ਜਾਪਾਨ ਨਾਲ ਕਾਰੋਬਾਰੀ ਰਿਸ਼ਤੇ ਹੋਰ ਮਜ਼ਬੂਤ ਕਰਨ ਵੱਲ ਵਧ ਰਿਹਾ ਪੰਜਾਬ: ਅਮਨ ਅਰੋੜਾ

  • ਕੈਬਨਿਟ ਮੰਤਰੀ ਨੇ ਕਿਹਾ, ਪੰਜਾਬ ਵਿੱਚ ਵਪਾਰ ਲਈ ਮਾਹੌਲ ਸਾਜ਼ਗਾਰ ਅਤੇ ਕਾਰੋਬਾਰ ਦੀਆਂ ਅਥਾਹ ਸੰਭਾਵਨਾਵਾਂ
  •  ਪੰਜਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੇ ਪਹਿਲੇ ਦਿਨ “ਜਾਪਾਨ- ਪਾਰਟਨਰ ਕੰਟਰੀ” ਸੈਸ਼ਨ ਦੀ ਕੀਤੀ ਪ੍ਰਧਾਨਗੀ
  • ਕਾਰੋਬਾਰ ਲਈ ਸੌਖਾਲਾ ਮਾਹੌਲ, ਮਜ਼ਬੂਤ ਬੁਨਿਆਦੀ ਢਾਂਚੇ ਤੱਕ ਪਹੁੰਚ ਅਤੇ ਸ਼ਾਸਨ ਵਿੱਚ ਪਾਰਦਰਸ਼ਤਾ ਮਾਨ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ: ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ

Presiding Japan Partner Country ਪੰਜਾਬ ਵਿੱਚ ਕਾਰੋਬਾਰ ਲਈ ਮਾਹੌਲ ਸਾਜ਼ਗਾਰ ਹੋਣ ਦੀ ਗੱਲ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਵਿੱਚ ਨਿਵੇਸ਼ ਲਈ ਢੁੱਕਵਾਂ ਮਾਹੌਲ ਸਿਰਜਣ ਦੇ ਨਾਲ ਨਾਲ ਪੰਜਾਬ ਤੇ ਜਾਪਾਨ ਦਰਮਿਆਨ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਵਾਸਤੇ ਲਗਾਤਾਰ ਠੋਸ ਉਪਰਾਲੇ ਕਰ ਰਹੀ ਹੈ।

ਇੰਡੀਅਨ ਸਕੂਲ ਆਫ ਬਿਜ਼ਨਸ (ਆਈ.ਐਸ.ਬੀ.), ਮੋਹਾਲੀ ਵਿਖੇ ਕਰਵਾਏ ਗਏ 5ਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023 ਦੇ ਪਹਿਲੇ ਦਿਨ “ਜਾਪਾਨ- ਪਾਰਟਨਰ ਕੰਟਰੀ” ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਕਾਰੋਬਾਰ ਨੂੰ ਹੋਰ ਸੌਖਾਲਾ ਬਣਾਉਣਾ, ਰੋਜ਼ਗਾਰ ਦੇ ਢੁਕਵੇਂ ਮੌਕੇ ਪੈਦਾ ਕਰਨਾ, ਮਜ਼ਬੂਤ ਬੁਨਿਆਦੀ ਢਾਂਚੇ ਤੱਕ ਪਹੁੰਚ ਅਤੇ ਸ਼ਾਸਨ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣਾ ਪੰਜਾਬ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਹਨ।

ਕੌਮੀ ਆਰਥਿਕ ਵਿਕਾਸ ਵਿੱਚ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਕੁੱਲ ਰਕਬਾ ਭਾਰਤ ਦੇ ਭੂਮੀ ਖੇਤਰ ਦਾ ਮਹਿਜ਼ 1.5 ਫੀਸਦ ਬਣਦਾ ਹੈ ਪਰ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿੱਚ ਸੂਬੇ ਦਾ ਯੋਗਦਾਨ 3 ਫੀਸਦ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੌਮਾਂਤਰੀ ਪੱਧਰ ਉਤੇ ਕਾਰੋਬਾਰ ਵਾਲੀ ਨਵੀਂ ਥਾਂ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਾਰਤ ਦੇ ਅੰਨ ਭੰਡਾਰ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਕੇਂਦਰੀ ਪੂਲ ਦੇ ਅਨਾਜ ਵਿੱਚ ਸੂਬਾ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। Presiding Japan Partner Country

ਪੰਜਾਬ ਵਿੱਚ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ, ਟੈਕਸਟਾਈਲ, ਸਾਈਕਲ ਨਿਰਮਾਣ, ਇੰਜਨੀਅਰਿੰਗ, ਆਟੋ ਕੰਪੋਨੈਂਟਸ, ਮਸ਼ੀਨ ਟੂਲਜ਼, ਫਾਰਮਾਸਿਊਟੀਕਲ, ਆਈ.ਟੀ. ਅਤੇ ਸੈਰ-ਸਪਾਟਾ ਖੇਤਰ ਵਿੱਚ ਅਥਾਹ ਸਮਰੱਥਾ ਹੈ ਅਤੇ ਪੰਜਾਬ ਦੀ ਅਰਥਵਿਵਸਥਾ ਦੇਸ਼ ਵਿੱਚ ਤੇਜ਼ੀ ਨਾਲ ਅੱਗੇ ਵਧ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜਾਪਾਨ ਨਾਲ ਲੰਬੇ ਸਮੇਂ ਤੋਂ ਸੱਭਿਆਚਾਰਕ ਅਤੇ ਦੁਵੱਲੇ ਵਪਾਰਕ ਸਬੰਧ ਚੱਲੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵੱਲੋਂ ਜਾਪਾਨ ਨੂੰ 336 ਕਰੋੜ ਰੁਪਏ ਦੀਆਂ ਵਸਤਾਂ ਬਰਾਮਦ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਾਪਾਨ, ਉਦਯੋਗੀਕਰਨ ਅਤੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਾਸਤੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ।
ਡੈਲੀਗੇਟਾਂ ਨੂੰ ਨਿਵੇਸ਼ ਲਈ ਬਿਹਤਰੀਨ ਸੂਬੇ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਨੇ ਪੰਜਾਬ ਨੂੰ ਵਪਾਰ ਲਈ ਸਭ ਤੋਂ ਸੁਰੱਖਿਅਤ ਸਥਾਨ ਦੱਸਿਆ।

ਸੂਬੇ ਵਿੱਚ 100 ਤੋਂ ਵੱਧ ਜਾਪਾਨੀ ਵਪਾਰਕ ਅਦਾਰਿਆਂ ਦੇ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਦੀ ਇੰਡਸਟਰੀ ਵੱਲੋਂ ਨਿਰਮਾਣ, ਟੈਕਨਾਲੋਜੀ, ਮਾਰਕੀਟ ਸਹਾਇਤਾ ਜਿਹੇ ਖੇਤਰਾਂ ਵਿੱਚ ਜਾਪਾਨ ਦੇ ਉਦਯੋਗਾਂ ਨਾਲ ਕੀਤੀ ਭਾਈਵਾਲੀ ਸਫ਼ਲ ਰਹੀ ਹੈ। ਸੂਬੇ ਵਿੱਚ ਨਿਵੇਸ਼ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਵਿੱਚ ਆਈਚੀ ਸਟੀਲਜ਼- ਸਟੀਲ ਆਰਮ ਆਫ਼ ਟੋਇਟਾ, ਯਾਨਮਾਰ, ਐਸਐਮਐਲ ਇਸੂਜ਼ੂ, ਟੋਪਾਨ, ਮਿਤਸੂਈ, ਗੁਨਮਾ ਸੇਈਕੋ ਐਂਡ ਕੋਇਓ ਸ਼ਾਮਲ ਹਨ।

ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਅਮਿਤ ਢਾਕਾ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਦਿੱਤੇ ਜਾ ਰਹੇ ਪ੍ਰੋਤਸਾਹਨ ਅਤੇ ਹੋਰ ਸੇਵਾਵਾਂ ਬਾਰੇ ਪੇਸ਼ਕਾਰੀ ਦਿੰਦੇ ਹੋਏ ਕਿਹਾ ਕਿ  ਬਿਜਲੀ ਸਰਪਲੱਸ ਸੂਬੇ ਪੰਜਾਬ ਵਿੱਚ ਬਿਜਲੀ ਡਿਊਟੀ ਵਿੱਚ ਛੋਟ ਦੇ ਨਾਲ-ਨਾਲ ਲੈਂਡ ਡਿਵੈੱਲਪਮੈਂਟ ਚਾਰਜ ਅਤੇ ਸਟੈਂਪ ਡਿਊਟੀ ਤੋਂ 100 ਫੀਸਦ ਛੋਟ/ਮੁਆਵਜ਼ੇ ਦੀ ਸਹੂਲਤ ਵੀ ਦੇ ਰਿਹਾ ਹੈ। ਪੰਜਾਬ ਵਿੱਚ ਬਿਹਤਰੀਨ ਸੜਕ ਨੈੱਟਵਰਕ ਦੇ ਨਾਲ ਨਾਲ ਉੱਤਮ ਲਾਜਿਸਟਿਕਸ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਦੋ ਅੰਤਰਰਾਸ਼ਟਰੀ ਅਤੇ ਚਾਰ ਘਰੇਲੂ ਹਵਾਈ ਅੱਡੇ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਕੰਮ ਕਰ ਰਹੀਆਂ ਜਾਪਾਨੀ ਕੰਪਨੀਆਂ ਨੂੰ ਪੁਖ਼ਤਾ ਤੇ ਸੁਚਾਰੂ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਸੂਬਾ ਸਰਕਾਰ ਨੇ ਇਨਵੈਸਟ ਪੰਜਾਬ ਵਿਖੇ ਇੱਕ ਸਮਰਪਿਤ ਜਾਪਾਨ ਡੈਸਕ ਸਥਾਪਤ ਕੀਤਾ ਹੈ, ਜੋ ਇੱਕੋ ਥਾਂ ’ਤੇ ਸਾਰੇ ਨਵੇਂ ਅਤੇ ਮੌਜੂਦਾ ਨਿਵੇਸ਼ਕਾਂ ਨੂੰ ਸੰਪਰਕ ਉਪਲਬਧ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜਾਪਾਨੀ ਨਿਵੇਸ਼ ਲਈ ਸੂਬੇ ਅੰਦਰ ਜਾਪਾਨ ਸਪੈਸੀਫਿਕ ਉਦਯੋਗਿਕ ਟਾਊਨਸ਼ਿਪ ਵੀ ਵਿਕਸਤ ਕਰ ਸਕਦਾ ਹੈ, ਜਿਸ ਤਹਿਤ ਜ਼ਮੀਨ, ਬਿਜਲੀ, ਪਾਣੀ, ਆਸਾਨ ਸੜਕ ਸੰਪਰਕ ਅਤੇ ਪਹਿਲਾਂ ਤੋਂ ਪ੍ਰਵਾਨਿਤ ਮਨਜ਼ੂਰੀਆਂ ਆਦਿ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇਗਾ।

ਇਸ ਦੌਰਾਨ ਮੰਤਰੀ ਅਤੇ ਜਾਪਾਨ ਦੇ ਮਿਸ਼ਨ ਅੰਬੈਸੀ ਦੇ ਡਿਪਟੀ ਚੀਫ ਸ੍ਰੀ ਕੇ. ਕਵਾਜ਼ੂ ਨੇ ਇਹ ਸ਼ਾਨਦਾਰ ਸਮਾਗਮ ਕਰਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਸ ਨਾਲ ਪੰਜਾਬ ਅਤੇ ਜਾਪਾਨ ਦਰਮਿਆਨ ਵਪਾਰਕ ਸਬੰਧਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਇਸ ਦੌਰਾਨ ਸ੍ਰੀ ਅਮਨ ਅਰੋੜਾ ਨੇ ਸ੍ਰੀ ਕਵਾਜ਼ੂ, ਵਾਈਸ ਚੇਅਰਮੈਨ/ਐਮਡੀ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਸ੍ਰੀ ਸਚਿਤ ਜੈਨ, ਜਨਰਲ ਮੈਨੇਜਰ ਐਨਰਜੀ ਡਿਵੀਜ਼ਨ ਮਿਤਸੁਈ ਐਂਡ ਕੰਪਨੀ ਇੰਡੀਆ ਪ੍ਰਾਈਵੇਟ ਲਿਮ. ਤਾਇਸ਼ੀ ਕਵਾਈ, ਡਾਇਰੈਕਟਰ ਓ.ਜੇ.ਆਈ. ਇੰਡੀਆ ਪੈਕੇਜਿੰਗ ਪ੍ਰਾਈਵੇਟ ਲਿਮ. ਸ੍ਰੀ ਰਯੁਚੀ ਅਸਾਈ,  ਐੱਸ.ਐੱਮ.ਐੱਲ. ਇਸੂਜੂ ਲਿਮਟਿਡ ਦੇ ਐੱਮਡੀ ਸ੍ਰੀ ਜੁਨਿਆ ਯਾਮਾਨਿਸ਼ੀ ਅਤੇ ਚੀਫ ਡਾਇਰੈਕਟਰ ਜਨਰਲ ਜੀਟਰੋ ਇੰਡੀਆ ਸ੍ਰੀ ਤਾਕਸੀ ਸੁਜ਼ੂਕੀ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। Presiding Japan Partner Country

ਕੈਬਨਿਟ ਮੰਤਰੀ ਨੇ ਕਿਹਾ, ਪੰਜਾਬ ਵਿੱਚ ਵਪਾਰ ਲਈ ਮਾਹੌਲ ਸਾਜ਼ਗਾਰ ਅਤੇ ਕਾਰੋਬਾਰ ਦੀਆਂ ਅਥਾਹ ਸੰਭਾਵਨਾਵਾਂ

Also Read : ਫੀਸ ਤਰੁੱਟੀਆਂ ਕਰਕੇ  ਬੋਰਡ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਨੂੰ ਨਾਂ ਬਿਠਾਏ ਜਾਣ ਦਾ ਹਰਜੋਤ ਸਿੰਘ ਬੈਂਸ ਨੇ ਲਿਆ ਨੋਟਿਸ

[wpadcenter_ad id='4448' align='none']