Sunday, January 19, 2025

ਗੁਰਦੁਆਰਾ ਸ੍ਰੀ ਜੋਤੀ ਸਰੂਪ ਵਿਖੇ ਅਰਦਾਸ ਉਪਰੰਤ ਸਾਲਾਨਾ ਸ਼ਹੀਦੀ ਸਭਾ ਸੰਪੰਨ

Date:

ਫ਼ਤਹਿਗੜ੍ਹ ਸਾਹਿਬ, 28 ਦਸੰਬਰ

ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਇਤਿਹਾਸਕ ਅਤੇ ਪਵਿੱਤਰ ਅਸਥਾਨ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਰੋਜ਼ਾ ਸਾਲਾਨਾ ਸ਼ਹੀਦੀ ਸਭਾ, ਅੱਜ ਇਤਿਹਾਸਕ ਤੇ ਸ਼ਹੀਦੀ ਨਗਰ ਕੀਰਤਨ ਦੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਪੁੱਜਣ ’ਤੇ ਅਰਦਾਸ ਉਪਰੰਤ ਰਸਮੀ ਤੌਰ ’ਤੇ ਸੰਪੰਨ ਹੋਈ।

ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਨਗਰ ਕੀਰਤਨ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਵੱਲੋਂ ਇਤਿਹਾਸਕ ਕਥਾ ਤੇ ਅਰਦਾਸ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਪਹਿਲਾਂ ਸੰਗਤੀ ਰੂਪ ਵਿੱਚ ਸ੍ਰੀ ਜਪੁਜੀ ਸਾਹਿਬ ਦਾ ਪਾਠ ਤੇ ਛੇ ਪਾਉੜੀਆ ਸ੍ਰੀ ਆਨੰਦ ਸਾਹਿਬ ਦੇ ਪਾਠ ਕੀਤਾ ਤੇ ਅਰਦਾਸ ਉਪਰੰਤ ਹੁਕਮਨਾਮਾ ਲਿਆ।ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਸ਼ਹੀਦੀ ਨਗਰ ਕੀਰਤਨ ਅਰੰਭ ਹੋਇਆ।

ਨਗਰ ਕੀਰਤਨ ਦੇ ਮੂਹਰੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਨਿਸ਼ਾਨ, ਪੰਜ ‌ਪਿਆਰੇ ਸਾਹਿਬਾਨ, ਨਗਾਰਚੀ ਅਤੇ ਵੱਡੀ ਗਿਣਤੀ ਸੰਗਤ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਚੱਲ ਰਹੀ ਸੀ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਸਥਾਨਕ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਤੇ ਰੁਪਿੰਦਰ ਸਿੰਘ ਹੈਪੀ ਅਤੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਈਸ਼ਾ ਸਿੰਗਲ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਹਾਜ਼ਰ ਸਨ।

ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਵੇਲੇ ਸੰਗਤ ਫੁੱਲਾਂ ਦੀ ਵਰਖਾ ਕਰ ਰਹੀ ਸੀ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਬੋਲੇ ਸੋ ਨਿਹਾਲ ਅਤੇ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਰਿਹਾ ਸੀ।

ਪਾਲਕੀ ਸਾਹਿਬ ਦੇ ਅੱਗੇ ਨਗਰ ਕੀਰਤਨ ਵਿੱਚ ਅਸਤਰਾਂ ਤੇ ਸ਼ਸਤਰਾਂ ਨਾਲ ਸਜੇ ਨਿਹੰਗ ਸਿੰਘਾਂ ਤੇ ਹੋਰ ਗਤਕਾ ਜਥੇਬੰਦੀਆਂ ਦੀਆਂ ਗੱਤਕਾ ਪਾਰਟੀਆਂ, ਰਾਗੀ ਜਥੇ, ਸੇਵਾ ਦਲ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਵੱਖ-ਵੱਖ ਵਿਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ, ਅਕੈਡਮੀਆਂ ਦੇ ਵਿਦਿਆਰਥੀ ਦੇ ਨਾਲ-ਨਾਲ ਸੰਗਤ ਗੁਰੂ ਜਸ ਗਾਇਨ ਕਰ ਰਹੀ ਸੀ।

ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਸ਼ਹੀਦੀ ਸਭਾ ਅਤੇ ਸ਼ਹੀਦੀ ਨਗਰ ਕੀਰਤਨ ਦੀ ਸੰਪੂਰਨਤਾ ਦੀ ਅਰਦਾਸ ਤਖ਼ਤ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਤੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਕੀਤੀ ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਹੁਕਮਨਾਮਾ ਲਿਆ। ਅਰਦਾਸ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਵਿਸ਼ੇਸ਼ ਸਾਇਰਨ ਵੀ ਵਜਾਇਆ ਗਿਆ ਤਾਂ ਜੋ ਸ਼ਹੀਦੀ ਸਭਾ ਵਿੱਚ ਸ਼ਾਮਲ ਸਮੂਹ ਸੰਗਤ ਪੂਰਨ ਇਕਾਗਰਤਾ ਨਾਲ ਮਹਾਨ ਸ਼ਹੀਦਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਭੇਟ ਕਰ ਸਕੇ।

ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੰਦਿਆ ਸਿੱਖ ਕੌਮ ਨੂੰ ਇਕਸੁਰਤਾ ਤੇ ਇਕਸਾਰਤਾ ਵਿੱਚ ਇਕੱਠੇ ਹੋਣ ਦਾ ਸੱਦਾ ਦਿੰਦਿਆਂ ਕੌਮ ਦੇ ਹਰ ਪਰਿਵਾਰ, ਖਾਸ ਕਰਕੇ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਬਾਣੀ ਤੇ ਇਤਿਹਾਸ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸੀਸ ਉਪਰ ਸਿੱਖ ਕੌਮ ਦਾ ਮਹਿਲ ਉਸਾਰਿਆ ਹੈ ਤੇ ਕੌਮ ਦੇ ਉਚੇ ਬੁਰਜ ਦੀਆਂ ਨੀਹਾਂ ਮਜ਼ਬੂਤ ਕੀਤੀਆਂ ਹਨ।

      ਸਿੰਘ ਸਾਹਿਬ ਨੇ ਕਿਹਾ ਕਿ ਇਸ ਪਾਵਨ ਧਰਤੀ ਉਪਰ ਸਭ ਤੋਂ ਵੱਡਾ ਜੁਲਮ ਹੋਇਆ ਤੇ ਇੱਥੇ ਹੀ ਸਭ ਤੋਂ ਵੱਡਾ ਧਰਮ ਵੀ ਛੋਟੇ ਸਾਹਿਬਜ਼ਾਦਿਆਂ ਨੇ ਕਮਾਇਆ। ਮੌਕੇ ਦੇ ਜਰਵਾਣੇ ਹਾਕਮਾਂ ਨੇ ਉਨ੍ਹਾਂ ਨੂੰ ਆਪਣੇ ਦੀਨ ਵਿੱਚ ਲਿਆਉਣ ਲਈ ਹਰ ਹਰ ਹਰਬਾ ਵਰਤਿਆ ਪਰ ਛੋਟੇ ਸਾਹਿਬਜ਼ਾਦਿਆਂ ਨੇ ਜਲਾਦਾਂ ਨੂੰ ਜਵਾਬ ਦਿੱਤਾ ਸੀ ਕਿ, "ਜੇ ਤੁਸੀਂ ਖਾਨਦਾਨੀ ਜਲਾਦ ਹੋ ਤਾਂ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ।" ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ।

ਇਸ ਤੋਂ ਪਹਿਲਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੇ ਦੇਸ਼ ਨੂੰ ਸਦੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ। ਪ੍ਰਧਾਨ ਧਾਮੀ ਨੇ ਕਿਹਾ ਕਿ ਇਸ ਵਾਰ ਸੰਗਤ ਦੇ ਇਕੱਠ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ ਸਮੁੱਚੀ ਸੰਗਤ ਦੀ ਸ਼ਰਧਾ, ਜਜ਼ਬੇ ਤੇ ਉਤਸ਼ਾਹ ਨੂੰ ਸਿਜਦਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਹੁਕਮਾਂ ਦੀ ਪਾਲਣਾ ਇੰਨ-ਬਿੰਨ ਕਰਨ ਅਤੇ ਹਰ ਸਿੱਖ ਨੂੰ ਇਤਿਹਾਸ ਨਾਲ ਜੁੜਨ ਦੀ ਵੀ ਅਪੀਲ ਕੀਤੀ।

ਇਸ ਮੌਕੇ ਬੁੱਢਾ ਦਲ ਦੇ ਮੁਖੀ ਜਥੇਦਾਰ ਬਲਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਦਲ ਪੰਥ ਬਿਧੀ ਚੰਦ ਦੇ ਮੁਖੀ ਜਥੇਦਾਰ ਬਾਬਾ ਅਵਤਾਰ ਸਿੰਘ, ਸੰਤ ਹਰੀ ਸਿੰਘ ਰੰਧਾਵੇ ਵਾਲੇ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਬਾਬਾ ਲਖਵੀਰ ਸਿੰਘ ਰਤਵਾੜਾ, ਸਾਹਿਬਜਾਦਾ ਬਾਬਾ ਫ਼ਤਹਿ ਸਿੰਘ ਤਰਨਾ ਦਲ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਬਾਬਾ ਜੀਵਾ ਸਿੰਘ, ਗਿਆਨੀ ਪ੍ਰਣਾਮ ਸਿੰਘ, ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਰੁਪਿੰਦਰ ਸਿੰਘ ਹੈਪੀ ਗੁਰਲਾਲ ਘਨੌਰ, ਅਵਤਾਰ ਸਿੰਘ ਰਿਆ, ਰਜਿੰਦਰ ਸਿੰਘ ਮਹਿਤਾ, ਗੁਰਚਰਨ ਸਿੰਘ ਗਰੇਵਾਲ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੰਜੋਲੀ, ਜਸਮੇਰ ਸਿੰਘ ਲਾਛੜੂ, ਬਾਬਾ ਨਾਸਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਘੇੜਾ, ਸਮੇਤ ਵੱਡੀ ਗਿਣਤੀ ਸੰਗਤ ਅਤੇ ਹੋਰ ਪੰਥਕ ਸ਼ਖ਼ਸੀਅਤਾਂ ਨੇ ਹਾਜ਼ਰੀ ਲਵਾਈ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਨੇ ਸੱਤ ਲੱਖ ਦੇ ਚੈੱਕ ਆਪਣੇ ਅਖਤਿਆਰੀ ਕੋਟੇ ਵਿੱਚੋਂ ਦਿੱਤੇ

ਫ਼ਰੀਦਕੋਟ 18 ਜਨਵਰੀ,2025 ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ...

ਜਲੰਧਰ ਛਾਉਣੀ ‘ਚ ਐੱਨਸੀਸੀ ਕੈਡਿਟਾਂ ਦੇ ਆਰਮੀ ਅਟੈਚਮੈਂਟ ਕੈਂਪ ਦੀ ਸ਼ੁਰੂਆਤ

 ਜਲੰਧਰ, 18 ਜਨਵਰੀ :     ਐੱਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਦੀ ਅਗਵਾਈ...

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਚੰਡੀਗੜ੍ਹ, 18 ਜਨਵਰੀ:ਸੂਬੇ ਵਿੱਚ ਪਸ਼ੂਆਂ ਦੀ ਸਿਹਤ ਸੰਭਾਲ ਨੂੰ...