ਪਿੰਡ ਟਿਵਾਣਾ ਵਿਖੇ ਘੱਗਰ ਦੇ ਬੰਨ੍ਹ ਦੀ ਮਜ਼ਬੂਤੀ ਵਿੱਚ ਨਹੀਂ ਛੱਡੀ ਜਾ ਰਹੀ ਕੋਈ ਕਸਰ: ਆਸ਼ਿਕਾ ਜੈਨ

ਡੇਰਾਬੱਸੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 03 ਜੁਲਾਈ:

ਬਰਸਾਤਾਂ ਦੇ ਮੱਦੇਨਜ਼ਰ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਪਿੰਡ ਟਿਵਾਣਾ ਤੇ ਹੋਰ ਨੇੜਲੇ ਪਿੰਡਾਂ ਵਿਖੇ ਘੱਗਰ ਦੇ ਬੰਨ੍ਹ ਦੀ ਮਜ਼ਬੂਤੀ ਦੇ ਕੰਮ ਵਿੱਚ ਕੋਈ ਵੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਇਹ ਕਾਰਜ ਜਲਦ ਤੋਂ ਜਲਦ ਨੇਪਰੇ ਚਾੜ੍ਹਿਆ ਜਾਵੇ। ਇਹ ਹਦਾਇਤ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਪਿੰਡ ਟਿਵਾਣਾ ਵਿਖੇ ਬੰਨ੍ਹ ਦੀ ਮਜ਼ਬੂਤੀ ਲਈ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲੈਣ ਮੌਕੇ ਆਖੀ।

       ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਉਹਨਾਂ ਵੱਲੋਂ ਦਿੱਤੇ ਸੁਝਾਵਾਂ ਦੇ ਅਧਾਰ ਉੱਤੇ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ। ਬੰਨ੍ਹ ਸਬੰਧੀ ਲੋੜੀਂਦੀ ਸਮੱਗਰੀ ਦੀ ਘਾਟ ਨਾਲ ਸਬੰਧਤ ਦਿੱਕਤਾਂ ਵੀ ਉਹਨਾਂ ਨੇ ਮੌਕੇ ਉੱਤੇ ਹੀ ਦੂਰ ਕਰਵਾਈਆਂ। ਉਹਨਾਂ ਨੇ ਮਿੱਟੀ ਤੇ ਰੇਤੇ ਦੀਆਂ ਬੋਰੀਆਂ ਦਾ ਪ੍ਰਬੰਧ ਯਕੀਨੀ ਬਨਾਉਣ ਲਈ ਹਦਾਇਤਾਂ ਵੀ ਦਿੱਤੀਆਂ।
       ਉਨ੍ਹਾਂ ਦੱਸਿਆ ਕਿ ਟਿਵਾਣਾ ਵਿੱਚ ਘੱਗਰ ਦੇ ਨਾਲ 2900 ਫੁੱਟ ਲੰਬਾ ਬੰਨ੍ਹ ਲਗਾਉਣ, ਮਜ਼ਬੂਤ ਕਰਨ ਅਤੇ ਮੁਰੰਮਤ ਦੇ ਕੰਮ ਸ਼ੁਰੂ ਕੀਤੇ ਗਏ ਸਨ, ਜਿਸ ਵਿੱਚੋਂ 2400 ਫੁੱਟ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਘੱਗਰ ਦੇ ਬੰਨ੍ਹ ਦੇ ਨਾਲ ਵਸੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦੇਣ ਲਈ ਬਾਕੀ ਦੇ 500 ਫੁੱਟ ਦਾ ਕੰਮ ਵੀ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾ ਰਿਹਾ ਹੈ।
        ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚੋਂ ਲੰਘਦੇ ਚੋਅ, ਨਾਲ਼ੇ ਤੇ ਡਰੇਨਾਂ ਦੀ ਸਫ਼ਾਈ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਹਨ ਹਨ ਤੇ ਵੱਡੀ ਗਿਣਤੀ ਕਾਰਜ ਮੁਕਮੰਲ ਕਰ ਲਏ ਗਏ ਹਨ।
       ਪਿੰਡ ਦੇ ਲੋਕਾਂ ਨੇ ਇਸ ਮੌਕੇ ਚੱਲ ਰਹੇ ਕੰਮ ਤੇ ਤਸੱਲੀ ਪ੍ਰਗਟਾਈ ਤੇ ਕਿਹਾ ਕਿ 2004 ਬਾਅਦ ਹੁਣ ਇਸ ਦੀ ਵੱਡੇ ਪੱਧਰ ਤੇ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਜੇਕਰ ਇਸ ਬਕਾਇਆ ਕਾਰਜ ਨੂੰ ਬਾਰਸ਼ਾਂ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰ ਲਿਆ ਜਾਵੇ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲ ਜਾਵੇਗੀ। ਡਿਪਟੀ ਕਮਿਸ਼ਨਰ ਨੇ ਮੌਕੇ ਤੇ ਹੀ ਕਾਰਜਕਾਰੀ ਇੰਜੀਨੀਅਰ (ਡਰੇਨਜ਼) ਗੁਰਤੇਜ ਸਿੰਘ ਨੂੰ ਇਸ ਕੰਮ ਨੂੰ ਜਲਦ ਨਿਬੇੜਨ ਲਈ ਕਿਹਾ।
     ਉਨ੍ਹਾਂ ਨੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਨੂੰ ਇਸ ਕੰਮ ਦੀ ਨਿਗਰਾਨੀ ਕਰਨ ਅਤੇ ਸਮੇਂ ਸਿਰ ਹੋਣਾ ਯਕੀਨੀ ਬਣਾਉਣ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਮਿੱਟੀ ਦੇ ਬੋਰੇ ਭਰਨ ਲਈ ਮਨਰੇਗਾ ਮਜ਼ਦੂਰਾਂ ਦੀ ਮਦਦ ਦੀ ਲੋੜ ਹੈ ਤਾਂ ਉਨ੍ਹਾਂ ਦੀ ਵੀ ਮਦਦ ਲੈਣ ਤੋਂ ਗੁਰੇਜ਼ ਨਾ ਕੀਤਾ ਜਾਵੇ।
      ਸ਼੍ਰੀਮਤੀ ਜੈਨ ਨੇ ਹੋਰਨਾਂ ਅਧਿਕਾਰੀਆਂ ਨੂੰ ਵੀ ਆਖਿਆ ਕਿ ਉਹ ਫੀਲਡ ਵਿੱਚ ਰਹਿ ਕੇ ਸਾਰੇ ਕਾਰਜਾਂ ਦੀ ਨਜ਼ਰਸਾਨੀ ਕਰਨ। ਉਹਨਾਂ ਨੇ ਅਧਿਕਾਰੀਆਂ ਨੂੰ ਕਿਸ਼ਤੀਆਂ, ਜੈਕਟਾਂ ਤੇ ਜੇਸੀਬੀ ਮਸ਼ੀਨਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਐਨ.ਡੀ.ਆਰ.ਐਫ. ਅਤੇ ਹੋਮਗਾਰਡਜ਼ ਨਾਲ ਵੀ ਰਾਬਤਾ ਰੱਖਣ ਲਈ ਵੀ ਕਿਹਾ।
     ਇਸ ਮੌਕੇ ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ, ਐਕਸੀਅਨ ਡਰੇਨੇਜ ਗੁਰਤੇਜ ਸਿੰਘ ਗਰਚਾ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']