ਮਾਨਸਾ, 04 ਅਪ੍ਰੈਲ:
ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਸਿਹਤ ਵਿਭਾਗ ਵੱਲੋਂ ਸ਼ਿਵ ਮੰਦਿਰ ਭੀਖੀ ਵਿਖੇ ਹਰ ਤਰ੍ਹਾਂ ਦੇ ਫੂਡ ਵਿਕਰੇਤਾਵਾਂ ਨੂੰ ਰਜਿਸਟ੍ਰੇਸ਼ਨ/ਲਾਇਸੰਸ ਬਣਵਾਉਣ ਲਈ ਜਾਗਰੂਕ ਕਰਨ ਹਿਤ ਕੈਂਪ ਲਗਾਇਆ ਗਿਆ, ਜਿੱਥੇ 100 ਦੇ ਕਰੀਬ ਫੂਡ ਵਿਕਰੇਤਾਵਾਂ ਨੇ ਭਾਗ ਲਿਆ, ਜਿੰਨ੍ਹਾਂ ਦੀ ਰਜਿਟ੍ਰੇਸ਼ਨ ਅਤੇ ਲਾਇਸੰਸ ਲਈ ਆਨਲਾਈਨ ਅਪਲਾਈ ਕਰਵਾਇਆ ਗਿਆ।
ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਖ਼ੁਰਾਕ ਸੁਰੱਖਿਆ ਤੇ ਮਿਆਰ ਐਕਟ 2006 ਦੇ ਤਹਿਤ ਹਰ ਫੂਡ ਵਿਕਰੇਤਾ, ਕਰਿਆਨਾ ਵਾਲੇ, ਦੋਧੀ, ਹਲਵਾਈ, ਡੇਅਰੀ ਮਾਲਕ, ਰੇੜ੍ਹੀ ਵਾਲੇ ਨੂੰ ਰਜਿਸਟ੍ਰੇਸ਼ਨ ਲਾਇਸੰਸ ਲੈਣਾ ਅਤਿ ਜਰੂਰੀ ਹੈ। ਉਨ੍ਹਾਂ ਕਿਹਾ ਕਿ ਫੂਡ ਵਿਕਰੇਤਾ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਲਈ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਖਾਣ ਪੀਣ ਦੀ ਵਸਤੂ ਖਰੀਦਣ ਸਮੇਂ ਵਾਚ ਲਿਆ ਜਾਵੇ ਕਿ ਵਸਤੂ ਫੂਡ ਸੇਫਟੀ ਐਕਟ ਤਹਿਤ ਸਹੀ ਹੈ ਅਤੇ ਵਸਤੂ ਦੀ ਮਿਆਦ ਵੀ ਵੇਖ ਲਈ ਜਾਵੇ। ਇਸ ਤੋਂ ਇਲਾਵਾ ਖੁੱਲ੍ਹੀਆਂ ਖਾਣ ਪੀਣ ਵਾਲੀਆਂ ਵਸਤਾਂ, ਕੱਟੇ ਹੋਏ ਫਲ ਆਦਿ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਫੂਡ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਫੂਡ ਵਿਕਰੇਤਾ, ਹਲਵਾਈ, ਡੇਅਰੀ ਮਾਲਕ, ਦੋਧੀ, ਰੇਹੜ੍ਹੀ ਵਾਲਾ ਸਿਹਤ ਵਿਭਾਗ ਵੱਲੋਂ ਦਰਸਾਏ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਪ੍ਰਤੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਫੂਡ ਵਿਕਰੇਤਾ ਜਾਂ ਖਾਣ ਪੀਣ ਦੀਆਂ ਵਸਤਾਂ ਤਿਆਰ ਕਰਦਾ ਹੈ/ਵੇਚਦਾ ਹੈ, ਜਿੰਨ੍ਹਾਂ ਦੀ ਸਾਲਾਨਾ ਟਰਨਓਵਰ 12 ਲੱਖ ਤੋਂ ਘੱਟ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਅਤੇ ਜਿੰਨ੍ਹਾਂ ਦੀ ਟਰਨਓਵਰ 12 ਲੱਖ ਤੋਂ ਵੱਧ ਹੈ ਉਨ੍ਹਾਂ ਲਈ ਲਾਇਸੰਸ ਲੈਣਾ ਜਰੂਰੀ ਹੈ, ਜੋ ਕਿ ਆਨਲਾਈਨ ਪੋਰਟਲ foscos.fssai.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬਿਨ੍ਹਾਂ ਲਾਇਸੰਸ/ਰਜਿਸਟਰੇਸ਼ਨ ਤੋਂ ਕੰਮ ਕਰਨ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਸਰੀਰਿਕ ਫਿਟਨੈਸ ਸਰਟੀਫਿਕੇਟ ਸਿਹਤ ਵਿਭਾਗ ਤੋਂ ਪ੍ਰਾਪਤ ਕਰਨਾ ਜਰੂਰੀ ਹੈ। ਜ਼ਿਲ੍ਹੇ ਅੰਦਰ ਜਿੱਥੇ ਕਿਤੇ ਵੀ ਸਰਕਾਰੀ ਮੈਸ, ਕੰਟੀਨ, ਹੋਸਟਲ ਅਤੇ ਮਿਡ ਡੇਅ ਮੀਲ ਬਣਦਾ ਹੈ, ਉਨ੍ਹਾਂ ਦੀ ਰਜਿਸਟਰੇਸ਼ਨ ਤੇ ਲਾਇਸੰਸ ਬਣਵਾਉਣ ਲਈ ਸਾਫ ਸਫਾਈ ਯਕੀਨੀ ਬਣਾਈ ਜਾਵੇ।
ਉਨ੍ਹਾਂ ਕਿਹਾ ਕਿ ਵਸਤਾਂ ਬਣਾਉਣ ਸਮੇਂ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਖ਼ੁਰਾਕੀ ਤੱਤ ਨਸ਼ਟ ਨਾ ਹੋਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਅਜੇ ਤੱਕ ਫੂਡ ਸੇਫਟੀ ਅਧੀਨ ਰਜਿਸਟਰੇਸ਼ਨ ਨਹੀਂ ਕਰਵਾਈ ਉਹ ਜਲਦੀ ਤੋਂ ਜਲਦ ਆਪਣੀ ਰਜਿਸਟਰੇਸ਼ਨ ਕਰਵਾ ਲੈਣ।
ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਵਿਜੇ ਜੈਨ, ਲਕਸ਼ਵੀਰ ਸਿੰਘ ਫੂਡ ਕਲਰਕ, ਸਤਿਗੁਰੁ ਸਿੰਘ ਪ੍ਰਧਾਨ ਦੁੱਧ ਦੀ ਯੂਨੀਅਨ ਭੀਖੀ, ਗੁਰਦਾਸ ਮੋਗਾ ਪ੍ਰਧਾਨ ਕਰਿਆਨਾ ਯੂਨੀਅਨ ਭੀਖੀ, ਜੀਤੂ ਪ੍ਰਧਾਨ ਰੇੜੀ ਯੂਨੀਅਨ, ਸਵਰਨ ਸਿੰਘ ਭੋਲਾ ਡਾਇਰੀ ਯੂਨੀਅਨ ਦੇ ਨੁਮਾਇੰਦੇ, ਮਠਿਆਈ ਵਿਕਰੇਤਾ, ਹਲਵਾਈ, ਕਰਿਆਨਾ ਵਪਾਰੀ, ਡੇਅਰੀ ਮਾਲਕ,ਬੇਕਰੀ ਮਾਲਕ ਤੋਂ ਇਲਾਵਾ ਆਮ ਲੋਕ ਵੀ ਹਾਜਰ ਸਨ।
ਫੂਡ ਵਿਕਰੇਤਾਵਾਂ ਦੀ ਰਜਿਸਟ੍ਰੇਸ਼ਨ ਅਤੇ ਲਾਇਸੰਸ ਬਣਵਾਉਣ ਲਈ ਭੀਖੀ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ
Date: