ਫਰੀਦਕੋਟ 14 ਮਾਰਚ 2024 ( ) ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਅਗਾਂਹੂ ਪ੍ਰਬੰਧਾਂ ਦੀ ਸਮੀਖਿਆ ਲਈ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮਿੰਨੀ ਮੀਟਿੰਗ ਹਾਲ ਵਿੱਚ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ, ਡਾ.ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ,ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਮਨਜੀਤ ਸਿੰਘ ਸਹਾਇਕ ਮੱਛੀ ਅਫਸਰ, ਭੁਵੇਸ਼ ਕੁਮਾਰ ਸਮੇਤ ਵਿਭਾਗਾਂ ਦੇ ਨੁਮਾਇੰਦੇ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਫਰੀਦਕੋਟ ਵਿੱਚ ਸਾਲ 2023-24 ਦੌਰਾਨ ਤਕਰੀਬਨ 857 ਹੈਕਟੇਅਰ ਰਕਬੇ ਵਿੱਚ ਨਰਮੇ ਦੀ ਕਾਸ਼ਤ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਝੋਨੇ ਹੇਠੋਂ ਰਕਬਾ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਨਰਮੇ ਦੀ ਸਫਲਤਾ ਲਈ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਅਗਾਂਹੂ ਪ੍ਰਬੰਧ ਕਰਨੇ ਬਹੁਤ ਜ਼ਰੂਰੀ ਹੈ । ਉਨ੍ਹਾਂ ਦੱਸਿਆ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪਿੰਡਾਂ ਵਿੱਚ ਕਿਸਾਨਾਂ ਅਤੇ ਹੋਰ ਲੋਕਾਂ ਵੱਲੋਂ ਸੰਭਾਲ ਕੇ ਰੱਖੀਆਂ ਛਿੱਟੀਆਂ ਦੇ ਅਣਖਿੜੇ ਟਿੰਡਿਆਂ ਵਿੱਚ ਨਿਵਾਸ ਕਰਦੀ ਹੈ । ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੀ ਸੁਚੱਜੀ ਰੋਕਥਾਮ ਲਈ ਛਿੱਟੀਆਂ ਨੂੰ ਅਪ੍ਰੈਲ ਮਹੀਨੇ ਤੋਂ ਪਹਿਲਾਂ ਬਾਲਣ ਦੇ ਤੌਰ ਤੇ ਵਰਤ ਲੈਣਾ ਬਹੁਤ ਜ਼ਰੂਰੀ ਹੈ।
ਡਿਪਟੀ ਕਮਿਸ਼ਨਰ ਵੱਲੋਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਅਣ-ਅਧਿਕਾਰਤ ਨਰਮੇਂ/ਕਪਾਹ ਦੇ ਬੀਜ ਦੀ ਵਿਕਰੀ ਨੂੰ ਪੂਰਨ ਤੌਰ ਬੰਦ ਕਰਨ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਬੀਜ ਵਿਕ੍ਰੇਤਾ ਅਣਅਧਿਕਾਰਤ ਬੀਜ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਬੀਜ ਐਕਟ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀਆਂ ਸਿਫਾਰਸ਼ਸ਼ੁਦਾ ਕਿਸਮਾਂ ਦੇ ਬੀਜ ਤੇ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਵੇਗੀ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਪੂਰਨ ਸਹਿਯੋਗ ਕਰਦਿਆਂ ਜਾਂ ਤਾਂ ਛੱਟੀਆਂ ਨੂੰ ਬਾਲਣ ਦੇ ਤੌਰ ਤੇ ਅਪਰੈਲ ਮਹੀਨੇ ਤੋਂ ਵਰਤ ਲੈਣ ਜਾਂ ਅੱਗ ਲਗਾ ਕੇ ਸਾੜ ਦੇਣ।
ਉਨ੍ਹਾਂ ਕਿਹਾ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਸੜਕਾਂ,ਨਹਿਰਾਂ, ਸੜਕਾਂ ਖੇਤਾਂ ਵਿੱਚ ਨਦੀਨਾਂ ਦਾ ਖਾਤਮਾ ਕਰਨ ਲਈ ਸੰਬੰਧਤ ਵਿਭਾਗਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਹਰ ਸੋਮਵਾਰ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਗਤੀ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਕਪਾਹ/ਨਰਮੇਂ ਦੀ ਫਸਲ ਨੂੰ ਆਉਣ ਵਾਲੇ ਸੀਜਨ ਦੌਰਾਨ ਕਾਮਯਾਬ ਬਣਾਉਣ ਲਈ ਛਿਟੀਆਂ ਦੇ ਪ੍ਰਬੰਧਨ ਬਾਰੇ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੁਹਿੰਮ ਤਹਿਤ ਜਾਗਰੁਕਤਾ ਕੈਂਪ, ਸੋਸ਼ਲ ਮੀਡੀਆ,ਪ੍ਰਿੰਟ ਮੀਡੀਆ ਰਾਹੀਂ ਸਮੂਹ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।