ਅਬੋਹਰ , 19 ਦਸੰਬਰ
ਨਸ਼ਿਆਂ ਦੇ ਪੂਰਨ ਖਾਤਮੇ ਖਿਲਾਫ ਵਿਢੀ ਗਈ ਜਾਗਰੂਕਤਾ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰਾ ਦਾ ਆਯੋਜਨ ਕਰਕੇ ਲੋਕਾਂ ਨੂੰ ਨਸ਼ਿਆਂ ਦੇ ਦੁਰਪ੍ਰਭਾਵਾਂ ਬਾਰੇ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਦੂਰ ਰਹਿਣ ਬਾਰੇ ਸੁਚੇਤ ਵੀ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜੈਨ ਨਰਸਿੰਗ ਕਾਲਜ ਉਸਮਾਨ ਖੇੜਾ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।
ਹਾਜਰੀਨ ਨੂੰ ਨਸ਼ੇ ਦੇ ਦੁਰਪ੍ਰਭਾਵਾਂ ਬਾਰੇ ਪ੍ਰੇਰਿਤ ਕਰਦਿਆਂ ਡਾ. ਮਹੇਸ਼ ਮਨੋਰੋਗ ਮਾਹਿਰ ਨੇ ਕਿਹਾ ਕਿ ਨ਼ਸਿਆਂ ਦੀ ਵਰਤੋਂ ਕਰਨ ਨਾਲ ਵਿਅਕਤੀ ਸਮਾਜ ਦੀ ਮੁੱਖ ਧਾਰਾ ਨਾਲ ਟੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਚਪੇਟ ਵਿਚ ਉਹ ਇਕਲਾ ਨਹੀਂ ਆਉਂਦਾ ਸਗੋਂ ਉਸਦਾ ਪਰਿਵਾਰ ਵੀ ਇਸਦੀ ਮਾਰ ਹੇਠ ਆਉਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਰਨ ਨਾਲ ਜਿਥੇ ਵਿਅਕਤੀ ਸ਼ਰੀਰਿਕ ਤੌਰ ਤੇ ਬਿਮਾਰ ਹੁੰਦਾ ਹੈ ਉਥੇ ਮਾਨਸਿਕ ਤੌਰ ਤੇ ਵੀ ਟੁੱਟ ਜਾਂਦਾ ਹੈ।
ਉਨ੍ਹਾਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨਾ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਉਹ ਨਸ਼ਾ ਛੁਡਾਉ ਕੇਂਦਰਾਂ ਵਿਖੇ ਪਹੁੰਚ ਕੇ ਆਪਣਾ ਇਲਾਜ ਕਰਵਾ ਸਕਦੇ ਹਨ ਤੇ ਨਸ਼ੇ ਰੂਪੀ ਕੋਹੜ ਤੋਂ ਛੁਟਕਾਰਾ ਪਾ ਸਕਦੇ ਹਨ ਅਤੇ ਆਮ ਵਾਂਗ ਆਪਣੀ ਜਿੰਦਗੀ ਬਤੀਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਉ ਕੇਂਦਰਾਂ ਵਿਖੇ ਸਿਹਤ ਮਾਹਰਾਂ ਵੱਲੋਂ ਬੜੇ ਹੀ ਸਹਿਜੇ ਤਰੀਕੇ ਨਾਲ ਪੀੜ੍ਹਤਾਂ ਦਾ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੀੜ੍ਹਤਾਂ ਦੀ ਪਹਿਚਾਣ ਗੁਪਤ ਰੱਖੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸਹਿਯੋਗ ਨਾਲ ਹੀ ਨਸ਼ੇ ਦਾ ਮੁਕੰਮਲ ਤੌਰ *ਤੇ ਖਾਤਮਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਐਸ.ਐਚ.ਓ ਖੂਈਆਂ ਸਰਵਰ ਪਰਮਜੀਤ ਕੁਮਾਰ ਅਤੇ ਕਾਲਜ ਦਾ ਪ੍ਰਬੰਧਨ ਸਟਾਫ ਆਦਿ ਮੌਜੂਦ ਸੀ।