ਪੀ ਆਰ 126 ਕਿਸਮ ਹੇਠ ਰਕਬਾ ਵਧਾਉਣ ਦੀ ਲੋੜ: ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ : 24 ਅਪ੍ਰੈਲ 2024

          ਡਿਪਟੀ ਕਮਿਸ਼ਨਰ,ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੇ ਆਦੇਸ਼ਾਂ ਤੇ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ. ਅਮਰੀਕ ਸਿੰਘ ਨੇ ਸਥਾਨਕ ਦਾਣਾ ਮੰਡੀ ਵਿੱਚ ਕੀਤੇ ਦੌਰੇ ਦੌਰਾਨ ਇਕੱਤਰ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਝੋਨੇ ਦੀ ਪੀ ਆਰ 126 ਕਿਸਮ , ਅਜਿਹੀ ਕਿਸਮ ਹੈ ,ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ।

            ਕਿਸਾਨਾਂ ਨੂੰ ਝੋਨੇ ਦੀ ਪੀ ਆਰ 126 ਦੀ ਕਾਸਤ ਕਰਨ ਪ੍ਰੇਰਿਤ ਕਰਦਿਆਂ ਡਾ.ਅਮਰੀਕ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਆ ਤੇ ਕੁਝ ਸੈਲਰ ਜਥੇਬੰਦੀਆ ਦੇ ਨਾਮ ਹੇਠ ਇਸ਼ਤਿਹਾਰ ਛਾਪ ਕੇ ਕਿਸਾਨਾਂ ਨੂੰ ਝੋਨੇ ਦੀ ਪੀ ਆਰ 126 ਕਿਸਮ ਦੀ ਕਾਸ਼ਤ ਨਾਂ ਕਰਨ ਲਈ ਕਿਹਾ ਜਾ ਰਿਹਾ ਹੈ ਜਿਸ ਤੋਂ ਕਿਸਾਨਾਂ ਨੂੰ ਪ੍ਰਭਾਵਤ ਨਹੀਂ ਹੋਣਾ ਚਾਹੀਦਾ।ਉਨਾਂ ਕਿਹਾ ਕਿ ਪੀ ਆਰ 126 ਕਿਸਮ ,ਪੰਜਾਬ ਦੀ ਇੱਕੋ ਇੱਕ ਅਜਿਹੀ ਕਿਸਮ ਹੈ ਜੋ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਂਵਾਂ ਜਾਣ ਤੋਂ ਰੋਕਣ ਅਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ ।

            ਉਨਾਂ ਕਿਹਾ ਕਿ ਪਿਛਲੇ ਸਾਲ ਹੜ੍ਹਾਂ ਕਾਰਨ ਝੋਨੇ ਦੀ ਫਸਲ ਦੇ ਖਰਾਬ ਹੋਣ ਉਪਰੰਤ ,ਪ੍ਰਭਾਵਿਤ ਕਿਸਾਨਾਂ ਵੱਲੋਂ ਪੀ ਆਰ 126 ਕਿਸਮ ਦੀ ਲਵਾਈ ਕੀਤੀ ਸੀ ਅਤੇ ਪਿਛੇਤ ਹੋਣ ਦੇ ਬਾਵਜੂਦ ਵਧੀਆ ਝਾੜ ਦਿੱਤਾ ਸੀ, ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਘੱਟ ਹੋਇਆ ਸੀ।ਉਨਾਂ ਕਿਹਾ ਕਿ ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਾਲ 2017 ਵਿੱਚ ਲੰਮੇ ਤਜ਼ਰਬੇ ਕਰਨ ਉਪਰੰਤ ਜ਼ਾਰੀ ਕੀਤੀ ਸੀ ਅਤੇ ਪੰਜਾਬ ਵਿੱਚ ਵੱਡੇ ਰਕਬੇ ਵਿੱਚ ਕਿਸਾਨਾਂ ਵੱਲੋਂ ਪੀ ਆਰ 126  ਦੀ ਕਾਸਤ ਕੀਤੀ ਜਾ ਰਹੀ ਹੈ।ਉਨਾਂ ਕਿਹਾ ਕਿ ਝੋਨੇ ਦੀ ਪੀ ਆਰ 126 ਕਿਸਮ ਦੀ ਔਸਤਨ ਉਚਾਈ 102 ਸੈਂਟੀਮੀਟਰ ਹੋਣ ਕਾਰਨ ਪਰਾਲੀ ਘੱਟ ਬਣਦੀ ਹੈ ਜਿਸ ਕਾਰਨ ਸਰਫੇਸ ਸੀਡਰ,ਸੁਪਰ ਸੀਡਰ,ਹੈਪੀ ਸੀਡਰ ਜਾਂ ਸਮਾਰਟ ਸੀਡਰ ਨਾਲ ਝੋਨੇ ਦੀ ਪਰਾਲੀ ਨੂੰ ਜਲਾਏ ਜਾਂ ਖੇਤ ਵਿੱਚੋਂ ਬਾਹਰ ਕੱਢੇ ਬਗੈਰ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।

            ਡਾ.ਅਮਰੀਕ ਸਿੰਘ ਨੇ  ਕਿਹਾ ਕਿ ਪੀ ਆਰ 126  ਕਿਸਮ ਲੁਆਈ ਤੋਂ ਬਾਅਦ 93 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿਸ ਕਾਰਨ ਜ਼ਮੀਨ ਹੇਠਲਾ ਪਾਣੀ ਦੀ ਬੱਚਤ ਬਹੁਤ ਹੁੰਦੀ ਹੈ ਕਿਉਂਕਿ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਲਵਾਈ ਕਰਨ ਸਮੇਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਹਨ।ਉਨਾਂ ਕਿਹਾ ਕਿ  ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਦਸ ਵਿਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ  ਹੈ ਅਤੇ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਦੇ ਦਿੰਦੀ ਹੈ।

            ਉਨਾਂ ਕਿਹਾ ਕਿ ਪੀ ਆਰ 126 ਦਾ ਦਾਣਾ ਦਾਣਾ ਖ੍ਰੀਦ ਏਜੰਸੀਆਂ ਵੱਲੋਂ ਖ੍ਰੀਦਿਆ ਜਾਵੇਗਾ ਅਤੇ ਕਿਸਾਨਾਂ ਨੂੰ ਦੁਚਿੱਤੀ ਵਿੱਚ ਪੈਣ ਦੀ ਜ਼ਰੂਰਤ ਨਹੀਂ। ਉਨਾਂ ਕਿਹਾ ਕਿ ਇਸ ਕਿਸਮ ਦੀ ਪਨੀਰੀ ਦੀ ਬਿਜਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫਾਰਸ਼ ਸਮੇਂ 25 ਮਈ ਤੋਂ 20 ਜੂਨ ਤੱਕ ਕੀਤੀ ਜਾ ਸਕਦੀ ਹੈ ।ਉਨਾਂ ਕਿਹਾ ਕਿ ਲਵਾਈ ਸਮੇਂ ਪੀ ਆਰ ਕਿਸਮ ਦੀ ਪਨੀਰੀ ਦੀ ਉਮਰ 25 ਦਿਨ ਤੋਂ ਵੱਧ ਨਹੀਂ ਹੋਣੀ ਚਾਹੀਦੀ ਅਤੇ ਵਧੇਰੇ ਪੈਦਾਵਾਰ ਲੈਣ ਲਈ ਪਨੀਰੀ ਦੀ ਬਿਜਾਈ ਬਿਆੜਿਆਂ ਵਿੱਚ ਕਰਨੀ ਚਾਹੀਦੀ । 

            ਇਸ ਮੌਕੇ ਮੌਜੂਦ ਪਿੰਡ ਕੰਮੇਆਣਾ ਦੇ ਸਾਬਕਾ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਖੇਤੀਬਾੜੀ ਅਧਿਕਾਰੀਆਂ ਦੀ ਸਿਫਾਰਸ਼ ਤੇ ਦੋ ਏਕੜ ਵਿੱਚ ਪੀ ਆਰ 126 ਕਿਸਮ ਦੀ ਕਾਸਤ ਕੀਤੀ ਸੀ ਅਤੇ ਪਿਛੇਤੀ ਲਵਾਈ ਹੋਣ ਦੇ ਬਾਵਜੂਦ 29 ਕੁਇੰਟਲ ਪ੍ਰਤੀ ਪੈਦਾਵਾਰ ਮਿਲੀ। ਉਨਾਂ ਕਿਹਾ ਕਿ ਬਾਕੀ ਕਿਸਮਾਂ ਦੇ ਮੁਕਾਬਲੇ ਇਸ ਕਿਸਮ ਨੂੰ ਬਿਮਾਰੀਆਂ ਅਤੇ ਕੀੜੇ ਨਾਂ ਮਾਤਰ ਹੀ ਨੁਕਸਾਨ ਪਹੁੰਚਾਉਂਦੇ ਹਨ ਜਿਸ ਕਾਰਨ ਕੀਟ ਨਾਸ਼ਕ ਦਵਾਈਆਂ ਤੇ ਹੋਣ ਵਾਲੇ ਖਰਚੇ ਦੀ ਬੱਚਤ ਹੋ ਜਾਂਦੀ ਹੈ।ਉਨਾਂ ਕਿਹਾ ਕਿ ਇਹ ਕਿਸਮ ਕਿਸਾਨ ਪੱਖੀ ਹੋਣ ਕਾਰਨ ਵੱਧ ਤੋਂ ਵੱਧ ਰਕਬੇ ਵਿੱਚ ਇਸ ਦੀ ਕਾਸਤ ਕਰਨੀ ਚਾਹੀਦੀ ਹੈ।ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਇਸ ਕਿਸਾਨ ਪੱਖੀ ਕਿਸਮ ਦੇ ਖਿਲਾਫ  ਹੋ ਰਹੇ ਕਿਸੇ ਵੀ ਕਿਸਮ ਦੇ ਪ੍ਰਚਾਰ  ਤੇ ਭਰੋਸਾ ਨਾ ਕੀਤਾ ਜਾਵੇ ਅਤੇ ਇਸ ਕਿਸਮ ਹੇਠ ਵੱਧ ਤੋਂ ਵੱਧ ਰਕਬਾ ਬੀਜਿਆ ਜਾਵੇ।

            ਆੜਤੀ ਆਗੂ ਅਤੇ ਸੈਲਰ ਮਾਲਕ ਬਰਜਿੰਦਰ ਗਰਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸ਼ੈਲਰ ਇੰਡਸਟਰੀ ਦੇ ਹਿੱਤ ਵਿੱਚ ਕਿਸਾਨ ਪੀ ਆਰ 126 ਕਿਸਮ ਦੀ ਲਵਾਈ ਵਿੱਚ ਬਹੁਤੀ ਪਿਛੇਤ ਨਾਂ ਕਰਨ ਸਗੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਿਫਾਰਸ਼ ਪਨੀਰੀ ਦੀ ਬਿਜਾਈ 25 ਮਈ ਤੋਂ 20 ਜੂਨ ਤੱਕ ਅਤੇ ਲਵਾਈ ਪਨੀਰੀ ਬੀਜਣ ਤੋਂ 25 ਦਿਨਾਂ ਬਾਅਦ ਕਰਵਾ ਦੇਣ ਤਾਂ ਜੋ ਪੱਕਣ ਸਮੇਂ ਦਾਣਿਆਂ ਵਿੱਚ ਨਮੀ ਦੀ ਮਾਤਰਾ ਨਿਰਧਾਰਿਤ 17 ਫੀਸਦੀ ਹੀ ਰਹੇ।

          ਇਸ ਮੌਕੇ ਡਾ.ਰੁਪਿੰਦਰ ਸਿੰਘ.ਡਾ.ਲਖਵੀਰ ਸਿੰਘ,ਡਾ. ਮਨਦੀਪ ਸਿੰਘ,ਡਾ.ਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ,ਆੜ੍ਹਤੀਆ ਬਰਜਿੰਦਰ ਗਰਗ,ਸਾਬਕਾ ਸਰਪੰਚ ਜਗਜੀਤ ਸਿੰਘ ਪਿੰਡ ਕੰਮੇਆਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।

[wpadcenter_ad id='4448' align='none']