ਸਰਹੱਦੀ ਇਲਾਕਿਆਂ ਦੇ ਮੁਸਕਿਲ ਹਲਾਤਾਂ ਵਿਚ ਬੋਰਡ ਪ੍ਰੀਖਿਆ ਵਿਚ ਮੋਹਰੀ ਰਹੇ ਵਿਦਿਆਰਥੀ ਦਾ ਪੁਲਿਸ ਵੱਲੋਂ ਸਨਮਾਨ

ਫਾਜ਼ਿਲਕਾ, 1 ਮਈ

ਭਾਰਤ ਪਾਕਿ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ, ਜਿੱਥੇ ਸਰਹੱਦੀ ਪਿੰਡਾਂ ਵਿਚ  ਬੁਨਿਆਦੀ ਸਹੁਲਤਾਂ ਦੀ ਘਾਟ ਵੀ ਰੜਕਦੀ ਹੈ ਅਤੇ ਇੱਥੋਂ ਤੱਕ ਕਿ  ਅੰਤਰ ਰਾਸ਼ਟਰੀ ਹੱਦ ਦੇ ਨਾਲ ਲੱਗਦੇ ਕੁਝ ਪਿੰਡਾਂ ਵਿਚ ਤਾਂ ਮੋਬਾਇਲ ਨੈਟਵਰਕ ਵੀ ਪੂਰਾ ਨਹੀਂ ਪਹੁੰਚਦਾ ਹੈ, ਉਨ੍ਹਾਂ ਪਿੰਡਾਂ ਦੇ ਨਿਆਣਿਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਦੇ ਨਤੀਜਿਆਂ ਵਿਚ ਆਪਣੇ ਰੌਸ਼ਨ ਦਿਮਾਗ ਨਾਲ ਸਮਾਜ ਲਈ ਆਸ ਦੀਆਂ ਚਿਣਗਾਂ ਵਿਖੇਰੀਆਂ ਹਨ।

ਅਜਿਹੇ ਹੀ 18 ਹੋਣਹਾਰ ਬੱਚਿਆਂ ਜਿੰਨ੍ਹਾਂ ਵਿਚੋਂ 16 ਕੁੜੀਆਂ ਹਨ ਨੂੰ ਜ਼ਿਲ੍ਹਾ ਪੁਲਿਸ ਵੱਲੋਂ ਐਸਐਸਪੀ ਡਾ: ਪ੍ਰਗਿਆ ਜੈਨ ਵੱਲੋਂ ਸਨਮਾਨਿਤ ਕੀਤਾ ਗਿਆ। ਇੰਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਡਿਪਟੀ ਕਮਿਸ਼ਨਰ ਅਤੇ ਸੈਸ਼ਨ ਜੱਜ ਨਾਲ ਮਿਲਣ ਦੀ ਇੱਛਾ ਪ੍ਰਗਟਾਈ ਤਾਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਨੇ ਵੀ ਇੰਨ੍ਹਾਂ ਬੱਚਿਆਂ ਨਾਲ ਮੁਲਾਕਾਤ ਕਰਕੇ ਇੰਨ੍ਹਾਂ ਨੂੰ ਜੀਵਨ ਵਿਚ ਨਵੇਂ ਮੁਕਾਮ ਸਰ ਕਰਨ ਲਈ ਪ੍ਰੇਰਿਤ ਕੀਤਾ।

ਇੰਨ੍ਹਾਂ ਬੱਚਿਆਂ ਵਿਚ ਜਿਆਦਾਤਰ ਅਜਿਹੇ ਘਰਾਂ ਤੋਂ ਹਨ ਜਿੱਥੇ ਰੋਜਮਰਾਂ ਦਾ ਜੀਵਨ ਵੀ ਮੁਸਕਿਲਾਂ ਭਰਪੂਰ ਹੈ। ਕੁਝ ਦੇ ਮਾਤਾ ਪਿਤਾ ਛੋਟੇ ਕਿਸਾਨ ਹਨ, ਕੁਝ ਦੇ ਦਿਹਾੜੀਦਾਰ ਤੇ ਕੁਝ ਦੇ ਛੋਟੇ ਕਾਰੀਗਰ। ਪਰ ਇੰਨ੍ਹਾਂ ਬੱਚਿਆਂ ਨੇ ਇਨ੍ਹਾਂ ਦੁਸਵਾਰੀਆਂ ਨੂੰ ਆਪਣੇ ਬੁਲੰਦ ਹੌ਼ਸਲੇ ਨਾਲ ਮਾਤ ਦੇ ਕੇ ਨਾ ਕੇਵਲ ਆਪਣੇ ਮਾਪਿਆਂ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨਾਇਆ ਹੈ ਸਗੋਂ ਇੰਨ੍ਹਾਂ ਨੇ ਹੋਰਨਾਂ ਲਈ ਚਾਣਨ ਮੁਨਾਰੇ ਬਣਨ ਦਾ ਕੰਮ ਵੀ ਕੀਤਾ ਹੈ।

ਅਜਿਹੇ ਹੀ ਇਕ ਵਿਦਿਆਰਥੀ ਜੋ ਆਈਏਐਸ ਅਫਸਰ ਬਣਨਾ ਚਾਹੁੰਦਾ ਹੈ ਨੂੰ ਹੱਲਾਸ਼ੇਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ  ਨੇ ਕਿਹਾ ਪੁਲਿਸ ਵਿਭਾਗ ਦਾ ਇਹ ਉਪਰਾਲਾ ਇੰਨ੍ਹਾਂ ਬੱਚਿਆਂ ਦੇ ਮਨਾਂ ਵਿਚ ਐਸੀ ਦ੍ਰਿੜ ਇੱਛਾਸ਼ਕਤੀ ਪੈਦਾ ਕਰੇਗਾ ਕਿ ਕੋਈ ਵੀ ਰੁਕਾਵਟ ਇੰਨ੍ਹਾਂ ਨੂੰ ਇੰਨ੍ਹਾਂ ਦੇ ਨਿਸ਼ਾਨੇ ਤੋਂ ਭਟਕਾ ਨਹੀਂ ਸਕੇਗੀ।

ਇਸ ਉਪਰਾਲੇ ਦੇ ਸਿਰਜਕ ਡਾ: ਪ੍ਰਗਿਆ ਜੈਨ ਐਸਐਸਪੀ ਨੇ ਦੱਸਿਆ ਕਿ ਇੰਨ੍ਹਾਂ ਬੱਚਿਆਂ ਨੂੰ ਪੁਲਿਸ ਦੀ ਸਾਂਝ ਟੀਮ ਸਤਿਕਾਰ ਸਹਿਤ ਸਮੇਤ ਇੰਨ੍ਹਾਂ ਦੇ ਮਾਪਿਆਂ ਦੇ ਪੁਲਿਸ ਹੈਡਕੁਆਰਟਰ ਲੈ ਕੇ ਆਈ ਜਿੱਥੇ ਉਨ੍ਹਾਂ ਨੇ ਇੰਨ੍ਹਾਂ ਬੱਚਿਆਂ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਇੰਨ੍ਹਾਂ ਨੂੰ ਜੀਵਨ ਵਿਚ ਅੱਗੇ ਵੱਧਣ ਸਬੰਧੀ ਕੈਰੀਅਰ ਸਲਾਹ ਵੀ ਦਿੱਤੀ। ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਇਕ ਵਾਰ ਦਾ ਪੁਲਿਸ ਦੀ ਗੱਡੀ ਵੇਖ ਕੇ ਉਹ ਡਰ ਹੀ ਗਏ ਪਰ ਜਦ ਉਨ੍ਹਾਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਆਪਣੇ ਬੱਚਿਆਂ ਤੇ ਮਾਣ ਹੋਇਆ। ਐਸਐਸਪੀ ਦਫ਼ਤਰ ਵਿਚ ਇੰਨ੍ਹਾਂ ਬੱਚਿਆਂ ਨੂੰ ਪੁਲਿਸ ਦੀ ਪੂਰੀ ਕਾਰਗੁਜਾਰੀ ਵਿਖਾਈ ਗਈ।

ਗੱਲਬਾਤ ਦੌਰਾਨ ਇੰਨ੍ਹਾਂ ਵਿਦਿਆਰਥੀਆਂ ਨੇ ਆਈਏਐਸ, ਆਈਪੀਐਸ, ਜੱਜ ਅਤੇ ਇੱਥੋਂ ਤੱਕ ਇਕ ਨੇ ਤਾਂ ਦੇਸ਼ ਦਾ ਅਗਲਾ ਏਪੀਜੇ ਅਬਦੁਲ ਕਲਾਮ ਬਣਨ ਦਾ ਸੁਪਨਾ ਵੀ ਸਾਂਝਾ ਕੀਤਾ। ਪੁਲਿਸ ਵਿਭਾਗ ਵੱਲੋਂ ਐਸਐਸਪੀ ਡਾ: ਪ੍ਰਗਿਆ ਜੈਨ ਨੇ ਇੰਨ੍ਹਾਂ ਨੂੰ ਸਰਟੀਫਿਕੇਟ, ਮੈਡਲ ਦਿੱਤਾ। ਉਨ੍ਹਾਂ ਨੇ ਬੱਚਿਆ ਨੂੰ ਸਫਲਤਾ ਦਾ ਮੰਤਰ ਸਮਝਾਉਂਦਿਆਂ ਕਿਹਾ ਕਿ ਜੀਵਨ ਵਿਚ ਮੁਸਕਿਲਾਂ ਨੂੰ ਬੁਲੰਦ ਹੌਸ਼ਲੇ ਨਾਲ ਪਾਰ ਕਰਨ ਵਾਲਾ ਹੀ ਮੁਕਾਮ ਹਾਸਲ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁਸਕਿਲਾਂ ਨੂੰ ਰਾਹ ਦੀ ਰੁਕਾਵਟ ਨਾ ਬਣਨ ਦਿਓ ਸਗੋਂ ਇੰਨ੍ਹਾਂ ਨੂੰ ਆਪਣੀ ਮੰਜਿਲ ਤੱਕ ਪਹੁੰਚਣ ਲਈ ਪੌੜੀ ਬਣਾਓ।

ਇਸ ਮੌਕੇ ਅਨੀਤਾ ਰਾਣੀ ਪੁੱਤਰੀ ਬਲਵਿੰਦਰ ਸਿੰਘ ਸਰਕਾਰੀ ਹਾਈ ਸਕੂਲ ਪਿੰਡ ਢਾਬ ਖੁਸ਼ਹਾਲ ਜੋਈਆ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 97.69% ਅੰਕ ਹਾਸਲ ਕੀਤੇ ਹਨ। ਉਸਦੇ ਪਿਤਾ ਜੀ ਟੈਂਟ ਹਾਊਸ ਦਾ ਕੰਮ ਕਰਦੇ ਹਨ ਅਤੇ ਉਹ ਯੂ.ਪੀ.ਐਸ. ਦੀ ਪੜ੍ਹਾਈ ਕਰਕੇ ਅਫਸਰ ਬਣਨਾ ਚਾਹੁੰਦੀ ਹੈ। ਕਿਰਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਸਰਕਾਰੀ ਹਾਈ ਸਕੂਲ ਗਰੀਬਾ ਸਾਂਦੜ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 96.92% ਅੰਕ ਹਾਸਲ ਕੀਤੇ ਹਨ ਅਤੇ ਉਸਦੇ ਪਿਤਾ ਜੀ ਕੰਟੀਨ ਦਾ ਕੰਮ ਕਰਦੇ ਹਨ ਅਤੇ ਉਹ ਆਈ.ਏ.ਐਸ ਅਫਸਰ ਬਣਨਾ ਚਾਹੁੰਦੀ ਹੈ। ਅਮਨਜੋਤ ਕੌਰ ਪੁੱਤਰੀ ਲਖਵਿੰਦਰ ਸਿੰਘ, ਗੁਰੂ ਨਾਨਕ ਪਬਲਿਕ ਹਾਈ ਸਕੂਲ ਲੱਧੂਵਾਲਾ ਉਤਾੜ ਨੇ ਦੱਸਿਆ ਕਿ ਉਸਨੇ ਦਸਵੀਂ ਦੀ ਪ੍ਰੀਖਿਆ ਵਿੱਚੋਂ 96.62% ਅੰਕ ਹਾਸਲ ਕੀਤੇ ਹਨ ਅਤੇ ਉਹ  ਜੱਜ ਬਣਨਾ ਚਾਹੁੰਦੀ ਹੈ।

[wpadcenter_ad id='4448' align='none']