Punjab CM OPEN DEBATE:
ਚੰਡੀਗੜ੍ਹ, 8 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਦੇ ਮਸਲਿਆਂ ਉਤੇ ਇਕ ਨਵੰਬਰ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ ਹੈ।
ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਪੰਜਾਬ ਦੇ ਲਹੂ ਨਾਲ ਲਥਪਥ ਹਨ ਕਿਉਂਕਿ ਇਨ੍ਹਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਕਮਾਏ ਧ੍ਰੋਹ ਲਈ ਇਨ੍ਹਾਂ ਲੀਡਰਾਂ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਪੰਜਾਬ ਦਿਵਸ ਮੌਕੇ ਪ੍ਰਸਤਾਵਿਤ ਬਹਿਸ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਲਈ ਆਖਿਆ ਜਿੱਥੇ ਉਹ ਇਨ੍ਹਾਂ ਨੇਤਾਵਾਂ ਦੇ ਪੰਜਾਬ ਵਿਰੁੱਧ ਕੱਚੇ ਚਿੱਠੇ ਖੋਲ੍ਹ ਕੇ ਅਸਲ ਚਿਹਰਾ ਜੱਗ ਜ਼ਾਹਰ ਕਰਨਗੇ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਬਠਿੰਡਾ ਨੂੰ ‘ਮਾਡਲ ਜ਼ਿਲ੍ਹੇ’ ਵਜੋਂ ਵਿਕਸਤ ਕਰਨ ਦੀ ਵਚਨਬੱਧਤਾ ਦੁਹਰਾਈ
ਮੁੱਖ ਮੰਤਰੀ ਨੇ ਕਿਹਾ, “ਖੁੱਲ੍ਹੀ ਬਹਿਸ ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਇਸ ਬਹਿਸ ਵਿੱਚ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜੇ, ਟੋਲ ਪਲਾਜ਼ੇ, ਜਵਾਨੀ-ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਦੀ ਗੱਲ ਹੋਵੇਗੀ।” ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾਵਾਂ ਨੇ ਇਨ੍ਹਾਂ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਜਿਸ ਲਈ ਇਨ੍ਹਾਂ ਨੂੰ ਸੂਬੇ ਦੇ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਇਨ੍ਹਾਂ ਨੇਤਾਵਾਂ ਨੂੰ ਪੰਜਾਬ ਵਾਸੀਆਂ ਅਤੇ ਮੀਡੀਆ ਸਾਹਮਣੇ ਖੁੱਲ੍ਹੀ ਬਹਿਸ ਲਈ ਵੰਗਾਰਿਆ ਹੈ। Punjab CM OPEN DEBATE:
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਸ ਬਹਿਸ ਲਈ ਤਿਆਰੀ ਕਰਨ ਦਾ ਖੁੱਲ੍ਹਾ ਸਮਾਂ ਹੈ ਅਤੇ ਆਪਣਾ ਬਚਾਅ ਕਰਨ ਲਈ ਕਾਗਜ਼-ਪੱਤਰ ਵੀ ਲਿਆ ਸਕਦੇ ਹੋ। ਹਾਲਾਂਕਿ, ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਲੋਕਾਂ ਦੀ ਕਚਹਿਰੀ ਵਿੱਚ ਸੱਚ ਦੀ ਗੱਲ ਕਰਨੀ ਹੈ ਜਿਸ ਕਰਕੇ ਮੈਨੂੰ ਕਿਸੇ ਕਾਗਜ਼-ਪੱਤਰ ਦਾ ਸਹਾਰਾ ਲੈਣ ਦੀ ਲੋੜ ਨਹੀਂ ਅਤੇ ਮੈਂ ਬਿਨਾਂ ਕਿਸੇ ਕਾਗਜ਼ ਦੇ ਬਹਿਸ ਵਿੱਚ ਹਿੱਸਾ ਲਵਾਂਗਾ।” ਉਨ੍ਹਾਂ ਕਿਹਾ ਕਿ ਵਿਰੋਧੀ ਨੇਤਾ ਜਿਨ੍ਹਾਂ ਚਾਹੁਣ ਰੱਟਾ ਲਾ ਲੈਣ ਕਿਉਂਕਿ ਆਖਰ ਵਿੱਚ ਉਹ ਇਕ ਨਵੰਬਰ ਨੂੰ ਬਹਿਸ ਦੌਰਾਨ ਇਨ੍ਹਾਂ ਦੇ ਗੁਨਾਹ ਬੇਪਰਦ ਕਰ ਦੇਣਗੇ। Punjab CM OPEN DEBATE: