ਪੰਚਾਇਤੀ ਫੰਡਾਂ ‘ਚ ਘਪਲਾ ਕਰਨ ਦੇ ਦੋਸ਼ ‘ਚ ਪੰਚਾਇਤ ਸਕੱਤਰ ਤੇ ਸਾਬਕਾ ਸਰਪੰਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਚੰਡੀਗੜ੍ਹ 8 ਜੁਲਾਈ, 2024 :

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਵਿਕਾਸ ਕਾਰਜਾਂ ਲਈ ਸੂਬਾ ਸਰਕਾਰ ਤੋਂ ਪ੍ਰਾਪਤ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਸੋਨਾ ਦੇ ਵਸਨੀਕ ਪੰਚਾਇਤ ਸਕੱਤਰ ਮੁਖਤਿਆਰ ਸਿੰਘ ਅਤੇ ਪਿੰਡ ਹਿਆਲਾ ਦੀ ਸਾਬਕਾ ਸਰਪੰਚ ਹਰਭਜਨ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਹਿਆਲਾ ਵੱਲੋਂ ਆਈਆਂ ਗ੍ਰਾਂਟਾਂ ਵਿੱਚ ਘਪਲਾ ਕਰਨ ਸਬੰਧੀ ਕੀਤੀ ਪੜਤਾਲ ਦੇ ਆਧਾਰ ’ਤੇ ਉਕਤ ਦੋਵਾਂ ਮੁਲਜ਼ਮਾਂ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤ ਨੰਬਰ 13/2017/ਐਸ.ਬੀ.ਐਸ.ਨਗਰ ਦੀ ਪੜਤਾਲ ਦੌਰਾਨ ਪਾਇਆ ਗਿਆ ਕਿ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਸਾਲ 2008 ਤੋਂ ਸਾਲ 2013 ਤੱਕ ਗ੍ਰਾਮ ਪੰਚਾਇਤ ਹਿਆਲਾ ਨੂੰ ਕੁੱਲ 16,45,000 ਰੁਪਏ ਦੀਆਂ ਕੁੱਲ 9 ਗ੍ਰਾਂਟਾਂ ਪ੍ਰਾਪਤ ਹੋਈਆਂ ਸਨ। ਇਸ ਸਬੰਧੀ ਤਤਕਾਲੀ ਸਰਪੰਚ ਸੁਰਜੀਤ ਸਿੰਘ, ਕਾਰਜਕਾਰੀ ਸਰਪੰਚ/ਮੈਂਬਰ ਪੰਚਾਇਤ ਬਖਸ਼ੀਸ਼ ਰਾਮ (ਜਿਸ ਦੀ 22.09.2021 ਨੂੰ ਮੌਤ ਹੋ ਚੁੱਕੀ ਹੈ), ਕਾਰਜਕਾਰੀ ਸਰਪੰਚ/ਮੈਂਬਰ ਪੰਚਾਇਤ ਹਰਭਜਨ ਕੌਰ ਅਤੇ ਪੰਚਾਇਤ ਸਕੱਤਰ ਮੁਖਤਿਆਰ ਸਿੰਘ ਨੇ ਇਨ੍ਹਾਂ ਗ੍ਰਾਂਟਾਂ ਵਿੱਚੋਂ ਮਜ਼ਦੂਰਾਂ ਨੂੰ ਅਦਾਇਗੀ ਲਈ ਜਾਅਲੀ ਬਿੱਲ/ਰਸੀਦਾਂ ਅਤੇ ਅਧੂਰੀਆਂ ਮਸਟਰ ਰੋਲ ਜਮ੍ਹਾਂ ਕਰਵਾ ਕੇ ਉਕਤ ਗਰਾਂਟਾਂ ਵਿੱਚ ਬੇਨਿਯਮੀਆਂ ਕੀਤੀਆਂ ਸਨ।

ਉਨ੍ਹਾਂ ਦੱਸਿਆ ਕਿ ਪੜਤਾਲ ਦੇ ਆਧਾਰ ‘ਤੇ ਉਕਤ ਮੁਲਜ਼ਮਾਂ ਅਤੇ ਹੋਰਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਜਲੰਧਰ ਰੇਂਜ ਵਿਖੇ ਮਿਤੀ 08.07.2024 ਨੂੰ ਆਈ.ਪੀ.ਸੀ. ਦੀਆਂ ਧਾਰਾਵਾਂ 420, 406, 409, 465, 467, 468, 471, 120-ਬੀ ਅਤੇ 13(1)(ਏ) ਤੇ 13(2) ਦੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਕਤ ਦੋਵੇਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

[wpadcenter_ad id='4448' align='none']