ਫਰੀਦਕੋਟ-15 ਅਗਸਤ: ਡਿਪਟੀ ਕਮਿਸ਼ਨਰ, ਫਰੀਦਕੋਟ ਸ਼੍ਰੀ ਵਿਨੀਤ ਕੁਮਾਰ ਨੇ ਅੱਜ ਅਜ਼ਾਦੀ ਦਿਹਾੜੇ ਸਬੰਧੀ ਮਨਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨਾਲ ਕਥਿਤ ਬਦਸਲੂਕੀ ਬਾਰੇ ਮੀਡੀਆ ਦੇ ਇੱਕ ਹਿੱਸੇ ਵਿੱਚ ਆਈਆਂ ਰਿਪੋਰਟਾਂ ਨੂੰ ਸਿਰੇ ਤੋਂ ਰੱਦ ਕਰਦਿਆਂ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਜਸ਼ਨ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੀ ਹਾਜ਼ਰੀ ਤੋਂ ਬਿਨਾਂ ਕਦੇ ਸੰਪੂਰਨ ਨਹੀਂ ਹੁੰਦੇ।
ਅੱਜ ਨਹਿਰੂ ਸਟੇਡੀਅਮ ਵਿਖੇ ਸਮਾਗਮ ਦੌਰਾਨ ਦੋ-ਤਿੰਨ ਪਰਿਵਾਰਾਂ ਵੱਲੋਂ ਕੀਤੇ ਗਏ ਰੌਲੇ-ਰੱਪੇ ਨੂੰ ਮੰਦਭਾਗਾ ਕਰਾਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਪੰਜਾਬ ਸਰਕਾਰ ਦੇ ਮੁੱਖ ਟੀਚਿਆਂ ਵਿੱਚੋਂ ਇੱਕ ਟੀਚਾ ਹੈ ।
ਅਜਿਹੇ ਪਰਿਵਾਰਾਂ ਲਈ ਅੱਜ ਦੇ ਪ੍ਰੋਗਰਾਮ ਦੌਰਾਨ ਨਾਕਾਫ਼ੀ ਸਹੂਲਤਾਂ ਬਾਰੇ ਮੀਡੀਆ ਦੇ ਇੱਕ ਹਿੱਸੇ ਦੇ ਦਾਅਵਿਆਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ 100 ਸਾਲ ਤੋਂ ਵੱਧ ਉਮਰ ਦੇ ਇੱਕ ਸੁਤੰਤਰਤਾ ਸੈਨਾਨੀ ਅਤੇ 65 ਹੋਰ ਅਜ਼ਾਦੀ ਘੁਲਾਟੀਆ ਦੇ ਵੰਸ਼ਜ ਜੋ ਪਰਿਵਾਰਾਂ ਸਮੇਤ ਫ਼ਰੀਦਕੋਟ ਵਿਖੇ ਪਹੁੰਚੇ ਸੀ, ਉਨ੍ਹਾਂ ਦੀ ਸਹੂਲਤ ਲਈ ਕੁੱਲ ਛੇ ਵਿਭਾਗਾਂ ਦੀਆਂ ਸੇਵਾਵਾਂ ਲਈਆਂ ਗਈਆਂ ਸਨ ।
ਉਨ੍ਹਾਂ ਦੱਸਿਆ ਕਿ ਫਰੀਦਕੋਟ ਤੋਂ 15-18 ਕਿਲੋਮੀਟਰ ਦੂਰ ਪੈਂਦੇ ਪਿੰਡ ਭਾਣਾ ਵਿਖੇ 100 ਸਾਲ ਤੋਂ ਵੱਧ ਉਮਰ ਦੇ ਆਜ਼ਾਦੀ ਘੁਲਾਟੀਏ ਨਿਹਾਲ ਸਿੰਘ ਦੀ ਰਿਹਾਇਸ਼ ’ਤੇ ਡਾਕਟਰਾਂ ਦੀ ਵਿਸ਼ੇਸ਼ ਟੀਮ ਭੇਜੀ ਗਈ। ਇੱਕ ਵਾਰ ਚੈਕਅੱਪ ਹੋਣ ਤੋਂ ਬਾਅਦ, ਬਲਾਕ ਵਿਕਾਸ ਅਫਸਰ ਨੂੰ ਉਹਨਾਂ ਨੂੰ ਲੈਣ ਲਈ ਅਤੇ ਫਿਰ ਉਸੇ ਤਰੀਕੇ ਨਾਲ
ਉਨ੍ਹਾਂ ਦੇ ਪਿੰਡ ਛੱਡਣ ਲਈ ਗੱਡੀ ਦਾ ਪ੍ਰਬੰਧ ਕਰਕੇ ਭੇਜਿਆ ਗਿਆ ਸੀ।
ਸਮਾਗਮ ਵਿੱਚ 65 ਸੁਤੰਤਰਤਾ ਸੈਨਾਨੀਆਂ ਦੇ ਪਰਿਵਾਰਾਂ ਨੂੰ ਰਿਫਰੈਸ਼ਮੈਂਟ ਦੇਣ ਲਈ 8 ਵੇਟਰਾਂ ਦੇ ਨਾਲ ਨਾਜ਼ਰ ਸ਼ਾਖਾ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਪ੍ਰੋਗਰਾਮ ਦੌਰਾਨ ਏਨਾ ਪਰਿਵਾਰਾਂ ਨੂੰ ਲੱਡੂ ਦੇ ਪੈਕਟਾਂ ਤੋਂ ਇਲਾਵਾ ਬਿਸਕੁਟ ਅਤੇ ਬਰਫੀ ਨਾਲ ਚਾਹ ਵਰਤਾਈ ਗਈ । ਪਰਿਵਾਰ ਦੇ ਹਰੇਕ ਮੈਂਬਰ ਨੂੰ ਬੋਤਲਾਂ ਵਿੱਚ ਪਾਣੀ ਦਿੱਤਾ ਗਿਆ ਅਤੇ ਉਚੇਚ ਤੌਰ ਤੇ ਵੱਖਰੀ ਬੈਠਣ ਦੀ ਥਾਂ ਲਈ ਵਿਸ਼ੇਸ਼ ਚਾਰਦੀਵਾਰੀ ਵਿੱਚ 13 ਪੱਖੇ ਲਗਾਏ ਗਏ, ਉਹਨਾਂ ਦਾ ਆਉਣ ਦਾ ਰਸਤਾ ਵੀ ਖਾਸ ਸਿਰਫ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਵਾਸਤੇ ਰੱਖਿਆ ਗਿਆ ਸੀ।
ਇਸ ਰਾਸਤੇ ਤੋਂ ਹੋਰ ਕਿਸੇ ਨੂੰ ਲੰਘਣ ਨਹੀਂ ਦਿੱਤਾ ਗਿਆ। ਏਨਾ ਹੀ ਨਹੀਂ ਅਜ਼ਾਦੀ ਘੁਲਾਟੀਆ ਦੇ ਪਰਿਵਾਰਾਂ ਦੇ ਬੈਠਣ ਦੇ ਪ੍ਰਬੰਧਾਂ ਦੀ ਜਾਂਚ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਸਾਰੇ ਪਰਿਵਾਰਾਂ ਨੂੰ ਰਿਫਰੈਸ਼ਮੈਂਟ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਨਾਜ਼ਰ ਬਰਾਂਚ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਲਈ ਪੁਲਿਸ ਤੋਂ ਇਲਾਵਾ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਲਈ ਤਿਆਰ ਰੱਖੀ ਗਈ ਸੀ। ਉਨ੍ਹਾਂ ਅੰਤ ਵਿਚ ਇਹ ਕਿਹਾ ਕਿ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਤਕਰਾਰ ਕਰਨ ਲਈ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਪੁਲੀਸ ਅਧਿਕਾਰੀ/ ਕਰਮਚਾਰੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਇਕ ਆਜ਼ਾਦੀ ਘੁਲਾਟੀਏ ਦੇ ਪੁੱਤਰ ਬਲਦੇਵ ਸਿੰਘ ਅਤੇ ਇਕ ਹੋਰ ਕੁਲਜੀਤ ਸਿੰਘ ਬੰਬੀਹਾ, ਜਿਸ ਦੇ ਦਾਦਾ ਹਰਦਿੱਤ ਸਿੰਘ ਅਤੇ ਚਾਚਾ ਭਾਗ ਸਿੰਘ ਆਜ਼ਾਦੀ ਘੁਲਾਟੀਏ ਸਨ, ਨੇ ਕਿਹਾ ਕਿ ਉਹ ਅੱਜ ਦੇ ਪ੍ਰੋਗਰਾਮ ਤੋਂ ਬਹੁਤ ਸੰਤੁਸ਼ਟ ਹਨ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਨਹਿਰੂ ਸਟੇਡੀਅਮ ਵਿੱਚ ਕੀਤੇ ਗਏ ਪ੍ਰਬੰਧ ਮੁਕੰਮਲ ਤੌਰ ਤੇ ਤਸੱਲੀਬਖ਼ਸ ਸਨ। ਉਨ੍ਹਾਂ ਕਿਹਾ ਕਿ ਇਸ ਤੋ ਹੋਰ ਵੱਧ ਜ਼ਿਲ੍ਹਾ ਪ੍ਰਸ਼ਾਸ਼ਨ ਕੁਝ ਨਹੀਂ ਕਰ ਸਕਦਾ ਸੀ। ਉਨ੍ਹਾਂ ਜੋ ਵੀ ਪ੍ਰਬੰਧ ਕੀਤੇ ਉਹ ਹਰ ਪੱਖੋ ਸੰਪੂਰਨ ਸਨ।
ਉਨ੍ਹਾਂ ਕਿਹਾ ਕਿ ਸਿਰਫ ਕੁਝ ਕੁ ਲੋਕਾਂ ਨੇ ਮੀਡੀਆ ਦਾ ਧਿਆਨ ਖਿੱਚਣ ਲਈ ਰੌਲਾ ਪਾਇਆ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ।