ਅਧੁਨਿਕ ਮਸ਼ੀਨਾਂ ਤੇ ਤਕਨੀਕਾਂ ਰਾਹੀਂ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਉਣ ਦੀ ਜ਼ਰੂਰਤ – ਧੀਮਾਨ

ਫ਼ਿਰੋਜ਼ਪੁਰ, 12 ਅਪ੍ਰੈਲ 2024:

            ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਵੱਲੋਂ ਸਰਫੇਸ ਸੀਡਰ ਨਾਲ ਮਲਚਿੰਗ ਤਕਨੀਕ ਅਪਨਾ ਕੇ ਝੋਨੇ ਦੀ ਪਰਾਲੀ ਦੀ ਖੇਤਾਂ ਵਿੱਚ ਹੀ ਨਿਪਟਾਰਾ ਕਰਕੇ ਕਣਕ ਦੀ ਬਿਜਾਈ ਕਰਨ ਵਾਲੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਸ਼ੇਰਗਿੱਲ ਪਿੰਡ ਮਰਖਾਈ ਅਤੇ ਕਮਲਜੀਤ ਸਿੰਘ ਪਿੰਡ ਹਰਦਾਸਾ ਦੇ ਖੇਤਾਂ ਵਿੱਚ ਪਹੁੰਚ ਕੇ ਕਣਕ ਦੀ ਫ਼ਸਲ ਦਾ ਜਾਇਜ਼ਾ ਲਿਆ ਗਿਆ। 

            ਇਸ ਮੌਕੇ ਅਗਾਂਹਵਧੂ ਕਿਸਾਨ ਕੁਲਦੀਪ ਸਿੰਘ ਸ਼ੇਰਗਿੱਲ ਤੇ ਕਲਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਗਵਾਈ ਵਿੱਚ ਉਨ੍ਹਾਂ ਵੱਲੋਂ ਸਰਫੇਸ ਸੀਡਰ ਨਾਲ ਮਲਚਿੰਗ ਵਿਧੀ ਰਾਹੀਂ ਪਰਾਲ਼ੀ ਦੀ ਸਾਂਭ-ਸੰਭਾਲ ਕੀਤੀ ਅਤੇ ਕਣਕ ਦੀ ਬੀਜਾਈ ਕੀਤੀ। ਜਿਸ ਦੇ ਬਹੁਤ ਹੀ ਬਿਹਤਰ ਨਤੀਜੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਇਸ ਵਿਧੀ ਰਾਹੀਂ ਕਣਕ ਦੀ ਬੀਜਾਈ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ ਨਾਲ ਬੀਜਾਈ ਕਰਨ ਨਾਲ ਜਿੱਥੇ ਝਾੜ ਵਿੱਚ ਵਾਧਾ ਹੋ ਰਿਹਾ ਹੈ ਉੱਥੇ ਹੀ ਖਰਚਾ ਵੀ ਬਹੁਤ ਘੱਟ ਹੋਇਆ ਹੈ। ਇਸ ਤੋਂ ਇਲਾਵਾ ਇਸ ਵਿਧੀ ਰਾਹੀਂ ਬੀਜਾਈ ਕਰਨ ਨਾਲ ਅੱਗ ਨਹੀਂ ਲਗਾਉਣ ਦੀ ਲੋੜ ਪੈਂਦੀ ਜਿਸ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਨਹੀਂ ਹੁੰਦਾ ਅਤੇ ਪਾਣੀ ਦੀ ਵਰਤੋਂ ਵੀ ਘੱਟ ਹੁੰਦੀ ਹੈ ਨਦੀਨ ਦੀ ਸਪ੍ਰੇਅ ਦੀ ਲੋੜ ਨਹੀਂ ਪੈਂਦੀ ਅਤੇ ਜ਼ਮੀਨ ਦੀ ਹਾਲਾਤਾਂ ਤੇ ਮਿੱਟੀ ਦੀ ਸਿਹਤ ਵਿੱਚ ਵੀ ਬਹੁਤ ਸੁਧਾਰ ਹੋਇਆ ਹੈ ਜਿਸ ਨਾਲ ਫਸਲ ਨੂੰ ਹੋਣ ਵਾਲੀਆ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਖੇਤਾਂ ਵਿੱਚ ਹੋਣ ਕਾਰਨ ਨਦੀਨ ਨਾਂ ਉੱਗਣ ਕਾਰਨ ਨਦੀਨਨਾਸ਼ਕ ਦੀ ਵਰਤੋਂ ਨਹੀਂ ਗਈ। ਉਨ੍ਹਾਂ ਕਿਹਾ ਕਿ ਹੁਣ ਤੱਕ ਇਸ ਫਸਲ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਜਿਸ ਕਾਰਨ ਕਿਸੇ ਵੀ ਉੱਲੀਨਾਸ਼ਕ ਦਾ ਛਿੜਕਾਅ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਹੋਰਨਾਂ ਕਿਸਾਨਾਂ ਨੂੰ ਵੀ ਇਹ ਵਿਧੀ ਅਪਨਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਸਦਕਾ ਸਰਫੇਸ ਸੀਡਰ ਤਕਨੀਕ ਦੀ ਸਫਲਤਾ ਨੂੰ ਵੇਖਦਿਆਂ ਭਵਿੱਖ ਵਿੱਚ ਹੋਰ ਪਿੰਡਾਂ ਦੇ ਕਿਸਾਨ ਵੀ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਨਗੇ।  

            ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਸਾਨ ਕੁਲਦੀਪ ਸਿੰਘ ਸ਼ੇਰਗਿੱਲ ਤੇ ਕਲਜੀਤ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਇਨ੍ਹਾਂ ਤੋਂ ਸੇਧ ਲੈ ਕੇ ਸਰਫੇਸ ਸੀਡਰ ਸਮੇਤ ਹੋਰ ਤਕਨੀਕਾਂ ਦਾ ਫਾਇਦਾ ਲੈਣਾ ਚਾਹੀਦਾ ਹੈ। ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਨਦੀਨ ਨਾਸ਼ਕ ਦਵਾਈ ਦੇ ਛਿੜਕਾਅ ਦੀ ਵੀ ਜ਼ਰੂਰਤ ਨਹੀਂ ਪੈਂਦੀ ਅਤੇ ਪਾਣੀ ਵੀ ਘੱਟ ਲੱਗਦਾ ਹੈ ਕਿਉਂਕਿ ਖੇਤ ਵਿੱਚ ਪਈ ਪਰਾਲੀ ਖੇਤ ਵਿੱਚ ਢੱਕਣੇ (ਮਲਚਿੰਗ) ਦਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਰਫੇਸ ਸੀਡਰ ਮਸ਼ੀਨ ਨਾਲ ਖੇਤ ਨੂੰ ਬਿਨਾਂ ਵਾਹਿਆਂ ਕਣਕ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ।

            ਇਸ ਮੌਕੇ ਡਾ. ਜੰਗੀਰ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਪਰਾਲੀ ਤੇ ਫਸਲੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਤੋਂ ਮੁਕਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਲਗਾਤਾਰ ਕੈਂਪ ਲਗਾਤਾਰ ਲਗਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2023 ਦੌਰਾਨ ਜ਼ਿਲਾ ਫਿਰੋਜ਼ਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵੱਡੀ ਕਮੀ ਆਈ ਹੈ। ਡਾ. ਜਗਸੀਰ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਫ਼ਿਰੋਜ਼ਪੁਰ ਵੱਲੋਂ ਹਾਟ ਸਪਾਟ ਪਿੰਡਾਂ ਵਿੱਚ ਵਿਸ਼ੇਸ਼ ਕਿਸਾਨ ਜਾਗਰੁਕਤਾ ਕੈਂਪ ਲਗਾ ਕੇ ਪਰਾਲੀ ਨੂੰ ਅੱਗ ਨਾਂ ਲਗਾਉਣ ਅਤੇ ਸਰਫੇਸ ਸੀਡਰ ਅਪਨਾਉਣ ਲਈ ਪੇ੍ਰਿਤ ਕੀਤਾ ਜਾਂਦਾ ਹੈ।

            ਇਸ ਮੌਕੇ ਬਲਾਕ ਖੇਤੀਬਾੜੀ ਅਫ਼ਸਰ ਜ਼ੀਰਾ ਸ. ਬਲਵਿੰਦਰ ਸਿੰਘ, ਏ.ਡੀ.ਓ. ਸ. ਜਸਪ੍ਰੀਤ ਸਿੰਘ ਅਤੇ ਸ੍ਰੀ ਅਮਿਤ ਪੁੰਜ ਸਮੇਤ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਤੇ ਪਿੰਡਾਂ ਦੇ ਕਿਸਾਨ ਵੀ ਹਾਜ਼ਰ ਸਨ।

[wpadcenter_ad id='4448' align='none']