ਫਰੀਦਕੋਟ, 20 ਜੂਨ, ਪੰਜਾਬ ਐਂਡ ਸਿੰਧ ਬੈਂਕ ਨੇ ਆਪਣਾ 117 ਸਥਾਪਨਾ ਦਿਵਸ ਮਨਾਇਆ। ਬੈਂਕ ਦੇ ਜੋਨਲ ਮੈਨੇਜਰ ਆਸ਼ੀਸ਼ ਰੰਜਨ ਦੀ ਰਹਿਨਮਾਈ ਵਿੱਚ ਬੈਂਕ ਦੀ ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਪਿੰਡ ਚਹਿਲ ਵਿਖੇ 117 ਪੌਦੇ ਲਗਾਏ ਗਏ।
ਇਸ ਮੌਕੇ ਜੋਨਲ ਮੈਨੇਜਰ ਆਸ਼ੀਸ਼ ਰੰਜਨ ਨੇ ਕਿਹਾ ਕਿ ਅੱਜ ਸਾਨੂੰ ਦੁਨੀਆ ਦੇ ਵੱਧ ਰਹੇ ਤਾਪਮਾਨ ਤੋਂ ਬਚਾਓ ਕਰਨ ਲਈ ਵੱਧ ਤੋਂ ਵੱਧ ਪੌਦੇ ਲਾਉਣ ਦੀ ਜਰੂਰਤ ਹੈ । ਉਨ੍ਹਾਂ ਕਿਹਾ ਕਿ ਜੋ ਪੇਂਡੂ ਸਵੈ ਰੁਜਗਰ ਸਿਖਲਾਈ ਸੰਸਥਾ ਵਿੱਚ 117 ਪੌਦੇ ਲਗਾਏ ਗਏ ਹਨ, ਦੀ ਪੂਰੀ ਦੇਖਭਾਲ ਕੀਤੀ ਜਾਵੇਗੀ ਅਤੇ ਇਸ ਨੂੰ ਪੂਰਾ ਪ੍ਰਫੱਲਤ ਕਰਨ ਲਈ ਪੂਰੀ ਕੋਸ਼ਿਸ਼ ਰਹੇਗੀ।
ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਦਾ ਬੈਂਕ ਆਪਣਾ 117 ਸਥਾਪਨਾ ਦਿਵਸ ਮਨਾ ਰਿਹਾ ਹੈ ਅੱਜ ਤੋਂ 117 ਸਾਲ ਪਹਿਲਾਂ ਜਦੋਂ ਇਸ ਬੈਂਕ ਦੀ ਸਥਾਪਨਾ ਹੋਈ ਸੀ ਤਾਂ ਇਹ ਮੌਜੂਦਾ ਪਾਕਿਸਤਾਨ ਦੇ ਸ਼ਹਿਰ ਲਾਹੌਰ ਵਿਖੇ ਅਤੇ ਅੰਮ੍ਰਿਤਸਰ ਵਿਖੇ ਸ਼ੁਰੂਆਤ ਕੀਤੀ ਗਈ ਸੀ। ਇਸ ਬੈਂਕ ਦਾ ਇਹ ਇਤਿਹਾਸ ਰਿਹਾ ਹੈ ਕਿ ਭਾਰਤ ਪਾਕ ਵੰਡ ਉਪਰੰਤ ਵੀ ਜਿਹੜੇ ਲੋਕਾਂ ਦੇ ਖਾਤੇ ਪਾਕਿਸਤਾਨ ਵਿਖੇ ਰਹਿ ਗਏ ਸਨ ਅਤੇ ਉਹ ਲੋਕ ਆਪ ਹਿੰਦੁਸਤਾਨ ਆ ਗਏ ਸਨ ਤਾਂ ਉਹਨਾਂ ਦੇ ਬਕਾਏ ਉਹਨਾਂ ਦੀਆਂ ਰਕਮਾਂ ਉਹਨਾਂ ਨੂੰ ਦਿੱਤੀਆਂ ਗਈਆਂ ਸਨ ।
ਉਸ ਮੌਕੇ ਬਹੁਤ ਸਾਰੇ ਜਰੂਰਤਮੰਦਾਂ ਦੀ ਵੀ ਬੈਂਕ ਨੇ ਅਲੱਗ ਅਲੱਗ ਤਰੀਕਿਆਂ ਨਾਲ ਮਦਦ ਕੀਤੀ ਅੱਜ ਇਸ ਬੈਂਕ ਦੀਆਂ ਪੂਰੇ ਹਿੰਦੁਸਤਾਨ ਵਿੱਚ 1553 ਬਰਾਂਚਾਂ ਅਤੇ 600 ਤੋਂ ਵੱਧ ਏ.ਟੀ.ਐਮ ਮਸ਼ੀਨਾਂ ਕੰਮ ਕਰ ਰਹੀਆਂ ਹਨ। ਬੈਂਕ ਦੁਆਰਾ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕਰਨ ਲਈ ਸਮੇਂ ਸਮੇਂ ਤੇ ਵਿਸ਼ੇਸ਼ ਯੋਗਦਾਨ ਦਿੱਤਾ ਜਾਂਦਾ ਹੈ ਬੈਂਕ ਹਰ ਸਾਲ ਇੱਕ ਵੱਡੀ ਰਾਸ਼ੀ ਮੁਨਾਫੇ ਦੇ ਤੌਰ ਤੇ ਕਮਾਉਂਦਾ ਹੈ ਜਿਸ ਨੂੰ ਲੋਕਾਂ ਦੇ, ਬੈਂਕ ਮੁਲਾਜ਼ਮਾਂ ਦੇ ਅਤੇ ਸਰਕਾਰ ਦੇ ਭਲੇ ਲਈ ਵਰਤਿਆ ਜਾਂਦਾ ਹੈ ।ਉਹਨਾਂ ਕਿਹਾ ਕਿ ਬੈਂਕ ਨੇ ਮੌਜੂਦਾ ਸਮੇਂ ਵਿੱਚ ਵੀ ਕੇਂਦਰ ਸਰਕਾਰ ਦੁਆਰਾ ਲੋਕ ਭਲਾਈ ਦੀਆਂ ਚਲਾਈਆਂ ਗਈਆਂ ਸਕੀਮਾਂ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਹੈ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਲਾਭਵੰਦ ਬਣਾਇਆ।
ਇਸ ਮੌਕੇ ਪੇਂਡੂ ਸਵੈ ਰੁਜਗਾਰ ਸਿਖਲਾਈ ਸੰਸਥਾ ਦੇ ਡਾਇਰੈਕਟਰ ਪਰਮਜੀਤ ਸਿੰਘ ਘਾਰੂ ਨੇ ਦੱਸਿਆ ਕਿ ਬੈਂਕ ਦੁਆਰਾ ਲੋਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਡਿਜੀਟਲ ਬੈਂਕਿੰਗ ਯੂਨਿਟ ਵੀ ਸਥਾਪਿਤ ਕੀਤੇ ਗਏ ਹਨ ਜੋ ਕਿ ਪੂਰੇ ਦੇਸ਼ ਵਿੱਚ 75 ਯੂਨਿਟ ਹਨ ਜਿਨਾਂ ਵਿੱਚੋਂ ਪੰਜਾਬ ਵਿੱਚ ਤਿੰਨ ਯੂਨਿਟ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਬਿਹਤਰ ਸੇਵਾਵਾਂ ਦੇ ਰਹੇ ਹਨ।
ਇਸ ਮੌਕੇ ਚੀਫ ਮੈਨੇਜਰ ਨਰਪਤ ਮਾਇਲ, ਐਲਡੀਐਮ ਰਾਮੇਸ਼ਵਰ ,ਨੋਡਲ ਅਫਸਰ ਹਰਪ੍ਰੀਤ ਸਿੰਘ, ਮੈਨੇਜਰ ਕੇਸ਼ਵ ਅਰੋੜਾ, ਅਰਵਿੰਦਰ ਕੌਰ, ਮੀਨਾਕਸ਼ੀ, ਰਾਜਦੀਪ ਸਿੰਘ, ਅਮਨਦੀਪ ਸਿੰਘ, ਚੀਫ ਮੈਨੇਜਰ ਮੇਨ ਬਰਾਂਚ ਪੰਜਾਬ ਐਂਡ ਸਿੰਧ ਬੈਂਕ ਸੁਖਵਿੰਦਰਜੀਤ ਸਿੰਘ ਅਤੇ ਹੋਰ ਸਟਾਫ ਹਾਜ਼ਰ ਸਨ।