ਮੋਗਾ 27 ਜੁਲਾਈ:
ਨਗਰ ਨਿਗਮ ਮੋਗਾ ਵੱਲੋਂ ਵਾਟਰ ਬੋਰਨ ਡਿਸੀਜ਼ ਤੋਂ ਸ਼ਹਿਰ ਵਾਸੀਆਂ ਦੀ ਰੱਖਿਆ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੇ ਦਿਨੀ ਮੋਗਾ ਸ਼ਹਿਰ ਦੇ ਵਾਰਡ ਨੰਬਰ 30 ਦੀ ਮਰਾਸੀਆ ਵਾਲੀ ਗਲੀ ਵਿੱਚ ਵਾਟਰ ਬੋਰਨ ਡਿਸੀਜ਼ ਤੋਂ ਪੀੜਤ 31 ਮਰੀਜ ਸ਼ਨਾਖਤ ਹੋਏ ਸਨ। ਬਿਮਾਰੀਆਂ ਦੀ ਗੰਭੀਰਤਾ ਨੂੰ ਵਿਚਾਰਦੇ ਹੋਏ ਨਿਗਮ ਵੱਲੋਂ ਲੀਕ ਹੋਏ ਪਾਣੀ ਦੇ ਕੂਨੈਕਸ਼ਨ ਜਾਂ ਗਲ ਚੁੱਕੀਆਂ ਪਾਇਪਾਂ ਨੂੰ ਆਪਣੇ ਪੱਧਰ ਤੇ ਬਦਲ ਦਿੱਤਾ ਗਿਆ ਹੈ। ਨਿਗਮ ਵੱਲੋਂ ਸਾਫ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਸਲੱਮ ਬਸਤੀਆਂ ਅਤੇ ਪ੍ਰਭਾਵਿਤ ਗਲੀਆਂ ਵਿੱਚ ਸਟੀਲ ਦੇ ਟੈਂਕਰਾਂ ਰਾਹੀਂ ਸਾਫ਼ ਪੀਣ ਵਾਲੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆ ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਨਿਗਮ ਵੱਲੋਂ ਸੋਡੀਅਮ ਹਾਈਪੋਕਲੋਰਾਇਟ ਦਵਾਈ ਦੀ ਖਰੀਦ ਕਰਕੇ ਟਿਊਬਲਾਂ ਤੇ ਲੱਗੇ ਡੋਜਰਾ ਰਾਹੀਂ ਕਲੋਰੀਨ ਦਵਾਈ ਮਿਕਸ ਕਰਕੇ ਸ਼ਹਿਰ ਵਿੱਚ ਕਲੋਰੀਨੇਟ ਪਾਣੀ ਹੀ ਸਪਲਾਈ ਕੀਤਾ ਜਾ ਰਿਹਾ ਹੈ, ਜਿਸਦੇ ਬਾਅਦ ਡਾਇਰੀਏ ਦਾ ਕੋਈ ਵੀ ਨਵਾਂ ਕੇਸ ਸਾਹਮਣੇ ਨਹੀ ਆਇਆ ਹੈ।
ਉਹਨਾਂ ਸ਼ਹਿਰ ਵਾਸੀਆਂ ਨੂੰ ਦੱਸਿਆ ਕਿ ਮਾਨਸੂਨ ਸੀਜਨ ਸਿਖਰ ਤੇ ਚੱਲ ਰਿਹਾ ਹੈ, ਇਸ ਲਈ ਵਾਟਰ ਬੋਰਨ ਡਿਸੀਜ਼ ਤੋ ਬਚਣ ਲਈ ਆਪਣੇ ਆਸ ਪਾਸ ਸਫਾਈ ਰੱਖੀ ਜਾਵੇ ਅਤੇ ਗੰਦਾ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ। ਘਰਾਂ ਦੇ ਆਸ-ਪਾਸ ਜਿੱਥੇ ਪਾਣੀ ਖੜਾ ਹੈ ਉਸ ਨੂੰ ਮਿੱਟੀ ਪਾ ਕੇ ਭਰਿਆ ਜਾਵੇ। ਇਸ ਤੋਂ ਇਲਾਵਾ ਜਿਸ ਜਗ੍ਹਾ ਤੇ ਕਾਫੀ ਦਿਨਾਂ ਤੋਂ ਪਾਣੀ ਖੜਾ ਹੈ ਉਸ ਵਿੱਚ ਕਾਲਾ ਤੇਲ, ਸੜਿਆ ਹੋਇਆ ਤੇਲ ਪਾ ਕੇ ਮੱਛਰ ਦੇ ਲਾਰਵੇ ਨੂੰ ਖਤਮ ਕੀਤਾ ਜਾ ਸਕਦਾ ਹੈ। ਬਰਸਾਤੀ ਮੌਸਮ ਵਿੱਚ ਜਾਂ ਪਾਣੀ ਦੀ ਕਿਸੇ ਵੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਪਾਣੀ ਨੂੰ ਹਮੇਸ਼ਾ ਉਬਾਲ ਕੇ ਪੀਉ, ਇਸ ਨਾਲ ਪੇਟ ਦੀਆਂ ਬਿਮਾਰੀਆਂ ਤੋਂ ਬਚਾ ਹੋਵੇਗਾ। ਕੂਲਰਾਂ, ਗਮਲਿਆਂ, ਫਰਿਜਾਂ ਦੀਆ ਟਰੇਆਂ, ਪਾਣੀ ਵਾਲੇ ਕਟੋਰੇ, ਡਰੰਮ, ਬਾਲਟੀਆਂ, ਖੇਲਾਂ ਆਦਿ ਦਾ ਪਾਣੀ ਸੁਕਾ ਕੇ ਹਰ ਹਫ਼ਤੇ ਸਫਾਈ ਕੀਤੀ ਜਾਵੇ। ਟੁੱਟੇ ਬਰਤਨਾਂ, ਡਰੰਮਾਂ, ਬਾਲਟੀਆਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਆਸਮਾਨ ਥੱਲੇ ਨਾ ਰੱਖਿਆ ਜਾਵੇ। ਦਿਨ ਅਤੇ ਰਾਤ ਵੇਲੇ ਆਪਣੇ ਸਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖੋ, ਮੱਛਰਦਾਨੀ ਅਤੇ ਮੱਛਰ ਭਜਾਉ ਕਰੀਮਾਂ ਦੀ ਵਰਤੋਂ ਕਰੋ।
ਨਗਰ ਨਿਗਮ ਦੇ ਵਧੀਕ ਕਮਿਸ਼ਨਰ ਸ੍ਰ ਸਾਰੰਗਪ੍ਰੀਤ ਸਿੰਘ ਔਜਲਾ ਨੇ ਦੱਸਿਆ ਕਿ ਸ਼ਹਿਰ ਵਿੱਚ ਜੇਕਰ ਗੰਦੇ ਪਾਣੀ ਦੀ ਸਮੱਸਿਆ ਪੇਸ਼ ਆਉਦੀ ਹੈ ਤਾ ਦਫ਼ਤਰ ਨਗਰ ਨਿਗਮ ਨਾਲ ਟੈਲੀਫੋਨ ਨੰਬਰ 01636-233124, 233125 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਦਫ਼ਤਰ ਨਗਰ ਨਿਗਮ ਮੋਗਾ ਦੀ ਮਕੈਨੀਕਲ ਸ਼ਾਖਾ ਵਿਚ ਜੇ. ਈ ਜਸਵੀਰ ਸਿੰਘ ਅਤੇ ਐਸ.ਡੀ.ਉ ਪਵਨਪ੍ਰੀਤ ਸਿੰਘ, ਗੁਰਜੋਤ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ ।
ਸ਼ਹਿਰ ਵਾਸੀਆਂ ਨੂੰ ਵਾਟਰ ਬੋਰਨ ਡਿਸੀਜ਼ ਤੋਂ ਸੁਰੱਖਿਅਤ ਰੱਖਣ ਲਈ ਨਗਰ ਨਿਗਮ ਮੋਗਾ ਵੱਲੋਂ ਵਿਸ਼ੇਸ਼ ਉਪਰਾਲੇ ਜਾਰੀ
[wpadcenter_ad id='4448' align='none']