ਅੰਮ੍ਰਿਤਸਰ, 22 ਦਸੰਬਰ: ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਪੋਗਰਾਮ ਸਰਕਾਰ ਤੁਹਾਡੇ ਦੁਆਰ ਤਹਿਤ ਅੱਜ ਬਾਬਾ ਬਕਾਲਾ ਹਲਕੇ ਦੇ ਪਿੰਡ ਬੁਤਾਲਾ ਵਿਖੇ ਇਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਵਿਭਾਗਾਂ ਵੱਲੋਂ ਆਪਣੇ ਸਟਾਲ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ/ਸਮੱਸਿਆਵਾਂ ਨੂੰ ਹੱਲ ਕੀਤਾ ਗਿਆ।
ਇਸ ਮੌਕੇ ਹਲਕਾ ਵਿਧਾਇਕ ਸ ਦਲਬੀਰ ਸਿੰਘ ਟੌਂਗ ਨੇ ਦੱਸਿਆ ਕਿ ਹਰੇਕ ਸ਼ੁਕਰਵਾਰ ਹਲਕੇ ਵਿੱਚ ਸਰਕਾਰ ਤੁਹਾਡੇ ਦੁਆਰ ਤਹਿਤ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ ਇਸ ਆਉਂਦੇ ਸ਼ੁਕਰਵਾਰ ਨੂੰ ਨਹਿਰੀ ਵਿਸ਼ਰਾਮ ਘਰ ਰਈਆ ਵਿਖੇ ਕੈਂਪ ਲਗਾ ਕੇ ਲੋਕਾਂ ਦੀਆਂ ਮੁਸਕਲਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਪਹੁੰਚ ਕੀਤੀ ਗਈ ਜਿਸ ਦਾ ਮਨੋਰਥ ਦੂਰ ਦੁਰਾਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨਾ ਅਤੇ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਉਪ ਮੰਡਲ ਤੇ ਜਿਲ੍ਹਾ ਦਫਤਰ ਦੂਰ ਹੋਣ ਕਰਕੇ ਬਹੁਤ ਸਾਰੇ ਲੋਕ ਆਉਣ ਜਾਣ ਦੀ ਖੱਜਲ ਖੁਆਰੀ, ਸਮੇਂ ਦੀ ਘਾਟ ਕਾਰਨ ਆਪਣੀਆਂ ਮੁਸ਼ਕਲਾਂ ਹੱਕ ਕਰਵਾਉਣ ਤੋਂ ਵਾਂਝੇ ਰਹਿ ਜਾਂਦੇ ਸਨ ਪ੍ਰੰਤੂ ਹੁਣ ਸਰਕਾਰ ਨੇ ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਸ਼ੁਰੂ ਕਰਕੇ ਬੇਲੋੜੀ ਖੱਜਲ ਖੁਆਰੀ ਖਤਮ ਕਰਨ ਦਾ ਉਪਰਾਲਾ ਕੀਤਾ ਹੈ।
ਵਿਧਾਇਕ ਟੌਂਗ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਖੇਤੀਬਾੜੀ ਨਾਲ ਸਬੰਧਤ 20 ਦਰਖਾਸਤਾਂ, ਜਲ ਸਪਲਾਈ ਤੇ ਸੈਨੀਟੇਸ਼ਨ ਨਾਲ ਸਬੰਧਤ 4, ਪੀ:ਐਸ:ਪੀ:ਸੀ:ਐਲ ਨਾਲ ਸਬੰਧਤ 3, ਸਿਹਤ ਵਿਭਾਗ ਨਾਲ ਸਬੰਧਤ 7, ਸੇਵਾ ਕੇਂਦਰ ਵਿਖੇ ਪ੍ਰੋਸੈਸ ਕੀਤੀਆਂ 10, ਰਾਸ਼ਨ ਕਾਰਡ/ਆਟਾ ਦਾਲ ਸਕੀਮ ਨਾਲ ਸਬੰਧਤ 382, ਪੰਚਾਇਤ ਵਿਭਾਗ ਨਾਲ ਸਬੰਧਤ 10, ਪ੍ਰਧਾਨ ਮੰਤਰੀ ਅਵਾਸ ਯੋਜਨਾ ਨਾਲ ਸਬੰਧਤ 120 ਅਤੇ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਦਰਖਾਸਤਾਂ ਲੋਕਾਂ ਵੱਲੋਂ ਦਿੱਤੀਆਂ ਗਈਆਂ ਹਨ। ਵਿਧਾਇਕ ਟੌਂਗ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਦਰਖਾਸਤਾਂ ਦਾ ਜਲਦ ਜਲਦ ਤੋਂ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ।