ਹੁਣ ਕਣਕ ਦੀ ਫਸਲ ਤੇ ਕੋਈ ਸਪਰੇ ਕਰਨ ਜਾਂ ਪਾਣੀ ਲਗਾਉਣ ਦੀ ਲੋੜ ਨਹੀਂ

ਬਠਿੰਡਾ, 3 ਅਪ੍ਰੈਲ : ਸਥਾਨਕ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਅਤੇ ਬਲਾਕ ਖੇਤੀਬਾੜੀ ਅਫਸਰ, ਬਠਿੰਡਾ ਡਾ. ਬਲਜਿੰਦਰ ਸਿੰਘ ਵੱਲੋਂ ਪਿੰਡ ਹਰਰਾਏਪੁਰ, ਜੀਦਾ ਅਤੇ ਗਿੱਲ ਪੱਤੀ ਵਿਖੇ ਪਿਛਲੇ ਦਿਨੀਂ ਹੋਈ ਬਾਰਿਸ਼ ਨਾਲ ਪ੍ਰਭਾਵਿਤ ਕਣਕ ਦੇ ਖੇਤਾਂ ਦਾ ਸਰਵੇਖਣ ਕੀਤਾ ਗਿਆ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਸਰਵੇਖਣ ਦੌਰਾਨ ਪਾਇਆ ਕਿ ਜ਼ਿਆਦਾਤਰ ਖੇਤਾਂ ਵਿੱਚ ਕਣਕ ਦੀ ਫ਼ਸਲ ਠੀਕ ਹੈ। ਟੀਮ ਵੱਲੋਂ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਕਣਕ ਦੀ ਫ਼ਸਲ ਤੇ ਕੋਈ ਸਪਰੇ ਕਰਨ ਜਾਂ ਪਾਣੀ ਲਗਾਉਣ ਦੀ ਲੋੜ ਨਹੀਂ ਹੈ। ਮੌਕੇ ਤੇ ਮੌਜੂਦ ਕਿਸਾਨਾਂ ਨੇ ਕਣਕ ਦੇ ਚੰਗੇ ਝਾੜ ਹੋਣ ਦੀ ਉਮੀਦ ਪ੍ਰਗਟਾਈ।

ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਵਾਢੀ ਹੋਣ ਉਪਰੰਤ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਅਤੇ ਨਾੜ ਨੂੰ ਜ਼ਮੀਨ ਵਿੱਚ ਹੀ ਵਾਹ ਦਿੱਤਾ ਜਾਵੇ ਤਾਂ ਜੋ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋ ਸਕੇ ਅਤੇ ਉਪਜਾਊ ਸ਼ਕਤੀ ਬਰਕਰਾਰ ਰਹੇ। ਇਸ ਤਰ੍ਹਾਂ ਵਾਤਾਵਰਨ ਨੂੰ ਦੂਸ਼ਿਤ ਹੋਣ ਤੋ ਬਚਾਉਣ ਦੇ ਨਾਲ-ਨਾਲ ਜ਼ਮੀਨ ਦੀ ਉਪਜ਼ਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਬਠਿੰਡਾ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਵੱਧ ਤੋਂ ਵੱਧ ਰਾਬਤਾ ਕਾਇਮ ਰੱਖਣ ਲਈ ਕਿਹਾ ਤਾਂ ਜੋ ਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ ਦਾ ਕਿਸਾਨ ਵੱਧ ਤੋਂ ਵੱਧ ਫਾਇਦਾ ਲੈ ਸਕਣ।

        ਇਸ ਮੌਕੇ ਬਲਾਕ ਖੇਤੀਬਾੜੀ ਅਫਸਰ ਡਾ. ਬਲਜਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਅਗਲੇ ਸਾਲ ਕਣਕ ਦੀ ਬਿਜਾਈ ਲਈ ਘਰ ਦਾ ਬੀਜ ਹੀ ਤਿਆਰ ਕੀਤਾ ਜਾਵੇ ਤਾਂ ਜੋ ਖੇਤੀ ਖਰਚੇ ਘਟਾਏ ਜਾ ਸਕਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕੰਬਾਈਨ ਨਾਲ ਕਣਕ ਦੀ ਕਟਾਈ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਹੀ ਕੀਤੀ ਜਾਵੇ।

        ਟੀਮ ਵਿੱਚ ਮੌਜੂਦ ਖੇਤੀਬਾੜੀ ਵਿਕਾਸ ਅਫਸਰ ਮਹਿਮਾ ਸਰਜਾ ਡਾ. ਜਸਵਿੰਦਰ ਕੁਮਾਰ ਅਤੇ ਖੇਤੀਬਾੜੀ ਵਿਕਾਸ ਅਫਸਰ ਹਰਰਾਏਪੁਰ ਡਾ. ਅਮਨਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਕਣਕ ਦੇ ਖੇਤਾਂ ਵਿੱਚ ਗੁੱਲੀ ਡੰਡੇ ਦੇ ਨਦੀਨ ਮੌਜੂਦ ਹਨ, ਉਨ੍ਹਾਂ ਨੂੰ ਪੁੱਟ ਕੇ ਖੇਤ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਅਗਲੇ ਸਾਲ ਆਉਣ ਵਾਲੀ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡੇ ਦੇ ਵਾਧੇ ਨੂੰ ਰੋਕਿਆ ਜਾ ਸਕੇ।

[wpadcenter_ad id='4448' align='none']