ਫਾਜ਼ਿਲਕਾ, 22 ਅਗਸਤ
ਮੁੱਖ ਖੇਤੀਬਾੜੀ ਅਫਸਰ ਫ਼ਾਜ਼ਿਲਕਾ ਡਾਕਟਰ ਸੰਦੀਪ ਰਿਣਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫਸਰ ਡਾਕਟਰ ਬਲਦੇਵ ਸਿੰਘ ਦੇ ਸਹਿਯੋਗ ਨਾਲ ਖੇਤੀਬਾੜੀ ਵਿਭਾਗ ਬਲਾਕ ਫ਼ਾਜ਼ਿਲਕਾ ਵੱਲੋਂ ਪਿੰਡ ਕੇਰੀਆਂ ਵਿਖੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦੇਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਵਿੱਚ ਬੋਲਦਿਆਂ ਬੀਟੀਐਮ ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਗਈਆਂ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ। ਕਣਕ ਦੀ ਬਿਜਾਈ ਲਈ ਸਰਫੇਸ ਸੀਡਰ ,ਹੈਪੀ ਸੀਡਰ, ਜੀਰੋ ਟਿਲ ਡਰਿਲ ,ਸਮਾਰਟ ਸੀਡਰ ਅਤੇ ਆਰਐਮਬੀ ਪਲੋ ਦੀ ਵਰਤੋਂ ਕੀਤੀ ਜਾਵੇ।
ਉਹਨਾਂ ਦੱਸਿਆ ਕਿ ਵੱਖ ਵੱਖ ਪਿੰਡਾਂ ਵਿੱਚ ਸਰਕਾਰ ਵੱਲੋਂ ਸਬਸਿਡੀ ਉੱਪਰ ਪਰਾਲੀ ਦੀ ਸਾਂਭ ਸੰਭਾਲ ਲਈ ਸੰਦ ਕਿਸਾਨਾਂ ਨੂੰ ਦਿੱਤੇ ਗਏ ਹਨ ਜਿਨਾਂ ਦੀਆਂ ਲਿਸਟਾਂ ਪਿੰਡਾਂ ਵਿੱਚ ਚਸਪਾ ਕੀਤੀਆਂ ਜਾ ਰਹੀਆਂ ਹਨ ਅਤੇ ਕੋਈ ਵੀ ਕਿਸਾਨ ਇਹ ਮਸ਼ੀਨਾਂ ਕਿਰਾਏ ਉੱਪਰ ਲੈ ਕੇ ਕਣਕ ਦੀ ਬਿਜਾਈ ਕਰ ਸਕਦਾ ਹੈ। ਕੋਆਪਰੇਟਿਵ ਸੋਸਾਇਟੀਆਂ ਅਤੇ ਪੰਚਾਇਤਾਂ ਲਈ ਸਬਸਿਡੀ ਉਪਰ ਸੰਦ ਅਪਲਾਈ ਕਰਨ ਦੀ ਆਖਰੀ ਮਿਤੀ 25 ਅਗਸਤ ਹੈ। ਇਸ ਤੋਂ ਇਲਾਵਾ ਝੋਨੇ ਅਤੇ ਨਰਮੇ ਉੱਪਰ ਕੀੜੇ ਮਕੌੜਿਆਂ ਦੀ ਰੋਕਥਾਮ ਦੀ ਜਾਣਕਾਰੀ ਵੀ ਦਿੱਤੀ ਗਈ। ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਨਰਮੇ ਦੀ ਫਸਲ ਉੱਪਰ ਨਿਰੀਖਣ ਕੀਤਾ ਗਿਆ ਅਤੇ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਜਹਿਰਾਂ ਦੀ ਵਰਤੋਂ ਬਾਰੇ ਦੱਸਿਆ ਗਿਆ।