ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਮਈ, 2024:

ਸਾਰੀਆਂ ਗਰਭਵਤੀ ਔਰਤਾਂ ਦਾ ਜਲਦ ਤੋਂ ਜਲਦ ਪੰਜੀਕਰਣ ਕੀਤਾ ਜਾਵੇ ਅਤੇ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਦਾ ਖ਼ਾਸ ਧਿਆਨ ਰੱਖਿਆ ਜਾਵੇ  ਤਾਂ ਕਿ ਜਣੇਪੇ ਦੌਰਾਨ ਹੋਣ ਵਾਲੀਆਂ ਮੌਤਾਂ ਨੂੰ ਠੱਲ੍ਹ ਪਾਈ ਜਾ ਸਕੇ। ਇਹ ਹਦਾਇਤਾਂ ਮੋਹਾਲੀ ਅਰਬਨ ਏਰੀਏ ਦੀਆਂ ਐਲ.ਐਚ.ਵੀ. ਅਤੇ ਏ.ਐਨ.ਐਮਜ਼ ਨਾਲ ਅੱਜ  ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਅਤੇ ਜ਼ਿਲ੍ਹਾ ਪਰਵਾਰ ਭਲਾਈ ਅਫ਼ਸਰ ਡਾ. ਤਮੰਨਾ ਸਿੰਘ ਵਲੋਂ ਦਿਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਅਤੇ ਲੋੜੀਂਦੀ ਦੇਖਭਾਲ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਕਿ ਮਾਤਰੀ ਮੌਤ ਦਰ ਘਟਾਉਣ ਲਈ ਗਰਭ ਅਵਸਥਾ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਸਮੇਂ ਸਿਰ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਇਸ ਤਰ੍ਹਾਂ ਜਣੇਪੇ ਸਮੇਂ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ।

     ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦੇ ਪ੍ਰਮੁੱਖ ਉਦੇਸ਼ਾਂ ਵਿੱਚੋਂ ਇੱਕ ਮਾਤਰੀ ਮੌਤ ਦਰ ਨੂੰ ਘਟਾਉਣਾ ਵੀ ਹੈ। ਇਸ ਲਈ ਲੋਕਾਂ ਨੂੰ ਬਿਹਤਰ ਜੱਚਾ-ਬੱਚਾ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਕੇਂਦਰ ਵਿਚ ਕੋਈ ਵੀ ਗਰਭਵਤੀ ਮਾਂ ਪਹਿਲੀ ਵਾਰ ਚੈੱਕਅਪ ਦੌਰਾਨ ਹੀ ਹਾਈ ਰਿਸਕ ਲੱਗੇ ਜਿਵੇਂ ਬੀ. ਪੀ. ਵਧਦਾ ਹੋਵੇ,  ਖੂਨ 7 ਗ੍ਰਾਮ ਤੋਂ ਘੱਟ ਹੋਵੇ ਜਾਂ 5 ਫੁੱਟ ਤੋਂ ਘੱਟ ਕੱਦ ਹੋਵੇ ਆਦਿ ਤਾਂ ਉਸ ਮਰੀਜ਼ ਨੂੰ ਤੁਰੰਤ ਜ਼ਿਲ੍ਹਾ ਸਰਕਾਰੀ ਹਸਪਤਾਲ ਪੱਧਰ ’ਤੇ ਰੈਫਰ ਕੀਤਾ ਜਾਵੇ। ਉਸ ਸਮੇਂ ਉਸ ਮਰੀਜ਼ ਦੇ ਵਾਰਿਸ ਨੂੰ ਇਹ ਵੀ ਸਮਝਾਇਆ ਜਾਵੇ ਕਿ ਮਾਂ ਅਤੇ ਬੱਚੇ ਦੀ ਜਾਨ ਨੂੰ ਖਤਰਾ ਕਿਵੇਂ ਘਟਾਇਆ ਜਾ ਸਕਦਾ ਹੈ ਅਤੇ ਇਹ ਸਭ ਕੁੱਝ ਗਰਭਵਤੀ ਮਾਵਾਂ ਨੂੰ ਵੀ ਦੱਸਣਾ ਯਕੀਨੀ ਬਣਾਇਆ ਜਾਵੇ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਰਭਵਤੀ ਔਰਤਾਂ ਦਾ ਮਾਹਰ ਡਾਕਟਰ ਕੋਲੋਂ ਸਰਕਾਰੀ ਹਸਪਤਾਲਾਂ ਵਿਚ ਹੀ ਚੈਕਅੱਪ ਕਰਵਾਇਆ ਜਾਵੇ ਕਿਉਂਕਿ ਸਪੈਸ਼ਲਿਸਟ ਡਾਕਟਰ ਜ਼ਿਆਦਾ ਗਿਆਨਵਾਨ ਹੁੰਦੇ ਹਨ। ਅਜਿਹੇ ਵਿਅਕਤੀ ਜਿਨ੍ਹਾਂ ਕੋਲ ਗਰਭਵਤੀ ਮਾਵਾਂ ਦੀ ਜਾਂਚ ਸਬੰਧੀ ਮੁਹਾਰਤ ਹਾਸਲ ਨਹੀਂ ਹੈ, ਉਨ੍ਹਾਂ ਕੋਲ ਜਾਣ ਨਾਲ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਮੀਟਿੰਗ ’ਚ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਚ.ਚੀਮਾ ਵੀ ਮੌਜੂਦ ਸਨ।

[wpadcenter_ad id='4448' align='none']