ਦਿਨ 450 ਤੋਂ ਵਧੇਰੇ ਖਿਡਾਰੀਆਂ ਨੇ ਆਪਣੀ ਵੱਖ-ਵੱਖ ਖੇਡ ਮੁਕਾਬਲਿਆਂ ਲਈ ਰਜਿਸਟ੍ਰੇਸ਼ਨ ਕਰਵਾਈ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰ ’ਤੇ ਐਥਲੈਟਿਕਸ, ਫੁੱਟਬਾਲ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਈਲ), ਖੋ-ਖੋ ਅਤੇ ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਜਿਹੜੇ ਖਿਡਾਰੀ ਆਨਲਾਈਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਉਨ੍ਹਾਂ ਦੀ ਵੀ ਆਫ਼ਲਾਈਨ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਨੂੰ ਖੇਡ ਮੁਕਾਬਲਿਆਂ ’ਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ।
ਇਸ ਤੋਂ ਇਲਾਵਾ ਹਰ ਉਮਰ ਵਰਗ ਨੂੰ ਖੇਡਾਂ ’ਚ ਭਾਗ ਲੈਣ ਦਾ ਅਵਸਰ ਦੇਣ ਲਈ ਇਨ੍ਹਾਂ ਖੇਡਾਂ ਵਿੱਚ ਫੁੱਟਬਾਲ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ) ਤੇ ਖੋ-ਖੋ ’ਚ ਅੰਡਰ -14, ਅੰਡਰ -17, ਅੰਡਰ-21, ਅੰਡਰ 21 ਤੋਂ 30, ਅੰਡਰ 31 ਤੋਂ 40 ਤਕ ਜਦਕਿ ਅਥਲੈਟਿਕਸ, ਵਾਲੀਬਾਲ (ਸਮੈਸ਼ਿੰਗ ਅਤੇ ਸ਼ੂਟਿੰਗ) ’ਚ ਅੰਡਰ -14, ਅੰਡਰ -17, ਅੰਡਰ -21, ਅੰਡਰ 21 ਤੋਂ 30, ਅੰਡਰ 31 ਤੋਂ 40, ਅੰਡਰ 41 ਤੋਂ 50, ਅੰਡਰ 51 ਤੋਂ 60, ਅੰਡਰ 61 ਤੋਂ 70 ਅਤੇ 70 ਤੋਂ ਉੱਪਰ, ਉਮਰ ਵਰਗ ਦੇ ਮੁਕਾਬਲੇ ਰੱਖੇ ਗਏ ਹਨ।
ਅੱਜ ਹੋਏ ਸਰਕਲ ਸਟਾਈਲ ਕਬੱਡੀ ਮੁਕਾਬਲਿਆਂ ’ਚ ਅੰਡਰ-14 ’ਚ ਲਾਲੜੂ ਤੇ ਬੱਲੋਪੁਰ ਅਤੇ ਤਸਿੰਬਲੀ ਬੀ ਅਤੇ ਏ ’ਚ ਭਲਕੇ ਸੈਮੀ ਫ਼ਾਈਨਲ ਖੇਡਿਆ ਜਾਵੇਗਾ। ਖੋ-ਖੋ ਮੁਕਾਬਲਿਆਂ ’ਚ ਅੰਡਰ-17 ’ਚ ਹੋਲੀ ਏਂਜਲ ਟੀਮ ਨੂੰ ਖੇਲਣ ਦੀ ਟੀਮ ਨੇ ਹਰਾਇਆ ਜਦਕਿ ਅੰਡਰ -14 ’ਚ ਜ਼ੀਰਕਪੁਰ ਨੇ ਹੋਲੀ ਏਂਜਲ ਨੂੰ ਹਰਾਇਆ।
ਇਸ ਮੌਕੇ ਤਹਿਸੀਲਦਾਰ ਬੀਰਕਰਨ ਸਿੰਘ ਤੇ ਬਲਾਕ ਖੇਡਾਂ ਦੇ ਨੋਡਲ ਅਫ਼ਸਰ ਅਤੇ ਤੈਰਾਕੀ ਕੋਚ ਜੋਨੀ ਭਾਟੀਆ ਅਤੇ ਵੱਡੀ ਗਿਣਤੀ ’ਚ ਇਲਾਕੇ ਦੇ ਖੇਡ ਪ੍ਰੇਮੀ ਅਤੇ ਖਿਡਾਰੀ ਮੌਜੂਦ ਸਨ।
ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਵੱਲੋਂ ਲਾਲੜੂ ਵਿਖੇ ਬਲਾਕ ਡੇਰਾਬੱਸੀ ਦੀਆਂ ਖੇਡਾਂ ਦੀ ਸ਼ੁਰੂਆਤ
Date: