ਸਾਹਿਬਜ਼ਾਦਾ ਅਜੀਤ ਸਿੰਘ ਨਗਰ, 13 ਜਨਵਰੀ, 2024:
ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਭਾਸ਼ਾ ਵਿਭਾਗ ਮੋਹਾਲੀ ਦੇ ਸਹਿਯੋਗ ਨਾਲ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁਆਧੀ ਲੇਖਕਾਂ ਦਾ ਸਨਮਾਨ ਸਮਾਰੋਹ ਕਰਵਾਇਆ। ਇਸ ਦੌਰਾਨ ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਵੱਖ-ਵੱਖ ਸਿਨਫ਼ਾ ਦੇ 8 ਲੇਖਕਾਂ ਤੇ ਕਵੀਆਂ ਨੂੰ ਨਕਦ ਰਾਸ਼ੀ ਤੇ ਸਨਮਾਨ-ਚਿੰਨ੍ਹ ਭੇਟ ਕੀਤੇ।
ਪ੍ਰੋ਼ਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਦਵਿੰਦਰ ਬੋਹਾ, ਨਾਵਲਕਾਰ ਜਸਬੀਰ ਮੰਡ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਹਾਜ਼ਰੀ ਭਰੀ। ਪ੍ਰੋਗਰਾਮ ਦਾ ਰਸਮੀ ਆਗਾਜ਼ ਬੀਬੀ ਪਰਮਜੀਤ ਕੌਰ ਲਾਂਡਰਾਂ ਤੇ ਚੰਡੀਗੜ੍ਹ ਦੇ ਪ੍ਰਧਾਨ ਸਤਵਿੰਦਰ ਸਿੰਘ ਧੜਾਕ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਹੋਇਆ।
ਉਪਰੰਤ ਆਪਣੇ ਸੰਬੋਧਨ ਵਿਚ ਡਾ.ਦਲਬੀਰ ਸਿੰਘ ਕਥੂਰੀਆ ਨੇ ਕਿਹਾ ਕਿ ਕੈਨੇਡਾ ਤੇ ਹੋਰ ਬਾਹਰਲੇ ਮੁਲਕਾਂ ਦੀ ਵੱਡੀ ਤਰੱਕੀ ਪਿੱਛੇ ਉਹਨਾਂ ਦੇਸ਼ਾਂ ਦੀ ਭਾਸ਼ਾ ਦਾ ਯੋਗਦਾਨ ਹੈ। ਵਿਕਸਿਤ ਦੇਸ਼ਾਂ ਵਿੱਚ ਜ਼ਿਆਦਾਤਰ ਉਥੋਂ ਦੀਆਂ ਆਪਣੀਆਂ ਭਾਸ਼ਾਵਾਂ ਵਿਚ ਹੀ ਸਾਰਾ ਕੰਮ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਕੋਈ ਵੀ ਭਾਸ਼ਾ ਤਦ ਹੀ ਜਿਉਂਦੀ ਰਹਿ ਸਕਦੀ ਹੈ ਜੇਕਰ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚੇ। ਉਹਨਾਂ ਅਪੀਲ ਕਰਦਿਆਂ ਕਿਹਾ ਕਿ ਆਉ ਮਿਲ ਕੇ ਸਾਰੇ ਆਪਣੀ ਮਾਂ ਬੋਲੀ ਪੰਜਾਬੀ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਪੁਆਧੀ ਭਾਸ਼ਾ ਲਈ ਇਹ ਉਪਰਾਲਾ ਕੀਤਾ ਗਿਆ, ਇਸੇ ਤਰ੍ਹਾਂ ਪੰਜਾਬੀ ਦੀਆਂ ਹੋਰ ਉਪ ਭਾਸ਼ਾਵਾਂ ਦੁਆਬੀ, ਮਲਵਈ,ਮਾਝੀ, ਪੋਠੋਹਾਰੀ ਲਈ ਵੀ ਉਪਰਾਲੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੈਨੇਡਾ ਵਿਖੇ ਜੂਨ 2024 ਵਿਚ ਹੋ ਰਹੀ ਵਿਸ਼ਵ ਪੰਜਾਬੀ ਕਾਂਨਫਰੰਸ ਵਿਸ਼ਾ ਉਪ ਭਾਸ਼ਾ ਪੁਆਧੀ ਦਾ ਪਰਚਾ ਪੇਸ਼ ਕਰਵਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਪੁਆਧੀ ਭਾਸ਼ਾ ਦੇ ਨਾਮਵਰ ਲੇਖਕਾਂ/ਕਵੀਆਂ ਡਾ.ਗੁਰਮੀਤ ਸਿੰਘ ਬੈਦਵਾਨ, ਜਸਵੀਰ ਮੰਡ, ਮਨਮੋਹਨ ਸਿੰਘ ਦਾਊਂ, ਮੋਹਿਨੀ ਤੂਰ, ਸਤੀਸ਼ ਵਿਦਰੋਹੀ, ਚਰਨ ਪੁਆਧੀ, ਲਵਲੀ ਸਲੂਜਾ ਤੇ ਭੁਪਿੰਦਰ ਮਟੌਰੀਆ ਨੂੰ ਪੁਆਧੀ ਭਾਸ਼ਾ ਦੇ ਉਘੇ ਲੇਖਕਾਂ ਨੁੰ ਪ੍ਰਚਾਰ ਤੇ ਪਸਾਰ ਲਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ 3100-3100 ਰੁਪਏ ਨਕਦ, ਇੱਕ-ਇੱਕ ਫੁਲਕਾਰੀ, ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲਾ ਭਾਸ਼ਾ ਅਫ਼ਸਰ ਡਾ.ਦਵਿੰਦਰ ਸਿੰਘ ਸਿੰਘ ਬੋਹਾ ਨੇ ਪੁਆਧੀ ਲੋਕਾਂ ਦੀ ਤਰੀਫ਼ ਕਰਦੇ ਹੋਏ ਕਿਹਾ ਕਿ ਲੋਕ ਬੜੇ ਮਿਲਣਸਾਰ, ਇਮਾਨਦਾਰ ਤੇ ਭੋਲੇ ਭਾਲੇ ਹਨ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬੀ ਭਾਸ਼ਾ ਦੇ ਨਾਲ ਨਾਲ ਅਸੀਂ ਆਪਣੀਆਂ ਉਪ ਭਾਸ਼ਾਵਾਂ ਨੂੰ ਬਚਾ ਕੇ ਰੱਖੀਏ। ਉਨ੍ਹਾ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਜਿਸ ਤਰ੍ਹਾਂ ਮਾਂ ਬੋਲੀ ਦੀ ਸੇਵਾ ਕਰ ਰਹੀ ਹੈ ਉਸ ਤੋਂ ਇੰਝ ਜਾਪਦਾ ਹੈ ਕਿ ਪੰਜਾਬੀ ਮਾਂ ਬੋਲੀ ਦਾ ਪਸਾਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਹੋਰ ਲੰਮੇਰਾ ਹੋਵੇਗਾ। ਇਸ ਦੌਰਾਨ ਡਾ.ਗੁਰਮੀਤ ਸਿੰਘ ਬੈਦਵਾਣ ਨੇ ਪੁਆਧੀ ਬੋਲੀ ਦੀ ਪੰਜਾਬੀ ਸਾਹਿਤ ਨੂੰ ਦੇਣ ਤੇ ਸੰਭਾਵਨਾਵਾਂ ਵਿਸ਼ੇ ਜਦਕਿ ਪ੍ਰਿੰਸੀਪਲ ਲਵਲੀ ਸਲੂਜਾ ਨੇ ‘ਪੁਆਧੀ ਭਾਸ਼ਾ ਦਾ ਲੋਕਯਾਨਿਕ ਪੱਖ’ ਦੇ ਸੰਦਰਭ ਵਿੱਚ ਪਰਚੇ ਪੜ੍ਹੇ। ਗੁਰਮੀਤ ਸਿੰਘ ਬੈਦਵਾਣ ਨੇ ਪੰਜਾਬੀ ਭਾਸ਼ਾ ਤੇ ਉਪ ਭਾਸ਼ਾ ਪੁਆਧੀ ਦੇ ਨਿਕਾਸ ਤੇ ਵਿਕਾਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ। ਵਿਸ਼ਵ ਪੰਜਾਬੀ ਸਭਾ ਭਾਰਤ ਦੇ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕੈਨੇਡਾ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਆਪਣੇ ਸਭਿਆਚਾਰ, ਵਿਰਸੇ ਤੇ ਪੰਜਾਬੀ ਬੋਲੀ ਨਾਲ ਜੋੜਨਾ ਹੈ। ਕੁੰਜੀਵਤ ਭਾਸ਼ਣ ਸਭਾ ਦੇ ਬਰੈਂਡ ਅੰਬੈਸਡਰ ਬਾਲ ਮੁਕੰਦ ਸ਼ਰਮਾ (ਫਿਲਮੀ ਐਕਟਰ ਤੇ ਕਮੇਡੀ ਕਲਾਕਾਰ) ਨੇ ਦਿੱਤਾ। ਉਹਨਾਂ ਆਪਣੇ ਵਿਚਾਰਾਂ ਵਿੱਚ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਉਹਨਾਂ ਪੁਆਧੀ ਬੋਲੀ ਲੇਖਕਾਂ ਨੂੰ ਪਰਚੇ ਭੇਜਣ ਲਈ ਕਿਹਾ। ਸਤਵਿੰਦਰ ਸਿੰਘ ਧੜਾਕ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਇਕਾਈ ਚੰਡੀਗੜ੍ਹ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ ਤੇ ਪਹੁੰਚੇ ਸਾਰੇ ਮਹਿਮਾਨਾਂ ਤੇ ਕਵੀਆਂ ਦਾ ਧੰਨਵਾਦ ਕੀਤਾ। ਪੰਜਾਬੀ ਦੀ ਮਸ਼ਹੂਰ ਗਾਇਕਾ ਸੁੱਖੀ ਬਰਾੜ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਤੇ ਜਾਣਕਾਰੀ ਇਕੱਤਰ ਕਰ ਰਹੀ ਹੈ। ਉਹਨਾਂ ਪੰਜਾਬੀ ਨੂੰ ਸਮਰਪਿਤ ਗੀਤ ਵੀ ਪੇਸ਼ ਕੀਤਾ। ਇਸ ਮੌਕੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਟੀਮ ਦੇ ਮੈਂਬਰ ਕੰਵਲਜੀਤ ਸਿੰਘ ਲੱਕੀ ਜਨਰਲ ਸਕੱਤਰ,ਭਾਰਤ, ਗਿਆਨ ਸਿੰਘ ਸਾਬਕਾ ਡੀ ਪੀ ਆਰ ਓ, ਅਜੀਤ ਕਮਲ ਸਿੰਘ, ਐਡਵੋਕੇਟ ਸੰਦੀਪ ਸ਼ਰਮਾ, ਐਡਵੋਕੇਟ ਰਵਿੰਦਰ ਸਿੰਘ ਸੈਂਪਲਾ , ਭਗਤ ਰਾਮ ਰੰਗੜਾ, ਮਨਜੀਤਪਾਲ ਸਿੰਘ ਪ੍ਰਿੰਸੀ, ਬਹਾਦਰ ਸਿੰਘ ਗੋਸਲ, ਸਾਹਿਬਾ ਜੀਟਨ ਕੌਰ, ਸੋਨੀਆ ਭਾਰਤੀ, ਸੁੰਦਰਪਾਲ ਰਾਜਾਸਾਂਸੀ ਤੇ ਸੁਖਵਿੰਦਰ ਸਿੰਘ ਪਟਿਆਲਾ ਮੌਜੂਦ ਸਨ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੀ ਪਹਿਲੀ ਵਰੇਗੰਢ ਮੌਕੇ ਸ਼ਾਮਿਲ ਹੋਏ ਲੇਖਕਾਂ, ਕਵੀਆਂ ਨੂੰ ਲੋਹੜੀ ਵੰਡੀ ਗਈ। ਭਾਸ਼ਾ ਵਿਭਾਗ , ਮੋਹਾਲੀ ਵੱਲੋਂ ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।