ਫਾਜ਼ਿਲਕਾ 26 ਜੂਨ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਆਰੰਭੀ ਫੈਸਲਾਕੁੰਨ ਲੜਾਈ ਵਿਚ ਹੁਣ ਪਿੰਡਾਂ ਦੇ ਲੋਕ ਵੀ ਜੁੜਨ ਲੱਗੇ ਹਨ। ਅੱਜ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮੌਕੇ ਫਾਜ਼ਿਲਕਾ ਜ਼ਿਲ੍ਹੇ ਦੇ 133 ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਦਾ ਪ੍ਰਣ ਲੈਂਦਿਆਂ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਨਸ਼ੇ ਤੋਂ ਪੀੜਤਾਂ ਦਾ ਇਲਾਜ ਕਰਵਾਉਣ ਸਬੰਧੀ ਮਤੇ ਪਾਸ ਕਰਕੇ ਇਸ ਲੜਾਈ ਵਿਚ ਪ੍ਰਸ਼ਾਸਨ ਦਾ ਸਾਥ ਦੇਣ ਦਾ ਅਹਿਦ ਲਿਆ ਹੈ।
ਫਾਜ਼ਿਲਕਾ ਜ਼ਿਲ੍ਹੇ ਦੇ ਪੰਜਾਂ ਬਲਾਕਾਂ ਵਿਚ ਪਿੰਡਾਂ ਦੇ ਲੋਕਾਂ ਨੇ ਪੰਚਾਇਤੀ ਮਤੇ ਪਾ ਕੇ ਇਹ ਨਵੀਂ ਪਹਿਲ ਕਦਮੀ ਕੀਤੀ ਹੈ। ਅਕਸਰ ਪਿੰਡਾਂ ਵਿਚ ਆਪਸੀ ਭਾਈਚਾਰੇ ਕਾਰਨ ਜਾਂ ਆਪਸੀ ਨੇੜਤਾ ਕਾਰਨ ਕੋਈ ਨਸ਼ੇ ਦੇ ਕੰਮ ਵਿਚ ਲੱਗੇ ਮਾੜੇ ਅਨਸਰ ਦੀ ਸੂਚਨਾ ਦੇਣ ਨੂੰ ਤਿਆਰ ਨਹੀਂ ਸੀ ਹੁੰਦਾ ਪਰ ਹੁਣ ਲੋਕਾਂ ਨੇ ਇਸ ਰਵਾਇਤ ਨੂੰ ਤੋੜਨ ਦਾ ਸੰਕਲਪ ਲਿਆ ਹੈ। ਬੀਤੇ ਦਿਨੀਂ ਪਿੰਡ ਖੁੱਬਣ ਦੇ ਲੋਕਾਂ ਨੇ ਬੇਝਿਜਕ ਅਜਿਹੀ ਸੂਚਨਾ ਪੁਲਿਸ ਨਾਲ ਸਾਂਝੀ ਕੀਤੀ ਸੀ ਅਤੇ ਪੁਲਿਸ ਨੇ ਤੁਰੰਤ ਪਿੰਡ ਵਿਚ ਕਾਨੂੰਨੀ ਕਾਰਵਾਈ ਕੀਤੀ ਸੀ।ਹੁਣ ਅਜਿਹੇ ਵਰਤਾਰੇ ਪਿੰਡ ਪਿੰਡ ਵੇਖਣ ਨੂੰ ਮਿਲਣਗੇ ਕਿਉਂਕਿ ਲੋਕਾਂ ਨੇ ਪੰਚਾਇਤੀ ਮਤੇ ਰਾਹੀਂ ਫੈਸਲਾ ਕੀਤਾ ਹੈ ਕਿ ਉਹ ਨਸ਼ੇ ਵੇਚਣ ਦੇ ਕੰਮ ਵਿਚ ਲੱਗੇ ਕਿਸੇ ਵੀ ਬੰਦੇ ਦਾ ਸਾਥ ਨਹੀਂ ਦੇਣਗੇ ਸਗੋਂ ਉਸਦੀ ਸੂਚਨਾ ਪੁਲਿਸ ਨੂੰ ਦੇਣਗੇ।
ਇਸ ਸਬੰਧੀ ਪਿੰਡਾਂ ਵੱਲੋਂ ਪਾਏ ਗਏ ਮਤਿਆਂ ਵਿਚ ਜਿੱਥੇ ਮਾੜੇ ਅਨਸਰਾਂ ਖਿਲਾਫ ਪਿੰਡਾਂ ਦੇ ਲੋਕਾਂ ਨੇ ਅਹਿਦ ਲਿਆ ਹੈ ਉਥੇ ਹੀ ਲੋਕਾਂ ਨੇ ਨਸ਼ੇ ਦੀ ਬਿਮਾਰੀ ਤੋਂ ਪੀੜਤ ਲੋਕਾਂ ਨੂੰ ਵੀ ਇਲਾਜ ਲਈ ਪ੍ਰੇਰਿਤ ਕਰਕੇ ਉਨ੍ਹਾਂ ਦੇ ਇਲਾਜ ਕਰਵਾਉਣ ਦਾ ਸੰਕਲਪ ਵੀ ਲਿਆ ਹੈ। ਪਿੰਡ ਕਿਲਿਆਂ ਵਾਲੀ ਦੇ ਉਪਕਾਰ ਸਿੰਘ ਆਖਦੇ ਹਨ ਕਿ ਬਹੁਤ ਸਾਰੇ ਲੋਕ ਇਸ ਲਈ ਇਲਾਜ ਲਈ ਅੱਗੇ ਨਹੀਂ ਸੀ ਆਉਂਦੇ ਕਿ ਜੇਕਰ ਉਹ ਹਸਪਤਾਲ ਗਏ ਤਾਂ ਪੁਲਿਸ ਫੜ ਲਵੇਗੀ। ਹੁਣ ਅਸੀਂ ਪੰਚਾਇਤੀ ਤੌਰ ਤੇ ਅਜਿਹੇ ਲੋਕਾਂ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਨਸ਼ੇ ਛੱਡਣ ਲਈ ਆਪਣਾ ਇਲਾਜ ਕਰਵਾਉਣ।
ਚੱਕ ਖਿਓਵਾਲੀ ਦੇ ਗੁਰਪਾਲ ਸਿੰਘ ਅਤੇ ਚੱਕ ਰਾਧੇ ਵਾਲਾ ਦੇ ਬਲਜੀਤ ਸਿੰਘ ਆਖਦੇ ਹਨ ਕਿ ਜਦ ਲੋਕ ਅਤੇ ਪ੍ਰਸ਼ਾਸਨ ਮਿਲ ਕੇ ਕੰਮ ਕਰੇਗਾ ਤਾਂ ਸਫਲਤਾ ਦੀ ਦਰ ਵੱਧਣੀ ਲਾਜਮੀ ਹੈ।
ਓਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਪਿੰਡਾਂ ਦੇ ਲੋਕਾਂ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਪਿੰਡਾਂ ਦੇ ਲੋਕਾਂ ਦੀ ਪ੍ਰਸ਼ਾਸਨ ਹਰ ਮਦਦ ਕਰੇਗਾ। ਉਨ੍ਹਾਂਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਦੀ ਸਰਕਾਰੀ ਸਿਹਤ ਸੰਸਥਾਂਵਾਂ ਵਿਚ ਮੁਫ਼ਤ ਇਲਾਜ ਕੀਤਾ ਜਾਵੇਗਾ ਜਦ ਕਿ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਦੀ ਪਹਿਚਾਣ ਗੁਪਤ ਰੱਖਦੇ ਹੋਏ ਮਾੜੇ ਅਨਸਰਾਂ ਖਿਲਾਫ ਸ਼ਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਲੜਾਈ ਵਿਚ ਲੋਕਾਂ ਦੇ ਆ ਜੁੜਨ ਨਾਲ ਹੁਣ ਸਾਡੀ ਤਾਕਤ ਕਈ ਗੁਣਾ ਵੱਧ ਜਾਵੇਗੀ।
ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਦਰਸ਼ਨ ਲਾਲ ਨੇ ਦੱਸਿਆ ਕਿ ਫਾਜ਼ਿਲਕਾ ਬਲਾਕ ਵਿਚ 15, ਜਲਾਲਾਬਾਦ ਬਲਾਕ ਵਿਚ 25 ਪਿੰਡਾਂ ਨੇ ਪੰਚਾਇਤੀ ਮਤੇ ਪਾਸ ਕੀਤੇ ਹਨ। ਬੀਡੀਪੀਓ ਗਗਨਦੀਪ ਕੌਰ ਨੇ ਦੱਸਿਆ ਕਿ ਖੂਈਆਂ ਸਰਵਰ ਬਲਾਕ ਵਿਚ 35, ਅਬੋਹਰ ਬਲਾਕ ਵਿਚ 30 ਅਤੇ ਅਰਨੀਵਾਲਾ ਬਲਾਕ ਵਿਚ 28 ਪਿੰਡਾਂ ਦੇ ਲੋਕਾਂ ਨੇ ਨਸ਼ਿਆਂ ਖਿਲਾਫ ਲੜਾਈ ਵਿੱਢਣ ਦੇ ਪੰਚਾਇਤੀ ਮਤੇ ਪਾਸ ਕੀਤੇ ਹਨ।
ਫਾਜ਼ਿਲਕਾ ਜ਼ਿਲ੍ਹੇ ਵਿਚ ਪੁੰਘਰੀ ਨਵੀਂ ਸੋਚ, 133 ਪਿੰਡਾਂ ਨੇ ਨਸ਼ੇ ਰੋਕਣ ਦਾ ਲਿਆ ਅਹਿਦ
[wpadcenter_ad id='4448' align='none']