ਪੰਜਾਬ ਸਰਕਾਰ ਬਿਊਟੀ ਐਂਡ ਵੈਲਨੈੱਸ ਖੇਤਰ ਵਿੱਚ ਸਥਾਪਤ ਕਰੇਗੀ ਸੈਂਟਰ ਆਫ਼ ਐਕਸੀਲੈਂਸ

ਚੰਡੀਗੜ੍ਹ, 16 ਜੁਲਾਈ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੀ ਪ੍ਰਤੀਬੱਧਤਾ ਤਹਿਤ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਬਿਊਟੀ ਐਂਡ ਵੈਲਨੈੱਸ ਦੇ ਖੇਤਰ ਵਿੱਚ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਅੱਜ ਪੀ.ਐਸ.ਡੀ.ਐਮ. ਵੱਲੋਂ ਇੱਕ ਸਾਲ ਵਿੱਚ 300 ਉਮੀਦਵਾਰਾਂ ਨੂੰ ਸਿਖਲਾਈ ਅਤੇ ਰੋਜ਼ਗਾਰ ਦੇਣ ਲਈ ਹੇਅਰ ਰੇਜ਼ਰਜ਼ ਐਲ.ਐਲ.ਪੀ. (ਟਰੈਸ ਲੌਂਜ) ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ।
ਪੰਜਾਬ ਦੇ ਰੋਜ਼ਗਾਰ ਉੱਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਪੀ.ਐਸ.ਡੀ.ਐਮ. ਦੇ ਮਿਸ਼ਨ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਸਿੰਘ ਅਤੇ ਹੇਅਰ ਰੇਜ਼ਰਜ਼ ਐਲ.ਐਲ.ਪੀ. ਦੇ ਮੈਨੇਜਿੰਗ ਡਾਇਰੈਕਟਰ ਮੁਨੀਸ਼ ਬਜਾਜ ਨੇ ਇਸ ਸਮਝੌਤੇ ‘ਤੇ ਹਸਤਾਖਰ ਕੀਤੇ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਹੇਅਰ ਰੇਜ਼ਰਜ਼ ਐਲ.ਐਲ.ਪੀ. ਵੱਲੋਂ ਉਮੀਦਵਾਰਾਂ ਨੂੰ ਮੁਫ਼ਤ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ।ਪੀ.ਐਸ.ਡੀ.ਐਮ. ਦੀ ਸੰਕਲਪ ਸਕੀਮ ਤਹਿਤ ਸਹੀਬੱਧ ਕੀਤੇ ਇਸ ਸਮਝੌਤੇ ਦਾ ਉਦੇਸ਼ ਅਸਿਸਟੈਂਟ ਹੇਅਰ ਡ੍ਰੈਸਰ ਐਂਡ ਸਟਾਈਲਿਸਟ, ਪ੍ਰੋਫੈਸ਼ਨਲ ਮੇਕਅੱਪ ਆਰਟਿਸਟ, ਅਸਿਸਟੈਂਟ ਨੇਲ ਟੈਕਨੀਸ਼ੀਅਨ, ਅਤੇ ਨੇਲ ਟੈਕਨੀਸ਼ੀਅਨ ਸਮੇਤ ਵੱਖ-ਵੱਖ ਹੁਨਰ ਵਿਕਾਸ ਕੋਰਸਾਂ ਵਿੱਚ ਸਿਖਲਾਈ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਪੀ.ਐਸ.ਡੀ.ਐਮ. ਇਸ ਸਮਝੌਤੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਾਰਗਦਰਸ਼ਨ, ਫੰਡਿੰਗ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਾਲ ਨਾਲ ਸਬੰਧਤ ਭਾਈਵਾਲਾਂ ਨਾਲ ਤਾਲਮੇਲ ਕਰੇਗਾ ਅਤੇ ਉਮੀਦਵਾਰਾਂ ਨੂੰ ਲਾਮਬੰਦ ਕਰਨ ਵਿੱਚ ਸਹਾਇਤਾ ਕਰੇਗਾ।
ਤੇਜ਼ੀ ਨਾਲ ਵੱਧ ਰਹੇ ਇਸ ਸੇਵਾ ਖੇਤਰ ਵਿੱਚ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਸਬੰਧੀ ਇਸ ਉਪਰਾਲੇ ਲਈ ਦੋਵਾਂ ਧਿਰਾਂ ਨੂੰ ਵਧਾਈ ਦਿੰਦਿਆਂ ਰੋਜ਼ਗਾਰ ਉਤਪਤੀ ਮੰਤਰੀ ਨੇ ਕਿਹਾ ਕਿ ਇਹ ਸਮਝੌਤਾ ਪੰਜਾਬ ਦੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਪ੍ਰਦਾਨ ਕਰਨ ਅਤੇ ਸੂਬੇ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ ਵੱਲ ਇੱਕ ਅਹਿਮ ਕਦਮ ਹੈ।
ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਉੱਦਮੀ ਵਿਕਾਸ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਅਤੇ ਖੁਦ ਰੋਜ਼ਗਾਰਦਾਤਾ ਬਣਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਹੁਨਰ ਵਿਕਾਸ ਰਾਹੀਂ ਨੌਜਵਾਨਾਂ ਦੀ ਰੋਜ਼ਗਾਰ ਯੋਗਤਾ ਵਧਾਉਣ ਅਤੇ ਉਨ੍ਹਾਂ ਨੂੰ ਸਵੈ-ਰੋਜ਼ਗਾਰ ਦੇ ਮੌਕਿਆਂ ਸਮੇਤ ਰੋਜ਼ਗਾਰ ਦੇ ਢੁਕਵੇਂ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨਸ਼ੀਲ ਹੈ।

ਇਸ ਸਿਖਲਾਈ ਤੋਂ ਇਲਾਵਾ ਲੋਰੀਅਲ ਵੱਲੋਂ ਉਮੀਦਵਾਰਾਂ ਨੂੰ 4 ਦਿਨਾਂ ਦੀ ਹੋਰ ਟ੍ਰੇਨਿੰਗ ਅਤੇ ਸਰਟੀਫਿਕੇਟ ਪ੍ਰਦਾਨ ਕੀਤਾ ਜਾਵੇਗਾ। ਹੇਅਰ ਰੇਜ਼ਰਜ਼ ਐਲ.ਐਲ.ਪੀ. ਕੋਲ ਬਹੁਤ ਸਾਰੇ ਹੁਨਰ ਸਿਖਲਾਈ ਕੇਂਦਰ ਹਨ ਅਤੇ ਉਹ ਸੈਂਟਰ ਆਫ਼ ਐਕਸੀਲੈਂਸ ਦੇ ਪ੍ਰਬੰਧਨ ਤੋਂ ਇਲਾਵਾ ਉਮੀਦਵਾਰਾਂ ਨੂੰ ਸਿਖਲਾਈ ਅਤੇ ਰੋਜ਼ਗਾਰ ਦੇਵੇਗਾ। ਦਿਸ਼ਾ-ਨਿਰਦੇਸ਼ਾਂ ਮੁਤਾਬਿਕ ਪ੍ਰਾਜੈਕਟ ਦੇ ਲਾਗੂਕਰਨ ਨੂੰ ਯਕੀਨੀ ਬਣਾਉਣ ਦੇ ਨਾਲ ਨਾਲ  ਪੀ.ਐਸ.ਡੀ.ਐਮ. ਵੱਲੋਂ ਨਿਯੁਕਤ ਜ਼ਿਲ੍ਹਾ ਪ੍ਰੋਗਰਾਮ ਪ੍ਰਬੰਧਨ ਯੂਨਿਟ ਵੱਲੋਂ ਇਸ ਪ੍ਰਾਜੈਕਟ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ।

[wpadcenter_ad id='4448' align='none']