ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਫ਼ਸਲ ਦੇ ਨਿਰੰਤਰ ਨਿਰੀਖਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ

ਫਰੀਦਕੋਟ 27 ਨਵੰਬਰ 2024 ( ) ਬਹੁਤਾਤ ਰਕਬੇ ਵਿੱਚ ਕਣਕ ਦੀ ਬਿਜਾਈ ਸੁਪਰ/ਹੈਪੀ , ਸਮਾਰਟ ਜਾਂ ਸਰਫੇਸ ਸੀਡਰ ਨਾਲ ਕੀਤੀ ਜਾਂਦੀ ਹੈ ਅਤੇ ਵੱਧ ਤਾਪਮਾਨ ਹੋਣ ਕਾਰਨ ਅਗੇਤੀ ਕਣਕ ਦੀ ਫ਼ਸਲ ਉੱਪਰ ਸੈਨਿਕ ਸੁੰਡੀ ਅਤੇ ਗੁਲਾਬੀ ਸੁੰਡੀ ਦਾ ਹਮਲਾ ਦੇਖਿਆ ਗਿਆ ਹੈ ਜਿਸ ਕਾਰਨ ਕਣਕ ਦੀ ਫ਼ਸਲ ਦਾ ਨਿਰੰਤਰ ਨਿਰੀਖਣ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਬੁਰਜ ਮਸਤਾਂ ਬਲਾਕ ਫ਼ਰੀਦਕੋਟ ਵਿੱਚ ਸਰਪੰਚ ਸੁਖਮੰਦਰ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨੂੰ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਅਤੇ ਸੈਨਿਕ ਸੁੰਡੀ ਦੇ ਹਮਲੇ ਬਾਰੇ ਜਾਗਰੂਕ ਕਰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕੀਤਾ। ਇਸ ਮੌਕੇ ਡਾ. ਗੁਰਪ੍ਰੀਤ ਸਿੰਘ , ਡਾ.ਦਵਿੰਦਰ ਪਾਲ ਸਿੰਘ ਗਰੇਵਾਲ ,ਡਾ. ਸੁਖਦੀਪ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ , ਤੇਜਾ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ।

ਗੁਲਾਬੀ ਸੁੰਡੀ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਗੁਲਾਬੀ ਸੁੰਡੀ ਤਾਂ ਹਰੇਕ ਤਰ੍ਹਾਂ ਦੀ ਤਕਨੀਕ ਨਾਲ ਬਿਜਾਈ ਕੀਤੀ ਗਈ ਕਣਕ ਦੀ ਫਸਲ ਉੱਪਰ ਹਮਲਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿਹ ਕਣਕ ਤੋਂ ਇਲਾਵਾ ਇਹ ਸੁੰਡੀ ਮੱਕੀ,ਝੋਨਾ ,ਬਾਸਮਤੀ ਅਤੇ ਜਵਾਰ ਵਿਚ ਵੀ ਹਮਲਾ ਕਰਦੀ ਹੈ, ਇਸ ਲਈ ਗੁਲਾਬੀ ਸੁੰਡੀ ਤੋਂ ਡਰਨ ਦੀ ਨਹੀਂ , ਸਗੋਂ ਸਮੇਂ ਸਿਰ ਸਿਫਾਰਸ਼ਸ਼ੁਦਾ ਤਕਨੀਕਾਂ ਵਰਤ ਕੇ ਇਲਾਜ ਕਰਨ ਦੀ ਜ਼ਰੂਰਤ ਹੈ। ਉਨਾਂ ਦੱਸਿਆ ਕਿ ਗੁਲਾਬੀ ਸੁੰਡੀ, ਜਦੋਂ ਝੋਨੇ ਦੀ ਫਸਲ ਵਿੱਚ ਹੁੰਦੀ ਹੈ ਤਾਂ ਫਸਲ ਦੀ ਕਟਾਈ ਉਪਰੰਤ ਝੋਨੇ ਦੇ ਮੁੱਢਾਂ ਵਿੱਚ ਲੁਕ ਕੇ ਮਿੱਟੀ ਵਿੱਚ ਨਿਵਾਸ ਕਰਦੀ ਹੈ। ਇਸ ਸੁੰਡੀ ਦੇ ਮਾਦਾ ਪਤੰਗੇ ਤਣੇ ਦੁਆਲੇ ਪੱਤੇ ਵਿਚ ਅੰਡੇ ਦਿੰਦੀਆਂ ਹਨ ਜਿਸ ਵਿਚੋਂ ਮੌਸਮ ਦੇ ਹਿਸਾਬ ਨਾਲ 6-7 ਦਿਨਾਂ ਬਾਅਦ ਸੁੰਡੀਆਂ ਨਿਕਲ ਕੇ ਤਣੇ ਵਿਚ ਮੋਰੀ ਕਰਕੇ ਤਣੇ ਅੰਦਰਲਾ ਮਾਦਾ ਖਾਂਦੀਆਂ ਹਨ । ਉਨਾਂ ਦੱਸਿਆ ਕਿ ਨਵੰਬਰ ਤੋਂ ਪਹਿਲਾ ਬੀਜੀ ਕਣਕ ਉੱਪਰ ਇਸ ਦਾ ਜ਼ਿਆਦਾ ਹਮਲਾ ਦੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਜਿਵੇਂ ਜਿਵੇਂ ਠੰਡ ਵਧੇਗੀ ,ਸੁੰਡੀ ਆਪਣੇ ਆਪ ਖਤਮ ਹੁੰਦੀ ਜਾਵੇਗੀ। ਉਨਾਂ ਦੱਸਿਆ ਕਿ ਸੁੰਡੀਆਂ ਦੁਆਰਾ ਤਣੇ ਅੰਦਰਲਾ ਮਾਦਾ ਖਾਣ ਨਾਲ ਮੁੱਖ ਸ਼ਾਖ਼ ਸੁੱਕ ਜਾਂਦੀ ਹੈ ਅਤੇ ਬੂਟਾ ਪੀਲਾ ਪੈ ਕੇ ਸੁੱਕ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਉੱਪਰ ਨਾ ਜਾਵੇ ਮਤਲਬ ਕਿ ਜੇਕਰ ਹਮਲਾ ਜ਼ਿਆਦਾ ਹੈ ਤਾਂ ਕੀਟਨਾਸ਼ਕਾਂ ਦੀ ਵਰਤੋਂ ਕਰੋ। ਕਈ ਵਾਰ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਸੁੰਡੀ ਕਣਕ ਦੀ ਫਸਲ ਦਾ ਕਾਫੀ ਨੁਕਸਾਨ ਕਰ ਦਿੰਦੀ ਹੈ।

ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਉਨ੍ਹਾਂ ਦੱਸਿਆ ਕਿ ਕਣਕ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਅ ਕਰਨ ਦਾ ਇੱਕੋ ਇੱਕ ਸੌਖਾ ਅਤੇ ਸਸਤਾ ਤਰੀਕਾ ਬੀਜ ਦੀ ਸੋਧ ਹੈ ਜਿਸ ਨਾਲ ਕਣਕ ਦੀ ਫਸਲ ਨੂੰ ਨਾ ਕੇਵਲ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਕਣਕ ਦੇ ਬੀਜ ਦੀ ਉੱਗਣ ਸ਼ਕਤੀ ਵਿੱਚ ਵਾਧਾ ਵੀ ਹੁੰਦਾ ਹੈ। ਉਨਾਂ ਦੱਸਿਆ ਕਿ ਜਿੰਨਾ ਕਿਸਾਨਾਂ ਨੇ ਬਾਸਮਤੀ ਵਾਲੇ ਖੇਤਾਂ ਵਿੱਚ ਕਣਕ ਦੀ ਬਿਜਾਈ ਕਰਨੀ ਹੈ ,ਉਹ ਬੀਜ ਨੂੰ ਬਿਜਾਈ ਤੋਂ ਪਹਿਲਾਂ ਜ਼ਰੂਰ ਸੋਧ ਲੈਣ । ਉਨਾਂ ਦੱਸਿਆ ਕਿ ਬੀਜ ਸੋਧਣ ਲਈ ਬੀਜ ਨੂੰ ਬਿਜਾਈ ਤੋਂ ਪਹਿਲਾਂ ਕੀਟਨਾਸ਼ਕਾਂ ਜਿਵੇਂ 160 ਮਿਲੀ ਲਿਟਰ ਕਲੋਰੋਪਾਈਰੋਫਾਸ ਜਾਂ 80 ਮਿਲੀ ਲਿਟਰ ਇਮਿਡਾਕਲੋਪ੍ਰਿਡ ਨਾਲ ਹੈਕਸਾਕੋਨਾਜ਼ੋਲ ਪ੍ਰਤੀ 40 ਕਿਲੋ ਬੀਜ ਨਾਲ ਸੋਧ ਕੇ ਬਿਜਾਈ ਕੀਤੀ ਜਾਵੇ। ।

  ਉਨਾਂ ਦੱਸਿਆ ਕਿ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਫ਼ਸਲ ਦਾ ਨਿਰੰਤਰ ਨਿਰੀਖਣ ਕਰੋ ,ਜੇਕਰ ਕਣਕ ਦੀ ਫ਼ਸਲ ਉੱਪਰ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਜ਼ਿਆਦਾ ਹੋਵੇ ਤਾਂ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ 7 ਕਿਲੋ ਫਿਪਰੋਨਿਲ ਜਾਂ ਇੱਕ ਲਿਟਰ ਕਲੋਰੋਪਾਈਰੀਫਾਸ ਨੂੰ 20 ਈ ਸੀ ਨੂੰ 20 ਕਿਲੋ ਸਿੱਲੀ ਮਿੱਟੀ ਵਿੱਚ ਰਲਾ ਕੇ ਛਿੱਟਾ ਦੇ ਦਿਉ।

ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਣਕ ਦੀ ਫਸਲ ਨੂੰ ਦਿਨ ਸਮੇਂ ਪਹਿਲਾ ਪਾਣੀ ਲਗਾਉਣ ਨੂੰ ਤਰਜ਼ੀਹ ਦਿਉ ਤਾਂ ਜੋ ਪੰਛੀ ਵੱਧ ਤੋਂ ਵੱਧ ਸੁੰਡੀਆਂ ਦਾ ਸ਼ਿਕਾਰ ਕਰ ਸਕਣ। ਉਨਾਂ ਦੱਸਿਆ ਕਿ ਜੇਕਰ ਪਹਿਲਾ ਪਾਣੀ ਲਾਉਣ ਤੋਂ ਬਾਅਦ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਤਾਂ 50 ਮਿਲੀ ਲਿਟਰ ਕਲੋਰਐਂਟਰਾਨਿਲੀਪਰੋਲ 18.5 ਐਸ ਸੀ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਨੂੰ ਛਿੜਕਾਅ ਪੰਪ ਵਰਤ ਕੇ ਗੋਲ ਨੋਜ਼ਲ ਨਾਲ ਛਿੜਕਾਅ ਕਰੋ। ਸਰਪੰਚ ਸੁਖਮੰਦਰ ਸਿੰਘ ਨੇ ਸਮੂਹ ਅਧਿਕਾਰੀਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਹਾ ਕਿ ਬੁਰਜ ਮਸਤਾਂ ਵਿਚ ਸਮੂਹ ਕਿਸਾਨਾਂ ਨੇ ਪਰਾਲੀ ਨੂੰ ਅੱਗ ਲਗਾਏ ਬਗੈਰ ਕਣਕ ਦੀ ਬਿਜਾਈ ਕੀਤੀ ਹੈ।

[wpadcenter_ad id='4448' align='none']