ਅੰਤਰਰਾਸ਼ਟਰੀ ਮਾਂ ਦਿਵਸ ਅਤੇ ਨਰਸ ਦਿਵਸ ਮੌਕੇ ਜ਼ਿਲ੍ਹਾ ਸਵੀਪ ਟੀਮ ਨੇ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿਖੇ ਦਿੱਤਾ ਵੋਟ ਪਾਉਣ ਦਾ ਸੁਨੇਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਈ:

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਹਰ ਇੱਕ ਪੁਰਬ ਨੂੰ ਤਿਉਹਾਰ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦਿਸ਼ਾ-ਨਿਰਦੇਸ਼ਾਂ ਤੇ ਅੱਜ ਸਵੀਪ ਟੀਮ ਵੱਲੋਂ ਜ਼ਿਲ੍ਹਾ ਸਿਵਲ ਹਸਪਤਾਲ ਮੋਹਾਲੀ ਵਿਖੇ ਜਾ ਕੇ ਕੌਮਾਂਤਰੀ ਨਰਸ ਦਿਵਸ ਅਤੇ ਕੌਮਾਂਤਰੀ ਮਾਂ ਦਿਵਸ ਮਨਾਇਆ ਗਿਆ। 

      ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਨੇ ਜਿੱਥੇ ਨਰਸਿੰਗ ਸਟਾਫ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੌਂ ਮੁਬਾਰਕਬਾਦ ਦਿੱਤੀ, ਉੱਥੇ ਹੀ ਕੌਮਾਂਤਰੀ ਮਾਂ ਦਿਵਸ ਨੂੰ ਸਮਰਪਿਤ ਹੁੰਦਿਆਂ ਨਵ-ਜੰਮੇ ਬੱਚਿਆਂ ਦੀਆਂ ਮਾਵਾਂ ਨੂੰ  ਸਨਮਾਨਿਤ ਕਰ ਵੋਟ ਪਾਉਣ ਦੀ ਅਪੀਲ ਕੀਤੀ। 

    ਹਸਪਤਾਲ ਦੇ ਮੈਡੀਕਲ ਅਫਸਰ ਡਾ. ਹਰੀਸ਼ ਡੋਗਰਾ ਨੇ ਦੱਸਿਆ ਕਿ ਨਵ-ਜੰਮੇ ਬੱਚਿਆਂ ਦੀਆਂ ਮਾਵਾਂ ਅਤੇ ਪਰਿਵਾਰਾਂ ਵੱਲੋਂ ਇਸ ਖੂਬਸੂਰਤ ਉਪਰਾਲੇ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਉਪਰਾਲੇ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਤੇ ਪ੍ਰਣ ਲਿਆ ਗਿਆ ਕਿ ਜਿਸ ਤਰ੍ਹਾਂ ਅੱਜ ਚੋਣ ਵਿਭਾਗ ਵੱਲੋਂ ਉਹਨਾਂ ਦੇ ਪਰਿਵਾਰ ਦੀ ਖੁਸ਼ੀ ਵਿਚ ਸ਼ਿਰਕਤ ਕੀਤੀ ਗਈ ਹੈ, ਉਸੇ ਤਰਾਂ ਅਸੀਂ ਆਪਣੇ ਪਰਿਵਾਰ ਸਮੇਤ 1 ਜੂਨ ਨੂੰ ਵੋਟ ਪਾਉਣ ਜਾਵਾਂਗੇ। ਇਸ ਮੌਕੇ ਹਸਪਤਾਲ ਦੇ ਸਮੂਹ  ਸਟਾਫ ਵੱਲੋਂ ਨਰਸਿੰਗ ਸਟਾਫ ਨਾਲ ਵੋਟ ਪਾਉਣ ਦਾ ਪ੍ਰਣ ਲਿਆ ਗਿਆ। 

     ਇਸ ਮੌਕੇ ਹਸਪਤਾਲ ਦੇ ਐਮਰਜੈਂਸੀ ਵਾਰਡ ਅਤੇ ਓ ਪੀ ਡੀ ਤੋਂ ਜਾਰੀ ਹੋਣ ਵਾਲੀਆਂ ਰਜਿਸਟ੍ਰੇਸ਼ਨ ਸਲਿੱਪਾਂ ਉੱਪਰ ਵੋਟ ਪਾਉਣ ਦੀ ਅਪੀਲ ਵਾਲੇ ਸੁਨੇਹੇ ਦੀ ਸ਼ੁਰੂਆਤ ਵੀ ਕੀਤੀ ਗਈ। 

     ਇਸ ਮੌਕੇ ਉੱਘੇ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, ਸਮਾਜ ਸੇਵਕ ਧਰਮਪਾਲ ਸ਼ਾਸ਼ਤਰੀ, ਸੁਰਿੰਦਰ ਬੱਤਰਾ ਚੋਣ ਕਾਨੂੰਗੋ, ਜਗਤਾਰ ਸਿੰਘ  ਅਤੇ ਜਸਵਿੰਦਰ ਕੌਰ ਨੇ ਵੀ ਸ਼ਿਰਕਤ ਕੀਤੀ ਅਤੇ ਵੋਟ ਪਾਉਣ ਦੀ ਅਪੀਲ ਵਾਲੇ ਕੌਫੀ ਮੱਗ ਅਤੇ ਟੋਪੀਆਂ ਵੀ ਵੰਡੀਆਂ ਗਈਆਂ।

[wpadcenter_ad id='4448' align='none']