Open School In Punjab
ਹੱਡ ਚੀਰਵੀਂ ਠੰਡ ਕਾਰਨ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਛੁੱਟੀ ਦੇ ਐਲਾਨ ਨੂੰ ਜ਼ਿਲ੍ਹਾ ਅੰਮ੍ਰਿਤਸਰ ਵਿਚ ਲਾਗੂ ਕਰਵਾਉਣ ਵਿਚ ਸਿੱਖਿਆ ਵਿਭਾਗ ਬੁਰੀ ਤਰ੍ਹਾਂ ਪਹਿਲੇ ਦਿਨ ਫੇਲ ਸਾਬਤ ਹੋਇਆ ਹੈ। ਜ਼ਿਲ੍ਹੇ ਦੇ ਜ਼ਿਆਦਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਅਤੇ ਵਿਭਾਗ ਦੇ ਹੁਕਮਾਂ ਨੂੰ ਟਾਲਦਿਆਂ ਹੋਇਆ ਸ਼ਰੇਆਮ ਛੋਟੇ ਬੱਚਿਆਂ ਨੂੰ ਹੱਡ ਚੀਰਵੀਂ ਠੰਡ ਦੌਰਾਨ ਸਕੂਲਾਂ ਵਿਚ ਬੁਲਾਇਆ, ਕਈ ਸਕੂਲ ਤਾਂ ਅਜਿਹੇ ਵੀ ਦਿਖਾਈ ਦਿੱਤੇ, ਜਿਨ੍ਹਾਂ ਦੀ ਪਹੁੰਚ ਸਰਕਾਰੇ-ਦਰਬਾਰੇ ਹੋਣ ਕਰ ਕੇ ਉਹ ਵਿਭਾਗ ਨੂੰ ਸ਼ਰੇਆਮ ਚੈਲੇਜ ਕਰਦਿਆਂ ਧੜੱਲੇ ਨਾਲ ਸਕੂਲ ਲਗਾ ਰਹੇ ਸਨ।
ਵਿਭਾਗ ਦੀ ਲਾਪ੍ਰਵਾਹੀ ਕਾਰਨ ਵਿਦਿਆਰਥੀਆਂ ਦੇ ਮਾਪਿਆਂ ਵਿਚ ਜਿੱਥੇ ਭਾਰੀ ਰੋਸ ਪਾਇਆ ਜਾ ਰਿਹਾ ਹੈ, ਉੱਥੇ ਹੀ ਜ਼ਿਲ੍ਹੇ ਵਿਚ ਸਰਕਾਰ ਦੇ ਹੁਕਮ ਨਾ ਲਾਗੂ ਕਰਾਉਣ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੀ ਪ੍ਰਸ਼ਨ ਚਿੰਨ ਲੱਗ ਰਹ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਹੱਡ ਚੀਰਵੀਂ ਠੰਡ ਦੌਰਾਨ ਨਰਸਰੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ 14 ਜਨਵਰੀ ਤੱਕ ਸਕੂਲਾਂ ਵਿਚ ਛੁੱਟੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ’ਤੇ ਲਾਗੂ ਹਨ। ਹਾਲਾਤ ਅਜਿਹੇ ਹਨ ਕਿ ਪਹਿਲੇ ਦਿਨ ਹੀ ਵਿਭਾਗ ਸਰਕਾਰੀ ਹੁਕਮਾਂ ਨੂੰ ਹੇਠਲੇ ਪੱਧਰ ’ਤੇ ਲਾਗੂ ਨਹੀਂ ਕਰਵਾ ਸਕਿਆ। ਸਵੇਰੇ ਵਿਦਿਆਰਥੀ ਠਰਦੇ ਹੋਏ ਸਕੂਲਾਂ ਵਿਚ ਜਾਂਦੇ ਹੋਏ ਦਿਖਾਈ ਦਿੱਤੇ। ਬਟਾਲਾ ਰੋਡ ਸਥਿਤ ਇਕ ਸਕੂਲ ਤਾਂ ਅਜਿਹਾ ਸੀ ਜਿਥੇ ਬੱਚਿਆਂ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਜਦੋਂ ਜਗ ਬਾਣੀ ਵੱਲੋਂ ਸਬੰਧਤ ਸਕੂਲ ਨੂੰ ਛੋਟੇ ਬੱਚਿਆਂ ਨੂੰ ਬੁਲਾਉਣ ਸਬੰਧੀ ਗੱਲਬਾਤ ਕੀਤੀ ਗਈ ਤਾਂ ਫੋਨ ਦੇ ਕੁਝ ਮਿੰਟ ਬਾਅਦ ਹੀ ਸਕੂਲ ਵਿਚ ਛੁੱਟੀ ਕਰ ਦਿੱਤੀ ਗਈ।
ਵਿਦਿਆਰਥੀਆਂ ਦੇ ਵਾਰਿਸਾਂ ਨੇ ਆਪਣਾ ਨਾਂ ਨਾ ਛਾਪਣ ’ਤੇ ਦੱਸਿਆ ਕਿ ਅੱਜ ਤੋਂ ਸਕੂਲਾਂ ਵਿਚ ਕੀਤੀਆਂ ਗਈਆਂ ਸਰਕਾਰੀ ਤੌਰ ’ਤੇ ਛੁੱਟੀਆ ਦੇ ਬਾਵਜੂਦ ਬਟਾਲਾ ਰੋਡ ਵਿਖੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਖੋਲ੍ਹਿਆ ਗਿਆ ਅਤੇ ਕਲਾਸਾਂ ਵੀ ਲਗਾਈਆਂ ਗਈਆਂ। ਸਕੂਲ ਜਾ ਰਹੇ ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਸਕੂਲ ਅਧਿਆਪਕਾਂ ਨੇ ਉਨ੍ਹਾਂ ਨੂੰ ਖੁਦ ਸਕੂਲ ਬੁਲਾਇਆ ਹੈ।
ਦੂਸਰੇ ਪਾਸੇ ਸੁਲਤਾਨਵਿੰਡ ਰੋਡ, ਮਜੀਠਾ ਰੋਡ, ਅਜਨਾਲਾ ਰੋਡ ਅਤੇ ਦਿਹਾਤੀ ਖੇਤਰਾਂ ਵਿਚ ਵਧੇਰੇ ਥਾਵਾਂ ’ਤੇ ਰੋਜ਼ਾਨਾਂ ਦੀ ਤਰ੍ਹਾਂ ਸਕੂਲ ਲੱਗੇ ਹੋਏ ਦਿਖਾਈ ਦਿੱਤੇ। ਦਿਹਾਤੀ ਖੇਤਰਾਂ ਵਿਚ ਤਾਂ ਅਜਿਹੇ ਹਾਲਾਤ ਸਨ ਕਿ ਭਾਰੀ ਧੁੰਦ ਵਿਚ ਬੱਚੇ ਸਕੂਲਾਂ ਵਿਚ ਜਾ ਰਹੇ ਸਨ। ਪਿਛਲੇ ਸਮੇਂ ਦੌਰਾਨ ਵੀ ਸਰਕਾਰ ਵੱਲੋਂ ਠੰਡ ਦੌਰਾਨ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਉਸ ਸਮੇਂ ਕਈ ਸਕੂਲਾਂ ਵਿਚ ਹਾਦਸੇ ਵਾਪਰਨ ਕਾਰਨ ਛੁੱਟੀਆਂ ਕੀਤੀਆਂ ਗਈਆਂ ਸਨ ਪਰ ਹੁਣ ਲੱਗਦਾ ਹੈ ਕਿ ਦੁਬਾਰਾ ਸਰਕਾਰ ਜਾਂ ਵਿਭਾਗ ਹਾਦਸੇ ਦੀ ਉਡੀਕ ਕਰ ਰਿਹਾ ਹੈ, ਤਾਂ ਹੀ ਆਪਣੇ ਹੁਕਮ ਲਾਗੂ ਕਰਨ ਵਿਚ ਸਿੱਖਿਆ ਵਿਭਾਗ ਅਸਫ਼ਲ ਸਾਬਿਤ ਹੋ ਰਿਹਾ ਹੈ।
ਇਸ ਸਬੰਧੀ ਸਮਾਜ ਸੇਵਕ ਪੰਡਿਤ ਰਾਕੇਸ਼ ਸ਼ਰਮਾ ਅਤੇ ਮਹੰਤ ਰਮੇਸ਼ ਨੰਦ ਸਰਸਵਤੀ ਨੇ ਕਿਹਾ ਕਿ ਠੰਡ ਕਾਰਨ ਹੀ ਸਰਕਾਰ ਵੱਲੋਂ ਸਕੂਲਾਂ ਵਿਚ ਛੁੱਟੀਆਂ ਕੀਤੀਆਂ ਗਈਆਂ ਹਨ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਵਾਉਣਾ ਸਿੱਖਿਆ ਵਿਭਾਗ ਦਾ ਕੰਮ ਹੈ ਪਰ ਪਹਿਲੇ ਦਿਨ ਹੁਕਮਾਂ ਦੀ ਪਾਲਣਾ ਨਹੀਂ ਹੋਈ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਠੰਡ ਨੂੰ ਮੱਦੇਨਜ਼ਰ ਰੱਖਦੇ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਸਮੇਂ ਰਹਿੰਦਿਆਂ ਸਕੂਲਾਂ ਨੂੰ ਬੰਦ ਕਰਵਾਉਣਾ ਚਾਹੀਦਾ ਹੈ ਤਾਂ ਜੋ 14 ਜਨਵਰੀ ਤੋਂ ਬਾਅਦ ਸਕੂਲ ਲੱਗ ਸਕਣ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿੱਚ ਸਿੱਖਿਆ ਮੰਤਰੀ ਨੂੰ ਵੀ ਉਹ ਸ਼ਿਕਾਇਤ ਕਰਨ ਜਾ ਰਹੇ।
READ ALSO:ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਸਮਾਗਮ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਸ਼ੀਲ ਕੁਮਾਰ ਤੁਲੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਇੰਨ- ਬਿੰਨ ਪਾਲਣਾ ਜ਼ਿਲ੍ਹੇ ਵਿਚ ਕਰਵਾਈ ਜਾ ਰਹੀ ਹੈ। ਅੱਜ ਚਾਰ ਸਕੂਲਾਂ ਦੀ ਸ਼ਿਕਾਇਤ ਪੁੱਜੀ ਸੀ, ਜਿਨ੍ਹਾਂ ਵਿਚ ਤੁਰੰਤ ਟੀਮਾਂ ਭੇਜ ਕੇ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸਕੂਲ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ, ਉਨ੍ਹਾਂ ਦੀ ਮਾਨਤਾ ਰੱਦ ਕਰਨ ਲਈ ਸਰਕਾਰ ਨੂੰ ਸਿਫ਼ਾਰਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿਚ ਜ਼ਿਲ੍ਹੇ ਵਿਚ ਵੱਖ-ਵੱਖ ਟੀਮਾਂ ਪ੍ਰਿੰਸੀਪਲਾਂ ਦੀਆਂ ਅਗਵਾਈ ਵਿਚ ਬਣਾ ਦਿੱਤੀਆਂ ਗਈਆਂ ਹਨ। ਸਿੱਖਿਆ ਵਿਭਾਗ ਤੋਂ ਸ਼ਿਕਾਇਤ ਪਹੁੰਚਣ ਦੇ ਟੀਮਾਂ ਕੁਝ ਹੀ ਸਮੇਂ ਵਿਚ ਸਕੂਲ ਵਿੱਚ ਪੁੱਜ ਜਾਣਗੀਆਂ। ਜੇਕਰ ਜਾਂਚ ਵਿੱਚ ਸਕੂਲ ਵਿੱਚ ਬੱਚੇ ਪਾਏ ਗਏ ਤਾਂ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਪੱਤਰ ਵੀ ਸਕੂਲਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ।
Open School In Punjab