Punjab BJP Chief Jakhar Resigned
ਪੰਜਾਬ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਚਰਚਾਵਾਂ ਚੱਲ ਰਹੀਆਂ ਸਨ ਕਿ ਭਾਜਪਾ ਆਪਣਾ ਪ੍ਰਧਾਨ ਬਦਲਣ ਦੀ ਤਿਆਰੀ ਕਰ ਰਹੀ ਹੈ ਤੇ ਅਜਿਹਾ ਚਿਹਰਾ ਭਾਲ ਰਹੀ ਹੈ ਜਿਸ ਦੀ ਪਕੜ ਪਿੰਡਾਂ ਤੇ ਸ਼ਹਿਰਾਂ ‘ਚ ਬਰਾਬਰ ਹੋਵੇ ਤਾਂ ਭਾਜਪਾ ਨੂੰ ਲੱਗਦਾ ਨਵਾਂ ਪ੍ਰਧਾਨ ਦਾ ਅਜਿਹਾ ਚਿਹਰਾ ਮਿਲ ਗਿਆ ਹੈ। ਇਸੇ ਲਈ ਖ਼ਬਰ ਆਈ ਹੈ ਕਿ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸੁਨੀਲ ਜਾਖੜਨੂੰ ਅਜੇ ਸਾਲ ਪਹਿਲਾਂ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ। ਜਾਖੜ ਦੇ ਅਸਤੀਫ਼ੇ ਨਾਲ ਭਾਜਪਾ ਪੰਚਾਇਤ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਵਿਹੂਣੀ ਹੋ ਗਈ ਹੈ। ਦੈਨਿਕ ਭਾਸਕਰ ਦੀ ਰਿਪੋਰਟ ਦੇ ਮੁਤਾਬਕ ਜਾਖੜ ਰਵਨੀਤ ਬਿੱਟੂ ਨੂੰ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਸਨ।
ਜਾਖੜ ਪੰਚਾਇਤ ਚੋਣਾਂ ਬਾਰੇ ਰਣਨੀਤੀ ਘੜਨ ਤੇ ਵਿਚਾਰ ਚਰਚਾ ਲਈ ਸੱਦੀ ਪਾਰਟੀ ਦੀ ਅਹਿਮ ਬੈਠਕ ’ਚੋਂ ਵੀ ਅੱਜ ਗ਼ੈਰਹਾਜ਼ਰ ਰਹੇ। ਸੂਤਰਾਂ ਮੁਤਾਬਕ ਪੰਜਾਬ ਭਾਜਪਾ ਦੇ ਸੀਨੀਅਰ ਅਹੁਦੇਦਾਰ ਨੇ ਅੱਜ ਦੀ ਬੈਠਕ ਵਿਚ ਸ਼ਮੂਲੀਅਤ ਸਬੰਧੀ ਜਾਖੜ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਨਾ ਅੱਜ ਤੇ ਨਾ ਹੀ ਭਵਿੱਖ ਵਿਚ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਵਜੋਂ ਕਿਸੇ ਮੀਟਿੰਗ ’ਚ ਸ਼ਾਮਲ ਹੋਣਗੇ।
ਜਾਖੜ ਨਾਲ ਜਦੋਂ ਇਸ ਬਾਰੇ ਸਿੱਧਾ ਰਾਬਤਾ ਕੀਤਾ ਤਾਂ ਉਨ੍ਹਾਂ ਆਪਣੇ ਅਸਤੀਫ਼ੇ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਸੂਤਰਾਂ ਨੇ ਕਿਹਾ ਕਿ ਭਾਜਪਾ ਲੀਡਰਸ਼ਿਪ ਨੇ ਅਜੇ ਤੱਕ ਜਾਖੜ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਹੈ। ਸੂਤਰਾਂ ਦੀ ਮੰਨੀਏ ਤਾਂ ਜਾਖੜ ਨੇ ਜੁਲਾਈ ਮਹੀਨੇ ਜਲੰਧਰ ਜ਼ਿਮਨੀ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸਣੇ ਪਾਰਟੀ ਹਾਈ ਕਮਾਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਸੂਬਾਈ ਪ੍ਰਧਾਨ ਵਜੋਂ ਅੱਗੇ ਜ਼ਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਲਾਲਜੀਤ ਸਿੰਘ ਭੁੱਲਰ ਨੇ ਜੇਲ ਮੰਤਰੀ ਵਜੋਂ ਅਹੁਦਾ ਸੰਭਾਲਿਆ
ਜਾਖੜ 10 ਜੁਲਾਈ ਤੋਂ ਪੰਜਾਬ ਭਾਜਪਾ ਦੀ ਕਿਸੇ ਵੀ ਬੈਠਕ ਵਿਚ ਸ਼ਾਮਲ ਨਹੀਂ ਹੋਏ। ਪੰਜਾਬ ਵਿਚ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ’ਚੋਂ ਵੀ ਉਹ ਗੈਰਹਾਜ਼ਰ ਹਨ। ਪਾਰਟੀ ਅੰਦਰਲੇ ਸੂਤਰਾਂ ਨੇ ਕਿਹਾ ਕਿ ਜਾਖੜ ਕੁਝ ਰਵਾਇਤੀ ਭਾਜਪਾ ਆਗੂਆਂ ਨਾਲ ਅਸਹਿਜ ਮਹਿਸੂਸ ਕਰ ਰਹੇ ਸਨ ਤੇ ਅਕਸਰ ਵਿਉਂਤਬੰਦੀ ਤੇ ਰਣਨੀਤੀ ਨੂੰ ਲੈ ਕੇ ਉਨ੍ਹਾਂ ਦੀ ਰਾਇ ਨਹੀਂ ਮਿਲਦੀ ਸੀ। ਭਾਜਪਾ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚੋਂ ਇਕ ਵੀ ਸੀਟ ਜਿੱਤਣ ਵਿਚ ਨਾਕਾਮ ਰਹੀ ਸੀ ਤੇ ਪਾਰਟੀ ਨੂੰ ਜ਼ਿਮਨੀ ਚੋਣ ਵਿਚ ਨਮੋਸ਼ੀ ਝੱਲਣੀ ਪਈ ਸੀ।
Punjab BJP Chief Jakhar Resigned