ਮਾਨਸਾ, 14 ਅਗਸਤ ( ) ਹਵਾ ਅਤੇ ਪਾਣੀ ਪਰਮਾਤਮਾ ਵੱਲੋਂ ਦਿੱਤੀ ਗਈ ਅਨਮੋਲ ਦਾਤ ਹੈ ਸਾਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ । ਇਹ ਵਿਚਾਰ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ ਨੇ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿਖੇ ਆਪਣੇ ਬੇਟੇ ਦੇ ਜਨਮ ਦਿਨ ਦੀ ਖੁਸ਼ੀ ਦੇ ਮੌਕੇ ਫਲਦਾਰ ਅਤੇ ਛਾਂਦਾਰ ਪੌਦੇ ਲਗਾਉਂਦਿਆਂ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਸ. ਪਰਮਵੀਰ ਸਿੰਘ ਆਈ. ਏ. ਐਸ. ਦੇ ਦਿਸ਼ਾ ਨਿਰਦੇਸ਼ਾਂ
ਅਨੁਸਾਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਮਾਤਾ ਸੁੰਦਰੀ ਕਾਲਜ ਮਾਨਸਾ ਵਿਖੇ ਸੌ ਦੇ ਕਰੀਬ ਪੌਦੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਸਾਨੂੰ ਜ਼ਿਆਦਾ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਕਿ ਭਵਿੱਖ ਵਿੱਚ ਆਉਣ ਵਾਲੀਆ ਪੀੜ੍ਹੀਆਂ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਤੋਂ ਵਾਂਝੀਆ ਨਾ ਰਹਿਣ । ਇਹ ਸਾਡੀ ਉਹ ਕਮਾਈ ਹੋਵੇਗੀ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਹਾਈ ਹੋਵੇਗੀ ।
ਇਸ ਮੌਕੇ ਡਾ. ਪ੍ਰੀਤੀ ਬਾਂਸਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਵਾਤਾਵਰਨ ਦੀ ਸਾਂਭ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ । ਹਰ ਇੱਕ ਨਾਗਰਿਕ ਨੂੰ ਬੂਟੇ ਲਗਾਉਣ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ ਅਤੇ ਨਾਲ ਹੀ ਬੂਟਿਆਂ ਦੀ ਸਹੀ ਸੰਭਾਲ ਕਰਨੀ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਛੀਆਂ ਦੀਆਂ ਨਸਲਾਂ ਬਚਾਉਣ ਲਈ ਸਾਨੂੰ ਸਾਡੀ ਅਗਲੀ ਪੀੜ੍ਹੀ ਨੂੰ ਪੌਦਿਆਂ ਦੀ ਮਨੁੱੱਖੀ ਜੀਵਨ ਵਿੱਚ ਅਹਿਮੀਅਤ ਬਾਰੇ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ ਅਤੇ ਹਰੇਕ ਖ਼ੁਸ਼ੀ ਗ਼ਮੀ ਦੇ ਮੌਕੇ ਤੇ ਬੂਟੇ ਲਗਾਉਣ ਦੀ ਪਿਰਤ ਨੂੰ ਪ੍ਰਫੁੱਲਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੁਦਰਤ ਨਾਲ ਨੇੜਲੀ ਸਾਂਝ ਕਰਕੇ ਕਾਦਰ ਨੂੰ ਪਾੳਣਾ ਸਮੇਂ ਦੀ ਲੋੜ ਹੈ ਤਾਂ ਜੋ ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਭਰੀ ਜ਼ਿੰਦਗੀ ਵਿਚ ਹਰਿਆਵਲ ਭਰਪੂਰ ਵਾਤਾਵਰਣ ਨਾਲ ਜੁੜ ਕੇ ਸਕੂਨ ਹਾਸਲ ਹੁੰਦਾ ਰਹੇ । ਉਨਾਂ ਕਿਹਾ ਕਿ ਸਮੇਂ ਤੌਂ ਪਹਿਲਾਂ ਗਰਮੀ ਦਾ ਹੋਣਾ ਖਤਰਨਾਕ ਕਲਾਈਮੇਟ ਚੈਂਜ ਦੀ ਨਿਸ਼ਾਨੀ ਹੈ। ਗਰੀਨ ਹਾਊਸ ਫੈਕਟ ਹੀ ਇਸ ਤੋਂ ਬਚਾਅ ਸਕਦਾ ਹੈ। ਨਾਲ ਹੀ ਉਨਾਂ ਨੇ ਦਸਿਆ ਕਿ ਪਲਾਸਟਿਕ ਦੀ ਵਰਤੋਂ ਥੋੜੇ ਸਮੇ ਲਈ ਅਸਾਨ ਅਤੇ ਲਾਭਦਾਇਕ ਲਗਦੀ ਹੈ ਪਰ ਇਹ ਦਹਾਕਿਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ।
ਇਸ ਮੌਕੇ ਪ੍ਰੋਫ਼ੈਸਰ ਮਨਰੀਤ ਸਿੱਧੂ ਨੇ ਕਿਹਾ ਕਿ ਛੋਟੇ ਪੰਛੀਆਂ ਦੀਆਂ ਨਸਲਾਂ ਖ਼ਤਮ ਹੋ ਰਹੀਆਂ ਹਨ ਕਿੳਕਿ ਉਨ੍ਹਾਂ ਨੂੰ ਆਪਣਾ ਆਲ੍ਹਣਾ ਬਣਾਉਣ ਲਈ ਉਚਿਤ ਥਾਂ ਨਹੀ ਮਿਲ ਰਹੀ। ਇਨਾਂ ਪੌਦਿਆਂ ਉੱਤੇ ਇਹ ਪੰਛੀ ਅਸਾਨੀ ਨਾਲ ਆਲਣਾ ਬਣਾ ਸਕਦੇ ਹਨ। ਜਿਸ ਨਾਲ ਉਹਨਾਂ ਦੀ ਪੀੜੀਆਂ ਜਿਉਂਦੀਆਂ ਰਹਿ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਥੋੜੀ ਥੋੜੀ ਦੂਰੀ ਤੇ ਪੰਛੀਆਂ ਦੇ ਪਾਣੀ ਪੀਣ ਲਈ ਛੋਟੇ ਛੋਟੇ ਬਰਤਨਾਂ ਵਿੱਚ ਪਾਣੀ ਪਾ ਕੇ ਰੱਖਿਆ ਗਿਆ। ਇਸ ਮੌਕੇ ਡਾਕਟਰ ਕਿਰਨ ਬਾਲਾ, ਡਾਕਟਰ ਜਸਪਾਲ ਸਿੰਘ, ਡਾਕਟਰ ਰਾਮ ਕ੍ਰਿਸ਼ਨ, ਡਾਕਟਰ ਬਲਮ ਲੀਬਾ, ਪ੍ਰੋਫੈਸਰ ਹਰਜਿੰਦਰ ਕੌਰ, ਪ੍ਰੋਫੈਸਰ ਹਰਜੀਤ ਸਿੰਘ, ਸੁਰਜੀਤ ਕੌਰ, ਵਿਜੇ ਕੁਮਾਰ ਜੈਨ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤੋਂ ਇਲਾਵਾ ਕਾਲਜ਼ ਦੇ ਫੈਕਿਲਟੀ ਮੈਂਬਰ ਅਤੇ ਵਿਦਿਆਰਥੀ ਵੀ ਮੌਜੂਦ ਸਨ।
ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਵਾਤਾਵਰਨ ਬਚਾਓ ਪੌਦੇ ਲਗਾਓ ਦੇ ਤਹਿਤ ਮਾਨਸਾ ਸ਼ਹਿਰ ਅੰਡਰ ਸੈਲਰਾਂ ਅਤੇ ਫੈਕਟਰੀਆਂ ਆਦਿ ਵਿੱਚ ਡੇਰਾ ਸੱਚਾ ਸੌਦਾ ਸਰਸਾ ਦੇ ਸਹਿਯੋਗ ਨਾਲ 350 ਦੇ ਕਰੀਬ ਫ਼ਲਦਾਰ ਅਤੇ ਛਾਂਦਾਰ ਪੌਦੇ ਲਗਾਏ ਗਏ ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਇੰਨਾ ਪੌਦਿਆਂ ਦਾ ਲਾਭ ਮਿਲ ਸਕੇ। ਇਸ ਮੌਕੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਤੋਂ ਇਲਾਵਾ ਸ਼ਹਿਰ ਦੇ ਮੋਹਤਵਾਰ ਵਿਅਕਤੀ ਵੀ ਮੌਜੂਦ ਸਨ।