Friday, January 24, 2025

ਪ੍ਰੀ-ਬਜ਼ਟ ਮੀਟਿੰਗ: ਪੰਜਾਬ ਵੱਲੋਂ ਪੁਲਿਸ ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ

Date:


ਚੰਡੀਗੜ੍ਹ, 22 ਦਸੰਬਰ

ਪੰਜਾਬ ਨੇ 1,000 ਕਰੋੜ ਰੁਪਏ ਦੀ ਗ੍ਰਾਂਟ ਦੇ ਨਾਲ ਸਰਹੱਦੀ ਜ਼ਿਲ੍ਹਿਆਂ ਵਿੱਚ ਆਪਣੇ ਪੁਲਿਸ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਯਤਨਾਂ ਨੂੰ ਮਜ਼ਬੂਤ ਕਰਨ ਲਈ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਜੈਸਲਮੇਰ ਵਿਖੇ ਹੋਈ ਪ੍ਰੀ-ਬਜਟ ਮੀਟਿੰਗ ਦੌਰਾਨ, ਪੰਜਾਬ ਦੇ ਸਰਹੱਦੀ ਅਤੇ ਨੀਮ ਪਹਾੜੀ ਖੇਤਰਾਂ ਵਿੱਚ ਲਘੂ, ਛੋਟੇ ਅਤੇ ਮਧਿਅਮ ਦਰਜੇ ਦੇ ਉੱਦਮਾਂ ਨੂੰ ਹੁਲਾਰਾ ਦੇਣ ਲਈ ਜੰਮੂ-ਕਸ਼ਮੀਰ ਅਤੇ ਗੁਆਂਢੀ ਪਹਾੜੀ ਰਾਜਾਂ ਦੀ ਤਰਜ਼ ‘ਤੇ ਸੂਬੇ ਲਈ ਉਦਯੋਗਿਕ ਪ੍ਰੋਤਸਾਹਨ ਦੀ ਮੰਗ ਕੀਤੀ ਗਈ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਹ ਪ੍ਰਗਟਾਵਾ ਕਰਦਿਆਂ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੇ ਨਾਬਾਰਡ ਦੇ ਥੋੜ੍ਹੇ ਸਮੇਂ ਵਾਲੇ ਸੀਜ਼ਨਲ ਐਗਰੀਕਲਚਰਲ ਅਪਰੇਸ਼ਨਜ਼ (ਐਸ.ਟੀ.-ਐਸ.ਏ.ਓ.) ਦੀ ਸੀਮਾ ਨੂੰ ਵਿੱਤੀ ਸਾਲ 2024-25 ਲਈ ₹1,100 ਕਰੋੜ ਰੁਪਏ ਤੱਕ ਘਟਾਈ ਗਈ ਸੀਮਾ ਨੂੰ ਵਧਾ ਕੇ 3,041 ਕਰੋੜ ਰੁਪਏ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਹੈ। । ਉਨ੍ਹਾਂ ਕਿਹਾ ਕਿ ਇਹ ਬਹਾਲੀ ਕਿਸਾਨਾਂ ਨੂੰ ਸ਼ਾਹੂਕਾਰਾਂ ਵੱਲ ਮੁੜਨ ਤੋਂ ਰੋਕਣ ਲਈ, “ਸਹਿਕਾਰ ਸੇ ਸਮ੍ਰਿਧੀ” ਦੇ ਸਿਧਾਂਤ ਨਾਲ ਮੇਲ ਖਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਰਾਜਾਂ ਵੱਲੋਂ ਇਹ ਮੁੱਦਾ ਉਠਾਇਆ ਅਤੇ ਇਸ ‘ਤੇ ਲੰਮੀ ਚਰਚਾ ਕੀਤੀ ਗਈ।

ਰਾਜਪੁਰਾ ਵਿੱਚ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਤਹਿਤ ਸੜਕ ਸੰਪਰਕ ਲਈ, ਪੰਜਾਬ ਸਰਕਾਰ ਨੇ ਰਾਜਪੁਰਾ ਵਿੱਚ ਐਨਐਚ 44 ਨੂੰ ਇੰਟੀਗ੍ਰਰੇਟਿਡ ਮੈਨੂਫੈਕਚਰਿੰਗ ਕਲੱਸਟਰ (ਆਈ.ਐਮ.ਸੀ) ਨਾਲ ਜੋੜਨ ਵਾਲੀ 5.6 ਕਿਲੋਮੀਟਰ ਲੰਬੀ ਅਤੇ 45 ਮੀਟਰ ਚੌੜੀ ਪਹੁੰਚ ਸੜਕ ਬਣਾਉਣ ਲਈ 100 ਕਰੋੜ ਰੁਪਏ ਦੇ ਫੰਡ ਦੀ ਮੰਗ ਕੀਤੀ ਗਈ। ਇਹ ਫੰਡ ਸੜਕ ਦੇ ਨਿਰਮਾਣ ਨੂੰ ਸਮੇਂ ਸਿਰ ਮੁਕੰਮਲ ਕਰਨ ਅਤੇ ਉਦਯੋਗਿਕ ਕਲੱਸਟਰ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਲਈ ਜ਼ਰੂਰੀ ਹੈ।

ਅੰਮ੍ਰਿਤਸਰ ਨੂੰ ਨਵੀਂ ਦਿੱਲੀ ਨਾਲ ਜੋੜਨ ਵਾਲੀ ਵੰਦੇ ਭਾਰਤ ਰੇਲਗੱਡੀ ਲਈ ਧੰਨਵਾਦ ਪ੍ਰਗਟ ਕਰਦਿਆਂ, ਪੰਜਾਬ ਸਰਕਾਰ ਨੇ ਪੰਜਾਬ ਦੇ ਖੇਤੀਬਾੜੀ ਅਤੇ ਵਪਾਰਕ ਹੱਬ ਬਠਿੰਡਾ ਨੂੰ ਕੌਮੀ ਰਾਜਧਾਨੀ ਨਾਲ ਜੋੜਨ ਲਈ ਇੱਕ ਹੋਰ ਵੰਦੇ ਭਾਰਤ ਰੇਲਗੱਡੀ ਦੀ ਬੇਨਤੀ ਕੀਤੀ। ਇਹ ਪੰਜਾਬ ਦੇ ਮਾਲਵਾ ਖੇਤਰ ਲਈ ਬੇਹਤਰ ਸੰਪਰਕ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹੈ।

ਵਿੱਤ ਮੰਤਰੀ ਚੀਮਾ ਨੇ ਪੰਜਾਬ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਲਈ ਵਿੱਤੀ ਸਹਾਇਤਾ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਕਿਹਾ ਕਿ 2018 ਤੋਂ  ਲੈ ਕੇ ਹੁੱਣ ਤੱਕ 1.45 ਲੱਖ ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ (ਸੀ.ਆਰ.ਐਮ) ਵਾਲੀਆਂ ਮਸ਼ੀਨਾਂ ਪ੍ਰਦਾਨ ਕਰਨ ਦੇ ਬਾਵਜੂਦ, ਇੰਨ੍ਹਾਂ ਦੀ ਸੰਚਾਲਨ ਲਾਗਤ ਇੱਕ ਚੁਣੌਤੀ ਬਣੀ ਹੋਈ ਹੈ। ਪੰਜਾਬ ਸਰਕਾਰ ਨੇ ਪ੍ਰਤੀ ਏਕੜ 2,500 ਰੁਪਏ, ਜਿਸ ਵਿੱਚ ਭਾਰਤ ਸਰਕਾਰ ਤੋਂ 2,000 ਰੁਪਏ ਪ੍ਰਤੀ ਏਕੜ ਅਤੇ ਰਾਜ ਵੱਲੋਂ 500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਦਾ ਪ੍ਰਸਤਾਵ ਕੀਤਾ ਹੈ। ਇਸ ਪਹਿਲਕਦਮੀ ਦੀ ਕੁੱਲ ਲਾਗਤ ₹2,000 ਕਰੋੜ ਹੋਣ ਦਾ ਅਨੁਮਾਨ ਹੈ, ਜਿਸ ਵਿੱਚ ਭਾਰਤ ਸਰਕਾਰ ਨੂੰ ਬਜਟ ਸਹਾਇਤਾ ਵਜੋਂ 1,600 ਕਰੋੜ ਰੁਪਏ ਦੇਣ ਦੀ ਬੇਨਤੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਝੋਨੇ ਦੀ ਖੇਤੀ ਵਿਭਿੰਨਤਾ ਲਈ ਵਿਸ਼ੇਸ਼ ਬਜਟ ਅਲਾਟ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ 10 ਲੱਖ ਹੈਕਟੇਅਰ ਵਿੱਚ ਝੋਨੇ ਦੀ ਖੇਤੀ ਵਿੱਚ ਵਿਭਿੰਨਤਾ ਲਿਆਉਣ ਨਾਲ 30,000 ਕਰੋੜ ਰੁਪਏ ਤੋਂ ਵੱਧ ਦੀ ਬੱਚਤ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਇਹਨਾਂ ਬੱਚਤਾਂ ਦਾ ਇੱਕ ਹਿੱਸਾ ਇੱਕ ਵਿਆਪਕ ਵਿਭਿੰਨਤਾ ਪੈਕੇਜ ਲਈ ਅਲਾਟ ਕਰਨ ਦਾ ਪ੍ਰਸਤਾਵ ਕੀਤਾ ਹੈ।

ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਸਕੀਮ ਬਾਰੇ ਚਰਚਾ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਧ ਦੀਆਂ ਉਸਾਰੀ ਲਾਗਤਾਂ ਨੂੰ ਪੂਰਾ ਕਰਨ ਲਈ ਗ੍ਰਾਂਟ ਨੂੰ 1.2 ਲੱਖ ਰੁਪਏ ਤੋਂ ਵਧਾ ਕੇ 2.5 ਲੱਖ ਰੁਪਏ ਪ੍ਰਤੀ ਲਾਭਪਾਤਰੀ ਕਰਨ ਦਾ ਪ੍ਰਸਤਾਵ ਕੀਤਾ। ਵਿੱਤ ਮੰਤਰੀ ਨੇ ਰਾਸ਼ਟਰੀ ਸਿਹਤ ਮਿਸ਼ਨ (ਐਨ.ਐਚ.ਐਮ) ਦੇ ਅਧੀਨ ਬਕਾਇਆ ਫੰਡ ਜਾਰੀ ਕਰਨ ਦਾ ਮੁੱਦਾ ਵੀ ਉਠਾਇਆ, ਜਿਸਦੀ ਰਕਮ 1,119 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਪ੍ਰਧਾਨ ਮੰਤਰੀ ਪੋਸ਼ਣ ਅਭਿਆਨ ਦੇ ਤਹਿਤ ਕੁੱਕ-ਕਮ-ਹੈਲਪਰਾਂ ਦੇ ਮਾਣ ਭੱਤੇ ਨੂੰ 600 ਰੁਪਏ ਤੋਂ ਵਧਾ ਕੇ 2,000 ਰੁਪਏ ਪ੍ਰਤੀ ਮਹੀਨਾ ਕਰਨ ਦੀ ਬੇਨਤੀ ਕੀਤੀ। ਪੰਜਾਬ ਨੇ ਸ਼ਹਿਰੀ ਆਵਾਜਾਈ ਦੀਆਂ ਈ-ਬੱਸ ਸੇਵਾਵਾਂ ਲਈ ਸਹਾਇਤਾ ਦੀ ਮੰਗ ਕਰਦਿਆਂ 250 ਨਵੀਆਂ ਇਲੈਕਟ੍ਰਿਕ ਬੱਸਾਂ ਦੀ ਖਰੀਦ ਅਤੇ ਚਾਰਜਿੰਗ ਪੁਆਇੰਟਾਂ ਦੀ ਸਥਾਪਨਾ ਲਈ 300 ਕਰੋੜ ਰੁਪਏ ਦੀ ਮੰਗ ਕੀਤੀ।

ਰਾਜ ਨੇ ਭਾਰਤ ਸਰਕਾਰ ਦੁਆਰਾ ਖਰੀਦ ਲਾਗਤਾਂ ਦੀ ਭਰਪਾਈ, ਅਡਵਾਂਸ ਤਕਨਾਲੋਜੀ ਨਾਲ ਡਰਾਈਵਿੰਗ ਲਾਇਸੈਂਸ ਟੈਸਟਿੰਗ ਦੇ ਆਧੁਨਿਕੀਕਰਨ ਅਤੇ 6,857 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ (ਆਰਡੀਐਫ) ਦੇ ਬਕਾਏ ਦੀ ਅਦਾਇਗੀ ਦੀ ਵੀ ਮੰਗ ਕੀਤੀ।

ਪੰਜਾਬ ਨੂੰ ਆਪਣੇ ਸੁਝਾਅ ਪੇਸ਼ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਨੂੰ ਦਰਪੇਸ਼ ਵਿਲੱਖਣ ਚੁਣੌਤੀਆਂ, ਖਾਸ ਤੌਰ ‘ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਮੱਦੇਨਜ਼ਰ ਰਾਜ ਦੇ ਬੁਨਿਆਦੀ ਢਾਂਚੇ ਅਤੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਲਈ ਸੂਬੇ ਵਾਸਤੇ ਪ੍ਰੋਤਸਾਹਨ ਪੈਕੇਜ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਆਉਣ ਵਾਲਾ ਕੇਂਦਰੀ ਬਜਟ ਨਾਗਰਿਕ ਭਲਾਈ, ਖੇਤਰੀ ਵਿਕਾਸ ਨੂੰ ਅੱਗੇ ਵਧਾਉਣ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇੱਕ ਹੁਲਾਰੇ ਵਜੋਂ ਕੰਮ ਕਰੇਗਾ।

Share post:

Subscribe

spot_imgspot_img

Popular

More like this
Related

ਵਿਦਿਆਰਥੀ ਜੀਵਨ ਵਿਚ ਲਾਇਬ੍ਰੇਰੀਆਂ ਦਾ ਅਹਿਮ ਯੋਗਦਾਨ -ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

ਮਾਨਸਾ, 24 ਜਨਵਰੀ :ਵਿਦਿਆਰਥੀ ਜੀਵਨ ਵਿਚ ਲਾਇਬ੍ਰੇਰੀਆਂ ਦਾ ਅਹਿਮ...

ਕੈਬਨਿਟ ਮੰਤਰੀ ਧਾਲੀਵਾਲ ਨੇ ਅਜਨਾਲਾ ਵਿਖੇ ਸਿਵਲ, ਪੁਲਿਸ ਅਤੇ ਬਿਜਲੀ ਬੋਰਡ ਅਧਿਕਾਰੀਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 24 ਜਨਵਰੀ:           ਸਰਹੱਦੀ ਕਸਬਾ ਅਜਨਾਲਾ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਇਹ ਕਸਬਾ ਰਾਜ ਦੇ ਵਿਕਸਤ ਸ਼ਹਿਰਾਂ ਵਾਂਗ ਹਰ ਸਹੂਲਤਾਂ ਨਾਲ ਲੈਸ ਹੋਵੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰ  ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਵਿਖੇ ਸਿਵਲ, ਪੁਲਿਸ ਅਤੇ ਬਿਜਲੀ ਬੋਰਡ ਅਧਿਕਾਰੀਆਂ ਨਾਲ  ਮੀਟਿੰਗ ਕਰਦੇ ਹੋਏ ਕੀਤਾ। ਉਨ੍ਹਾਂ  ਦੱਸਿਆ ਕਿ ਸ਼ਹਿਰ ਵਿੱਚ ਸੜਕਾਂ ਦਾ ਨਿਰਮਾਣ, ਸਟਰੀਟ ਲਾਈਟਾਂ, ਸੁਰੱਖਿਆ ਲਈ ਸੀ:ਸੀ:ਟੀ:ਵੀ ਕੈਮਰੇ ਅਤੇ ਗਲੀਆਂ ਆਦਿ ਨਿਰਮਾਣ ਕੰਮ ਤੇਜੀ ਨਾਲ ਹੋ ਰਹੇ ਹਨ ਅਤੇ ਭਵਿੱਖ ਵਿੱਚ ਸ਼ਹਿਰ ਵਾਸੀਆਂ ਦੀ ਰਾਏ ਅਨੁਸਾਰ ਕੰਮ ਕੀਤਾ ਜਾਵੇਗਾ।           ਸ੍ਰ ਧਾਲੀਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਸ਼ਹਿਰ ਵਿੱ ਸ਼ਰਾਰਤੀ ਅਨਸਰਾਂ ਤੇ ਤਿੱਖੀ ਨਜਰ ਰੱਖੀ ਜਾਵੇ ਅਤੇ ਲੁੱਟ ਖੋਹ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਬਿਜਲੀਆਂ ਦੀ ਢਿੱਲੀਆਂ ਤਾਰਾਂ ਦੀ ਮੁਰੰਮਤ ਹੁਣ ਤੋਂ ਸ਼ੁਰੂ ਕਰ ਦਿੱਤੀ ਜਾਵੇ। ਉਨ੍ਹਾ  ਕਿਹਾ ਕਿ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾਵੇਗੀ।           ਸ੍ਰ ਧਾਲੀਵਾਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਸ ਸਰਹੱਦੀ ਸ਼ਹਿਰ ਕਦੇ ਵੀ ਸਾਰ ਨਹੀਂ ਲਈ ਜਿਸ ਕਾਰਨ ਇਹ ਸ਼ਹਿਰ ਬਾਕੀ ਪੰਜਾਬ ਨਾਲੋਂ ਬਹੁਤ ਪੱਛੜ ਗਿਆ ਸੀ। ਉਨ੍ਹਾ  ਕਿਹਾ ਕਿ ਸੂਬੇ ਵਿੱਚ ਜਦੋਂ ਦੀ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੌਂਦ ਵਿੱਚ ਆਈ ਹੈ ਉਦੋਂ ਤੋਂ ਇਸ ਸ਼ਹਿਰ ਦਾ ਵਿਕਾਸ ਤੇਜੀ ਨਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਸਹਿਰ ਲਈ ਦਿਲ ਖੋਲ ਕੇ ਗ੍ਰਾਂਟਾਂ ਦਿੱਤੀਆਂ ਹਨ ਜਿਸ ਨਾਲ ਅਜਨਾਲਾ ਦੇ ਚਾਰ ਚੁਫੇਰੇ ਸੜਕਾਂ ਦਾ ਨਵਾਂ ਜਾਲ ਵਿਛ ਗਿਆ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਸ਼ਹਿਰ ਵਾਸੀਆਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।           ਇਸ ਮੌਕੇ ਸ੍ਰ ਖੁਸ਼ਪਾਲ ਸਿੰਘ ਧਾਲੀਵਾਲ, ਨਗਰ ਪੰਚਾਇਤ ਪ੍ਰਧਾਨ ਜਸਪਾਲ ਸਿੰਘ ਢਿਲੋਂ, ਆਮ ਆਦਮੀ ਪਾਰਟੀ ਦੇ ਸ਼ਹਿਰ ਪ੍ਰਧਾਨ ਸ੍ਰੀ ਅਮਿਤ ਔਲ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸ੍ਰੀ ਸ਼ਿਵਦੀਪ ਸਿੰਘ ਚਾਹਲ, ਸਰਪੰਚ ਲਾਲੀ ਨਾਨੋਕੇ ਵੀ ਹਾਜਰ ਸਨ।

ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਜ਼ਿਲ੍ਹਾ ਸੰਗਰੂਰ ਨੂੰ 2.08 ਕਰੋੜ ਰੁਪਏ ਜਾਰੀ: ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ...