ਟਿੱਬਿਆਂ ਦੇ ਮੇਲੇ ’ਚ ਪੁਸਤਕ ਪ੍ਰਦਰਸ਼ਨੀਆਂ ਰਾਹੀਂ ਸਾਹਿਤ ਨਾਲ ਜੁੜੇ ਲੋਕ

ਮਾਨਸਾ, 10 ਦਸੰਬਰ:
ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਆਯੋਜਿਤ ਤਿੰਨ ਰੋਜ਼ਾ ਟਿੱਬਿਆਂ ਦੇ ਮੇਲੇ ਵਿਚ ਸੱਭਿਆਚਾਰਕ, ਸਾਹਿਤਕ ਤੇ ਸੰਗੀਤਕ ਵੰਨਗੀਆਂ ਵੇਖਣ ਨੂੰ ਮਿਲ ਰਹੀਆਂ ਹਨ। ਮੇਲੇ ਵਿਚ ਲੱਗੀਆਂ ਪੁਸਤਕ ਪ੍ਰਦਰਸ਼ਨੀਆਂ ਲੋਕਾਂ ਨੂੰ ਸਾਹਿਤ ਨਾਲ ਜੋੜਨ ਦੀ ਬਾਤ ਪਾ ਰਹੀਆਂ ਹਨ ਉੱਥੇ ਹੀ ਲਾਈਵ ਸਕੈਚਿੰਗ ਵਿਚ ਲੋਕ ਆਪਣੀਆਂ ਤਸਵੀਰਾਂ ਬਣਵਾਉਂਦੇ ਨਜ਼ਰ ਆਏ।
ਮੇਲੇ ਅੰਦਰ ਸਾਹਿਬਦੀਪ ਪ੍ਰਕਾਸ਼ਨ ਭੀਖੀ ਅਤੇ ਮੂਸਾ ਹੱਟ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ, ਜਿਸ ਵਿਚ ਧਾਰਮਿਕ ਤੇ ਸਾਹਿਤਕ ਕਿਤਾਬਾਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਸਾਹਿਤ ਪ੍ਰੇਮੀ ਆਪਣੀਆਂ ਮਨਪਸੰਦ ਕਿਤਾਬਾਂ ਦੀ ਖਰੀਦੋ ਫਰੋਖ਼ਤ ਕਰ ਰਹੇ ਹਨ। ਸਾਹਿਬਦੀਪ ਪ੍ਰਕਾਸ਼ਨ ਅਤੇ ਮੂਸਾ ਹੱਟ ਦੇ ਪ੍ਰਕਾਸ਼ਕਾਂ ਨੇ ਦੱਸਿਆ ਕਿ ਉਹ ਵੱਖ ਵੱਖ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਵਿਚ ਪੁਸਤਕ ਪ੍ਰਦਰਸ਼ਨੀਆਂ ਲਗਾ ਕੇ ਲੋਕਾਂ ਨੂੰ ਕਿਤਾਬਾਂ ਰਾਹੀਂ ਸਾਡੇ ਇਤਿਹਾਸ ਅਤੇ ਅਮੀਰ ਵਿਰਸੇ ਨਾਲ ਜੁੜਨ ਦੀ ਬਾਤ ਪਾਉਂਦੇ ਹਨ।
ਬਠਿੰਡਾ ਤੋਂ ਆਏ ਚਿਤਰਕਾਰ ਵਿੱਕੀ ਨੇ ਦੱਸਿਆ ਕਿ ਉਹ ਲਾਈਵ ਚਿਤਰਕਾਰੀ ਵਿਚ ਮਾਹਿਰ ਹੈ। ਇਸ ਤੋਂ ਪਹਿਲਾਂ ਉਹ ਦਿੱਲੀ, ਮੁੰਬਈ ਜਿਹੇ ਸ਼ਹਿਰਾਂ ਵਿਚ ਲਾਈਵ ਸਕੈਚਿੰਗ ਕਰ ਚੁੱਕਾ ਹੈ, ਪਰ ਮਾਨਸਾ ਵਿਖੇ ਟਿੱਬਿਆਂ ਦੇ ਮੇਲੇ ਵਿਚ ਪਹਿਲੀ ਵਾਰ ਉਸ ਨੂੰ ਆਪਣੀ ਕਲਾਕ੍ਰਿਤੀ ਨੂੰ ਦਰਸਾਉਣ ਦਾ ਸੁਭਾਗਾ ਮੌਕਾ ਪ੍ਰਾਪਤ ਹੋਇਆ ਹੈ। ਉਸ ਨੇ ਖੁਸ਼ੀ ਮਹਿਸੂਸ ਕਰਦਿਆਂ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਆਯੋਜਿਤ ਇਸ ਮੇਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੇਲਾ ਵੇਖਣ ਆਏ ਵੱਡੀ ਗਿਣਤੀ ’ਚ ਦਰਸ਼ਕ ਚਿਤਰਕਾਰ ਪਾਸੋਂ ਆਪਣੀ ਲਾਈਵ ਸਕੈਚਿੰਗ ਕਰਵਾਉਂਦੇ ਨਜ਼ਰ ਆਏ।

[wpadcenter_ad id='4448' align='none']