ਫਰੀਦਕੋਟ :12 ਮਈ 2024 ( ) ਜ਼ਿਲਾ ਫਰੀਦਕੋਟ ਵਿੱਚ ਨਰਮੇ ਦੀ ਫਸਲ ਦੀ ਪੁਨਰ ਸੁਰਜੀਤੀ ਲਈ ਆਤਮਾ ਵਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗ ਨਾਲ ਖੇਤੀ ਅਧਿਕਾਰੀ ਕਰਮਚਾਰੀਆਂ ਨੂੰ ਨਰਮੇ ਦੀਆਂ ਕਾਸ਼ਤਕਾਰੀ ਤਕਨੀਕਾਂ ਪੱਖੋਂ ਮਜ਼ਬੂਤ ਕਰਨ ਲਈ ਸਥਾਨਕ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ ( ਆਤਮਾ) ਮੀਟਿੰਗ ਹਾਲ ਵਿਚ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਕੀਤੀ ।
ਸਹਾਇਕ ਪ੍ਰੋਫੈਸਰ ਡਾ.ਕਮਲਦੀਪ ਸਿੰਘ ਮਠਾੜੂ ਨੇ ਅਧਿਕਾਰੀਆਂ ਨੂੰ ਨਰਮੇ ਦੀਆਂ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਸਾਲ ਮੌਸਮੀ ਖਰਾਬੀ ਦੇ ਕਾਰਨ ਨਰਮੇ ਦੀ ਫਸਲ ਦੀ ਪੈਦਾਵਾਰ ਘੱਟ ਮਿਲੀ ਸੀ ਜਿਸ ਕਾਰਨ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ । ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਮੁੱਖ ਤੌਰ ਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਨਾਮੀ ਕੀਟ ਨੁਕਸਾਨ ਪਹੁੰਚਾਉਂਦੇ ਹਨ ,ਜਿਨ੍ਹਾਂ ਦੀ ਰੋਕਥਾਮ ਲਈ ਸਮੇਂ ਸਿਰ ਨਿਗਰਾਨੀ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਨਰਮੇ ਦਾ ਬੀਜ ਹਮੇਸ਼ਾਂ ਭਰੋਸੇਯੋਗ ਸਰੋਤਾਂ ਤੋਂ ਹੀ ਲੈਣਾ ਚਾਹੀਦਾ ਅਤੇ ਖ੍ਰੀਦ ਕਰਨ ਉਪਰੰਤ ਬਿੱਲ ਜ਼ਰੂਰ ਲਿਆ ਜਾਵੇ। ਉਨ੍ਹਾਂ ਕਿਹਾ ਕਿ ਨਰਮੇ ਦੀ ਕਾਸ਼ਤ ਲਈ ਸਿਫਾਰਸ਼ਸ਼ੁਦਾ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਨਰਮੇ ਦੀ ਕਾਸ਼ਤ ਲਈ ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਅਧਾਰ ਤੇ ਹੀ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਨਰਮੇ ਦੀ ਕਾਸਤ ਹਰ ਹਾਲਤ ਵਿੱਚ 15 ਮਈ ਤੱਕ ਕਰ ਲੈਣੀ ਚਾਹੀਦੀ ਹੈ ਅਤੇ ਫਸਲ ਦੇ ਚੰਗੇ ਜੰਮ ਅਤੇ ਮੁਢਲੇ ਵਾਧੇ ਲਈ ਭਰਵੀ ਰੌਣੀ ਜ਼ਰੂਰ ਕਰ ਲੈਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਖੇਤ ਤਿਆਰ ਕਰਨ ਤੋਂ ਪਹਿਲਾਂ ਇਕ ਮੀਟਰ ਦੀ ਦੂਰੀ ਤੇ ਦੋ ਤਰਫਾ ਤਹਿ ਤੋੜ ਹੱਲ ਜ਼ਰੂਰ ਚਲਾ ਲੇਣਾ ਚਾਹੀਦਾ ਤਾਂ ਜੋ ਨਰਮੇ ਦੇ ਬੂਟਿਆਂ ਦੀਆਂ ਜੜਾਂ ਡੂੰਘੀਆਂ ਜਾ ਸਕਣ ਅਤੇ ਪੌਦਾ ਡੂੰਘਾਈ ਤੋਂ ਖੁਰਾਕੀ ਤੱਤ ਲੈ ਸਕੇ। ਉਨ੍ਹਾਂ ਦੱਸਿਆ ਕਿ ਨਰਮੇ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇੱਕ ਲਿਟਰ ਪੈਂਡੀਮੈਥਾਲੀਨ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਦੇ ਘੋਲ ਵਿੱਚ ਬਿਜਾਈ ਤੋਂ 24 ਘੰਟਿਆਂ ਦੇ ਵਿੱਚ ਛਿੜਕਾਅ ਕਰ ਦੇਣਾ ਚਾਹੀਦਾ।
ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਨਰਮੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪਿੰਡ ਟਹਿਣਾ ਅਤੇ ਖਾਰਾ ਨੂੰ ਨਮੂਨੇ ਦੇ ਪਿੰਡ ਵਜੋਂ ਵਿਕਸਤ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਨਾਂ ਪਿੰਡਾਂ ਵਿਚ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਤਕਨੀਕ ਪਖੋ ਹਰ ਮਦਦ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨਾਂ ਪਿੰਡਾਂ ਦੇ ਖੇਤਾਂ ਦੀ ਮਿੱਟੀ ਦੇ ਨਮੂਨੇ ਲਏ ਗਏ ਹਨ ਅਤੇ ਪ੍ਰਯੋਗਸ਼ਾਲਾ ਵਿਚ ਪਰਖ ਕਰਕੇ ਕਿਸਾਨਾਂ ਨੂੰ ਰਿਪੋਰਟ ਦੇ ਅਧਾਰ ਤੇ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕੀ ਆਤਮਾ ਤਹਿਤ ਜ਼ਿਲਾ ਫਰੀਦਕੋਟ ਵਿੱਚ ਦੋ ਫਾਰਮ ਸਕੂਲ ਲਗਾਏ ਜਾ ਰਹੇ ਹਨ ਤਾਂ ਜੋ ਨਰਮੇ ਦੀ ਕਾਸਤ ਨੂੰ ਪੁਨਰਸੁਰਜੀਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬਿਜਾਈ ਤੋਂ ਲੈ ਕੇ ਛੱਟੀਆਂ ਦੀ ਸੰਭਾਲ ਤੱਕ ਲਗਾਈਆਂ ਜਾਣ ਵਾਲੀਆਂ ਛੇ ਕਲਾਸਾਂ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਖੇਤੀਬਾੜੀ ਮਾਹਿਰਾਂ ਵੱਲੋਂ ਹਰ ਪੱਖੋਂ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ।
ਇਸ ਮੌਕੇ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫ਼ਸਰ,ਡਾ.ਅਮਨ ਕੇਸ਼ਵ ਪ੍ਰੋਜੈਕਟ ਡਾਇਰੈਕਟਰ (ਆਤਮਾ), ਡਾ.ਰਮਨਦੀਪ ਸਿੰਘ ਸੰਧੂ ਖੇਤੀਬਾੜ੍ਹੀ ਵਿਕਾਸ ਅਫ਼ਸਰ ਸਮੇਤ ਸਮੂਹ ਅਧਿਕਾਰੀ ਹਾਜ਼ਰ ਸਨ।