ਫਰੀਦਕੋਟ 24 ਅਗਸਤ 2024 ( )
ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਆਈ ਏ ਐਸ ਦੀ ਅਗਵਾਈ ਹੇਠ ਫਸਲੀ ਰਹਿੰਦ ਖੂੰਹਦ ਸੰਭਾਲ ਸਕੀਮ ਤਹਿਤ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਿਣ ਮੁਕਤ ਬਨਾਉਣ ਲਈ ਆਰੰਭੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਮੁੱਖ ਖ਼ੇਤੀਬਾੜੀ ਅਫ਼ਸਰ ਡਾਕਟਰ ਅਮਰੀਕ ਸਿੰਘ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਨੁਕਸਾਨਾਂ ਦੇ ਮੱਦੇ ਨਜ਼ਰ ਝੋਨੇ ਦੀ ਪਰਾਲੀ ਨੂੰ ਅੱਗ ਨਾਂ ਲਗਾਉਣ ਲਈ ਪ੍ਰੇਰਿਤ ਕੀਤਾ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਸਾਲ 2023-24 ਦੌਰਾਨ ਜ਼ਿਲਾ ਫ਼ਰੀਦਕੋਟ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੇ 2022 ਵਾਕਿਆ ਦਰਜ ਕੀਤੇ ਗਏ ਸਨ । ਉਨਾਂ ਕਿਹਾ ਕਿ ਸਾਲ 2024-25 ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਸਮੂਹ ਜਥੇਬੰਦੀਆਂ ਦੇ ਸਹਿਯੋਗ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਜਾਗਰੂਕਤਾ ਪੈਦਾ ਕਰਨ ਲਈ ਪਿੰਡ ਅਤੇ ਬਲਾਕ ਪੱਧਰ ਤੇ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ।ਉਨਾਂ ਦੱਸਿਆ ਕਿ ਸੀ ਆਰ ਐੱਮ ਸਕੀਮ ਤਹਿਤ ਖੇਤੀ ਮਸੀਨਰੀ ਸਬਸਿਡੀ ਤੇ ਲੈਣ ਲਈ ਨਿੱਜੀ ਪੱਧਰ ਤੇ 351 ਕਿਸਾਨਾਂ ਵੱਲੋਂ ਅਪਲਾਈ ਕੀਤਾ ਗਿਆ ਸੀ ਅਤੇ ਇਨ੍ਹਾਂ ਸਾਰੇ ਬਿਨੈਕਾਰਾਂ ਦੀਆਂ ਅਰਜ਼ੀਆਂ ਸਵੀਕਾਰ ਕਰ ਲਈਆਂ ਗਈਆਂ ਹਨ ਅਤੇ ਅਧਿਕਾਰੀਆਂ ਵੱਲੋਂ ਲਾਭਪਾਤਰੀਆਂ ਦੇ ਜ਼ਮੀਨਾਂ ਨਾਲ ਸਬੰਧਤ ਕਾਗਜ਼ਾਤ ਤਸਦੀਕ ਕੀਤੇ ਜਾ ਰਹੇ ਹਨ ,ਤਸਦੀਕ ਕਰਨ ਉਪਰੰਤ ਅਗਲੇ ਹਫਤੇ ਯੋਗ ਬਿਨੈਕਾਰਾਂ ਨੂੰ ਮਨਜੂਰੀ ਪੱਤਰ ਜਾਰੀ ਕਰ ਦਿੱਤੇ ਜਾਣਗੇ।
ਉਨਾਂ ਦੱਸਿਆ ਕਿ ਸਾਲ 2023-24 ਦੌਰਾਨ ਖਰੀਦ ਕੀਤੀ ਖੇਤੀ ਮਸੀਨਰੀ ਦੀ ਸਬਸਿਡੀ ਦੀ ਰਕਮ ਵੀ ਅਗਲੇ ਹਫਤੇ ਜਾਰੀ ਕਰ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਲਗਾਤਾਰ ਸੰਭਾਲਣ ਨਾਲ ਜਿੱਥੇ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਓਥੇ ਵਾਤਾਵਰਨ ਵੀ ਪ੍ਰਦੂਸ਼ਤ ਹੋਣ ਤੋਂ ਬਚ ਜਾਂਦਾ ਹੈ ਅਤੇ ਫ਼ਸਲਾਂ ਦੀ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ। ਉਨਾਂ ਦੱਸਿਆ ਕਿ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਨਾਲ ਰਸਾਇਣਿ
ਕ ਖਾਦਾਂ ਦੀ ਵਰਤੋਂ ਵਿਚ ਵੀ ਕਮੀ ਆਉਂਦੀ ਹੈ।ਉਨਾਂ ਕਿਹਾ ਕਿ ਜੇਕਰ ਮਿੱਟੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਪੈਦਾ ਹੋਇਆ ਅਨਾਜ ਵੀ ਮਿਆਰੀ ਹੋਵੇਗਾ। ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਵਿਚ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜੋਂ ਅੱਗ ਲੱਗਣ ਕਾਰਨ ਖਤਮ ਹੋ ਜਾਂਦੇ ਹਨ। ਉਨਾਂ ਕਿਹਾ ਕਿ ਇਨ੍ਹਾਂ ਖੁਰਾਕੀ ਤੱਤਾਂ ਨੂੰ ਜ਼ਮੀਨ ਵਿਚ ਵਾਪਿਸ ਕਰਨ ਦੀ ਜ਼ਰੂਰਤ ਹੈ ਤਾਂ ਜੋਂ ਖੁਰਾਕੀ ਤੱਤਾਂ ਨਾਲ ਭਰਪੂਰ ਅਨਾਜ ਪੈਦਾ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਫ਼ਸਲ ਬਹੁਤ ਵਧੀਆ ਹੈ ਇਸ ਲਈ ਬਗੈਰ ਜ਼ਰੂਰਤ ਕੋਈ ਛਿੜਕਾਅ ਨਾਂ ਕੀਤਾ ਜਾਵੇ।
ਕਿਸਾਨ ਆਗੂ ਬਲਕਰਨ ਸਿੰਘ ਨੇ ਵਿਸ਼ਵਾਸ਼ ਦਵਾਇਆ ਕਿ ਜ਼ਿਲਾ ਫਰੀਦਕੋਟ ਨੂੰ ਪ੍ਰਦੂਸ਼ਣ ਮੁਕਤ ਜ਼ਿਲਾ ਬਣਾਉਣ ਵਿਚ ਜ਼ਿਲਾ ਪ੍ਰਸ਼ਾਸ਼ਨ ਨਾਲ ਪੂਰਨ ਤੌਰ ਤੇ ਸਹਿਯੋਗ ਕੀਤਾ ਜਾਵੇਗਾ।ਉਨਾਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਸਬਸਿਡੀ ਤੇ ਖੇਤੀ ਮਸ਼ੀਨਰੀ ਖਰੀਦੀ ਹੈ ,ਉਨਾਂ ਦੀ ਸਬਸਿਡੀ ਦੀ ਰਕਮ ਜਲਦ ਤੋਂ ਜਲਦ ਖਾਤਿਆਂ ਵਿਚ ਪਾਈ ਜਾਵੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਬਲਕਰਨ ਸਿੰਘ ਕਿਸਾਨ ਆਗੂ ਸਮੇਤ ਹੋਰ ਕਿਸਾਨ ਹਾਜ਼ਰ ਸਨ।